ਸੜਕ ਹਾਦਸਿਆਂ ’ਚ 35 ਪਰਵਾਸੀ ਮਜ਼ਦੂਰ ਹਲਾਕ

ਯੂਪੀ ’ਚ 27 ਅਤੇ ਮੱਧ ਪ੍ਰਦੇਸ਼ ’ਚ 8 ਜਣਿਆਂ ਦੀ ਗਈ ਜਾਨ

ਔਰੱਈਆ/ਸਾਗਰ : ਉੱਤਰ ਪ੍ਰਦੇਸ਼ ਦੇ ਔਰੱਈਆ ਅਤੇ ਮੱਧ ਪ੍ਰਦੇਸ਼ ’ਚ ਅੱਜ ਵਾਪਰੇ ਪੰਜ ਵੱਖ ਵੱਖ ਸੜਕ ਹਾਦਸਿਆਂ ’ਚ 35 ਪਰਵਾਸੀ ਮਜ਼ਦੂਰ ਹਲਾਕ ਹੋ ਗਏ। ਇਨ੍ਹਾਂ ਹਾਦਸਿਆਂ ’ਚ 69 ਹੋਰ ਜਣੇ ਜ਼ਖ਼ਮੀ ਹੋਏ ਹਨ। ਔਰੱਈਆ ਨੇੜੇ ਹਾਈਵੇਅ ’ਤੇ ਅੱਜ ਤੜਕੇ ਤਿੰਨ ਅਤੇ ਸਾਢੇ ਤਿੰਨ ਵਜੇ ਦੇ ਵਿਚਕਾਰ ਵਾਪਰੇ ਹਾਦਸੇ ’ਚ 25 ਪਰਵਾਸੀ ਮਜ਼ਦੂਰ ਮਾਰੇ ਗਏ ਅਤੇ 40 ਹੋਰ ਜ਼ਖ਼ਮੀ ਹੋ ਗਏ। ਮੱਧ ਪ੍ਰਦੇਸ਼ ’ਚ ਸ਼ਨਿਚਰਵਾਰ ਨੂੰ ਹੋਏ ਤਿੰਨ ਹਾਦਸਿਆਂ ’ਚ ਚਾਰ ਔਰਤਾਂ ਸਮੇਤ ਅੱਠ ਪਰਵਾਸੀ ਮਜ਼ਦੂਰ ਮਾਰੇ ਗਏ। ਸਾਗਰ, ਗੁਨਾ ਅਤੇ ਬਰਵਾਨੀ ਜ਼ਿਲ੍ਹਿਆਂ ’ਚ ਵਾਪਰੇ ਇਨ੍ਹਾਂ ਹਾਦਸਿਆਂ ’ਚ 29 ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਮਹਾਰਾਸ਼ਟਰ ਤੋਂ ਯੂਪੀ ਵੱਲ ਜਾ ਜਾ ਰਹੇ ਮਜ਼ਦੂਰਾਂ ਦਾ ਟਰੱਕ ਸਾਗਰ ਨੇੜੇ ਪਲਟ ਗਿਆ ਜਿਸ ’ਚ ਛੇ ਵਿਅਕਤੀਆਂ ਦੀ ਮੌਤ ਅਤੇ 19 ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਟਰੱਕ ’ਚ ਕੱਪੜਿਆਂ ਦੀਆਂ ਗੱਠੜੀਆਂ ਲੱਦੀਆਂ ਹੋਈਆਂ ਸਨ ਅਤੇ ਉਨ੍ਹਾਂ ’ਚ ਮਜ਼ਦੂਰਾਂ ਨੂੰ ਤੂੜਿਆ ਹੋਇਆ ਸੀ। ਗੁਨਾ ਜ਼ਿਲ੍ਹੇ ਦੇ ਭਦੌਰਾ ਨੇੜੇ ਟੈਂਪੂ ਦੇ ਪਲਟਣ ਕਾਰਨ ਇਕ ਵਿਅਕਤੀ ਮਾਰਿਆ ਗਿਆ ਜਦਕਿ 11 ਹੋਰ ਜ਼ਖ਼ਮੀ ਹੋ ਗਏ। ਬਰਵਾਨੀ ਜ਼ਿਲ੍ਹੇ ’ਚ ਟਰੱਕ ਦੀ ਇਕ ਹੋਰ ਵਾਹਨ ਨਾਲ ਟੱਕਰ ਹੋਣ ਕਾਰਨ ਇਕ ਵਿਅਕਤੀ ਮਾਰਿਆ ਗਿਆ। ਟਰੱਕ ’ਚ 45 ਮਜ਼ਦੂਰ ਸਵਾਰ ਸਨ। ਔਰੱਈਆ ’ਚ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰਾਜਸਥਾਨ ਤੋਂ ਆ ਰਹੇ ਟਰੱਕ ਨੇ ਔਰੱਈਆ-ਕਾਨਪੁਰ ਦੇਹਾਤ ਪੱਟੀ ’ਤੇ ਤੜਕੇ ਤਿੰਨ ਅਤੇ ਸਾਢੇ ਤਿੰਨ ਵਜੇ ਦੇ ਵਿਚਕਾਰ ਉਥੇ ਖੜ੍ਹੇ ਇਕ ਹੋਰ ਟਰੱਕ ਨੂੰ ਟੱਕਰ ਮਾਰ ਦਿੱਤੀ। ਦੋਵੇਂ ਟਰੱਕਾਂ ’ਚ ਪਰਵਾਸੀ ਮਜ਼ਦੂਰ ਸਵਾਰ ਸਨ ਜੋ ਆਪਣੇ ਪਿੱਤਰੀ ਰਾਜਾਂ ਨੂੰ ਪਰਤ ਰਹੇ ਸਨ। ਪੁਲੀਸ ਮੁਤਾਬਕ ਜਦੋਂ ਹਾਦਸਾ ਵਾਪਰਿਆ ਤਾਂ ਦਿੱਲੀ ਤੋਂ ਆ ਰਹੇ ਟਰੱਕ ’ਚ ਸਵਾਰ ਕੁਝ ਕਾਮੇ ਚਾਹ ਪੀਣ ਲਈ ਰੁਕੇ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਪਲਟ ਕੇ ਇਕ ਖੱਡ ’ਚ ਡਿੱਗ ਗਏ। ਅਧਿਕਾਰੀਆਂ ਨੇ ਕਿਹਾ ਕਿ ਜ਼ਿਆਦਾਤਰ ਮਾਰੇ ਗਏ ਵਿਅਕਤੀ ਝਾਰਖੰਡ ਤੇ ਪੱਛਮੀ ਬੰਗਾਲ ਤੋਂ ਸਨ ਅਤੇ ਕੁਝ ਪੂਰਬੀ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਤੋਂ ਸਨ। ਔਰੱਈਆ ਸਰਕਲ ਅਫ਼ਸਰ ਸੁਰੇਂਦਰਨਾਥ ਯਾਦਵ ਮੁਤਾਬਕ ਟਰਾਲਰ ਟਰੱਕ ’ਚ ਕਰੀਬ 50 ਪਰਵਾਸੀ ਮਜ਼ਦੂਰ ਸਵਾਰ ਸਨ। ਸੂਬਾ ਸਰਕਾਰ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਜਦਕਿ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸੇ ਦੌਰਾਨ ਆਟੋ ਰਿਕਸ਼ਾ ’ਚ ਹਰਿਆਣਾ ਤੋਂ ਬਿਹਾਰ ਪਰਤ ਰਹੇ ਜੋੜੇ ਦੀ ਯੂਪੀ ਦੇ ਉਨਾਓ ’ਚ ਮੌਤ ਹੋ ਗਈ। ਜੋੜਾ ਜਦੋਂ ਆਟੋ ਰਿਕਸ਼ਾ ’ਚ ਤੇਲ ਭਰ ਰਿਹਾ ਸੀ ਤਾਂ ਪਿੱਛੋਂ ਦੀ ਤੇਜ਼ ਰਫ਼ਤਾਰ ਲੋਡਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ 6 ਸਾਲ ਦਾ ਬੱਚਾ ਵਾਲ ਵਾਲ ਬਚ ਗਿਆ।
-ਪੀਟੀਆਈ

ਮ੍ਰਿਤਕਾਂ ਤੇ ਜ਼ਖ਼ਮੀਆਂ ਲਈ ਮਾਲੀ ਮਦਦ ਦਾ ਐਲਾਨ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਦਫ਼ਤਰ ਨੇ ਯੂਪੀ ਵਿਚਲੇ ਸੜਕ ਹਾਦਸੇ ਦੇ ਮ੍ਰਿਤਕਾਂ ਲਈ ਦੋ-ਦੋ ਲੱਖ ਰੁਪਏ ਮਾਲੀ ਮਦਦ ਦਾ ਐਲਾਨ ਕੀਤਾ ਹੈ। ਔਰਈਆ ਹਾਦਸੇ ਦੇ ਫੱਟੜਾਂ ਲਈ ਵੀ 50-50 ਹਜ਼ਾਰ ਦੀ ਮਦਦ ਦਾ ਐਲਾਨ ਕੀਤਾ ਗਿਆ ਹੈ। ਐਕਸ ਗ੍ਰੇਸ਼ੀਆ ਮ੍ਰਿਤਕਾਂ ਦੇ ਵਾਰਿਸਾਂ ਨੂੰ ਪ੍ਰਧਾਨ ਮੰਤਰੀ ਰਾਹਤ ਫੰਡ ਵਿਚੋਂ ਦਿੱਤੀ ਜਾਵੇਗੀ।
-ਪੀਟੀਆਈ

ਸਮਾਜਵਾਦੀ ਪਾਰਟੀ ਨੇ ਹਾਦਸੇ ਨੂੰ ‘ਪਰਵਾਸੀਆਂ ਦੀ ਹੱਤਿਆ’ ਦੱਸਿਆ

ਨਵੀਂ ਦਿੱਲੀ/ਲਖਨਊ: ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਭਾਜਪਾ ਸਰਕਾਰ ’ਤੇ ਵਰ੍ਹਦਿਆਂ ਦੋਸ਼ ਲਾਇਆ ਹੈ ਕਿ ਇਹ ਹਾਦਸਾ ਨਹੀਂ ਸਗੋਂ ‘ਪਰਵਾਸੀਆਂ ਦੀ ਹੱਤਿਆ’ ਹੈ। ਪਾਰਟੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਇਕ-ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਧਰ ਬਸਪਾ ਮੁਖੀ ਮਾਇਆਵਤੀ ਅਤੇ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਪਿੱਤਰੀ ਰਾਜਾਂ ਵੱਲ ਪਰਤ ਰਹੇ ਪਰਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਹੈ। ਪ੍ਰਿਯੰਕਾ ਨੇ ਕਿਹਾ ਕਿ ਪਰਵਾਸੀਆਂ ਨੂੰ ਘਰਾਂ ’ਚ ਪਹੁੰਚਾਉਣ ਲਈ ਬੱਸਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇ ਪੀ ਨੱਢਾ, ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਹਾਦਸੇ ’ਤੇ ਅਫ਼ਸੋਸ ਪ੍ਰਗਟਾਇਆ ਹੈ।

ਲੌਕਡਾਊਨ ਦੌਰਾਨ 368 ਮਜ਼ਦੂਰ ਗੁਆ ਚੁੱਕੇ ਨੇ ਜਾਨ

ਨਵੀਂ ਦਿੱਲੀ: ਲੌਕਡਾਊਨ ਤੋਂ ਲੈ ਕੇ ਹੁਣ ਤਕ 368 ਪਰਵਾਸੀ ਮਜ਼ਦੂਰ ਹਾਦਸਿਆਂ ਦੌਰਾਨ ਆਪਣੀ ਜਾਨ ਗੁਆ ਚੁੱਕੇ ਹਨ। ਗ਼ੈਰ-ਮੁਨਾਫ਼ੇ ਵਾਲੀ ਜਥੇਬੰਦੀ ਸੇਵਲਾਈਫ ਫਾਊਂਡੇਸ਼ਨ ਮੁਤਾਬਕ 25 ਮਾਰਚ ਤੋਂ ਲੈ ਕੇ 16 ਮਈ ਸਵੇਰੇ 11 ਵਜੇ ਤੱਕ ਕਰੀਬ ਦੋ ਹਜ਼ਾਰ ਹਾਦਸੇ ਵਾਪਰ ਚੁੱਕੇ ਸਨ। ਪਿੱਤਰੀ ਘਰਾਂ ਨੂੰ ਪਰਤ ਰਹੇ 139 ਪਰਵਾਸੀ ਮਜ਼ਦੂਰਾਂ ਦੀ ਮੌਤ ਹੋਈ ਹੈ। ਜਥੇਬੰਦੀ ਦੇ ਸੀਈਓ ਪਿਯੂਸ਼ ਤਿਵਾੜੀ ਮੁਤਾਬਕ ਵਾਹਨਾਂ ਦੇ ਤੇਜ਼ ਰਫ਼ਤਾਰ ਕਾਰਨ ਪੰਜਾਬ ’ਚ 17 ਜਦਕਿ ਇਕੱਲੇ ਯੂਪੀ ’ਚ 100 ਤੋਂ ਵੱਧ ਮੌਤਾਂ ਹੋਈਆਂ ਹਨ।

ਉੱਤਰ ਪ੍ਰਦੇਸ਼ ਵਿੱਚ ਦੋ ਐੱਸਐੱਚਓਜ਼ ਮੁਅੱਤਲ

ਲਖਨਊ: ਸੜਕ ਹਾਦਸੇ ਮਗਰੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੂਬੇ ਦੇ ਦੋ ਸਰਹੱਦੀ ਪੁਲੀਸ ਥਾਣਿਆਂ ਦੇ ਐੱਸਐੱਚਓਜ਼ ਨੂੰ ਮੁਅੱਤਲ ਕਰਨ ਦੇ ਆਦੇਸ਼ ਦਿੰਦਿਆਂ ਸਬੰਧਤ ਸਰਕਲ ਦੇ ਅਧਿਕਾਰੀਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਮੁੱਖ ਮੰਤਰੀ ਨੇ ਪਰਵਾਸੀ ਮਜ਼ਦੂਰਾਂ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Leave a Reply

Your email address will not be published. Required fields are marked *