ਦੂਜੇ ਰਾਜਾਂ ‘ਚ ਫਸੇ ਟਰੱਕ ਡਰਾਈਵਰ ਹੋ ਸਕਦੇ ਹਨ ਭੁੱਖਮਰੀ ਦਾ ਸ਼ਿਕਾਰ, ਵੀਡੀਉ ਕੀਤਾ ਜਾਰੀ

ਕੋਟਕਪੂਰਾ : ਸੋਸ਼ਲ ਮੀਡੀਏ ‘ਤੇ ਵਾਇਰਲ ਹੋਏ ਦੋ ਵੀਡੀਉ ਕਲਿੱਪ ਦੇਸ਼ ਭਰ ਦੇ ਦੋ ਵੱਖ-ਵੱਖ ਹਿੱਸਿਆਂ ਦੀ ਤ੍ਰਾਸਦੀ ਵਿਲੱਖਣ ਢੰਗ ਨਾਲ ਬਿਆਨ ਕਰਦੇ ਪ੍ਰਤੀਤ ਹੋ ਰਹੇ ਹਨ।  ਇਕ ਵੀਡੀਉ ਕਲਿੱਪ ਵਿਚ ਟਰੱਕ ਡਰਾਈਵਰ ਸਿੱਖ ਨੌਜਵਾਨ ਅਪਣੇ ਟਰੱਕ ਦੇ ਮੂਹਰੇ ਖੜ ਕੇ ਦੇਸ਼ ਦੇ ਲਗਭਗ ਅੱਧੀ ਦਰਜਨ ਮੁੱਖ ਮੰਤਰੀਆਂ, ਸਮਾਜ ਸੇਵੀਆਂ ਅਤੇ ਪੰਜਾਬ ਵਾਸੀਆਂ ਨੂੰ ਹਾੜੇ ਕੱਢ-ਕੱਢ ਕੇ ਤਰਲੇ ਲੈਂਦਾ ਕਹਿ ਰਿਹਾ ਹੈ ਕਿ ਸਾਡੇ ਨਾਲ ਬਿਹਾਰ ਵਾਸੀ ਵਿਤਕਰਾ ਕਰ ਰਹੇ ਹਨ ਅਤੇ ਦੂਜੇ ਪਾਸੇ ਬਿਹਾਰੀ ਭਈਆਂ ਵਲੋਂ ਇਕ ਪੰਜਾਬ ਦੇ ਜਾਪਦੇ ਕਿਸੇ ਰੇਲਵੇ ਸਟੇਸ਼ਨ ‘ਤੇ ਕੰਟੀਨ ਦੇ ਦਰਵਾਜੇ ਤੋੜ ਕੇ ਪਾਣੀ ਅਤੇ ਕੋਲਡ ਡਰਿੰਕ ਦੀਆਂ ਬੋਤਲਾਂ ਸਮੇਤ ਰਿਫਰੈਸ਼ਮੈਂਟ ਦਾ ਸਮਾਨ ਲੁੱਟ ਕੇ ਖ਼ੁਸ਼ੀ ਮਨਾਉਂਦੇ ਹੋਏ ਰੇਲ ਗੱਡੀ ‘ਚ ਸਵਾਰ ਹੋ ਰਹੇ ਹਨ।

ਸਿੱਖ ਨੌਜਵਾਨ ਦੁਹਾਈਆਂ ਪਾ ਰਿਹਾ ਹੈ ਕਿ ਪਿਛਲੇ ਕਰੀਬ 3 ਦਿਨਾਂ ਤੋਂ ਉਸ ਸਮੇਤ ਅਨੇਕਾਂ ਪੰਜਾਬੀ ਡਰਾਈਵਰਾਂ ਨੂੰ ਫਲੱਸ਼ਾਂ ਦਾ ਪਾਣੀ ਪੀ ਕੇ ਪਿਆਸ ਬੁਝਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਸ ਨੇ ਦਸਿਆ ਕਿ ਬਿਹਾਰ ਅਤੇ ਕਲਕੱਤਾ ਦੇ ਸਾਰੇ ਬਾਰਡਰ ਸੀਲ ਕਰ ਦਿਤੇ ਹਨ, ਉਥੋਂ ਦੇ ਵਸਨੀਕਾਂ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਪੰਜਾਬੀ ਵਾਹਨ ਚਾਲਕਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਅੰਤਾਂ ਦੀ ਗਰਮੀ ਦੇ ਬਾਵਜੂਦ ਸਾਰੇ ਕਰੀਬ 3-3 ਦਿਨ ਤੋਂ ਭੁੱਖੇ ਹਨ ਅਤੇ 10 ਰੁਪਏ ਵਾਲੀ ਪਾਣੀ ਦੀ ਬੋਤਲ ਉਨ੍ਹਾਂ ਨੂੰ 100-100 ਰੁਪਏ ਵੇਚੀ ਜਾ ਰਹੀ ਹੈ, ਜਿਸ ਨੂੰ ਖਰੀਦਣ ਤੋਂ ਬਹੁਤੇ ਪੰਜਾਬੀ ਅਸਮਰੱਥ ਹੋ ਕੇ ਰਹਿ ਗਏ ਹਨ।
ਉਨ੍ਹਾਂ ਬਲਵੰਤ ਸਿੰਘ ਰਾਮੂਵਾਲੀਆ, ਭਗਵੰਤ ਮਾਨ, ਡਾ. ਐਸਪੀ ਸਿੰਘ ਉਬਰਾਏ, ਰਵੀ ਸਿੰਘ ਖ਼ਾਲਸਾ ਐਡ ਯੂ.ਕੇ. ਆਦਿ ਨੂੰ ਸੰਬੋਧਨ ਹੁੰਦਿਆਂ ਅਪੀਲ ਕੀਤੀ ਹੈ ਕਿ ਜਾਂ ਤਾਂ ਉਨ੍ਹਾਂ ਦਾ ਉਥੋਂ ਵਾਪਸ ਪੰਜਾਬ ਪਹੁੰਚਣਾ ਯਕੀਨੀ ਬਣਾਇਆ ਜਾਵੇ ਤੇ ਜਾਂ ਲੰਗਰ ਦਾ ਪ੍ਰਬੰਧ ਹੋਵੇ ਨਹੀਂ ਤਾਂ ਬਹੁਤ ਸਾਰੇ ਪੰਜਾਬੀ ਭੁੱਖਮਰੀ ਦਾ ਸ਼ਿਕਾਰ ਹੋ ਕੇ ਰੱਬ ਨੂੰ ਪਿਆਰੇ ਹੋ ਜਾਣਗੇ।

Leave a Reply

Your email address will not be published. Required fields are marked *