ਐੱਮਐੱਸਪੀ ਕਾਨੂੰਨ ਕਿਉਂ ਪਾਸ ਨਹੀਂ ਕੀਤਾ ਜਾ ਰਿਹਾ: ਕਾਂਗਰਸ ਦਾ ਕੇਂਦਰ ਨੂੰ ਸਵਾਲ

ਨਵੀਂ ਦਿੱਲੀ: ਕਿਸਾਨ ਯੂਨੀਅਨਾਂ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਦੇ ਮੁੱਦੇ ’ਤੇ ਸਰਕਾਰ ਨੂੰ ਅਲਟੀਮੇਟਮ ਦਿੱਤੇ ਜਾਣ ਤੋਂ ਇਕ ਦਿਨ ਬਾਅਦ ਕਾਂਗਰਸ ਨੇ ਅੱਜ ਸਰਕਾਰ ’ਤੇ ਸਵਾਲ ਚੁੱਕੇ। ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਐੱਮਐੱਸਪੀ ਕਾਨੂੰਨ ਪਾਸ ਕਿਉਂ ਨਹੀਂ ਕੀਤਾ ਜਾ ਰਿਹਾ? ਲਖੀਮਪੁਰ ਖੀਰੀ ਮਾਮਲੇ ‘ਚ ਮੰਤਰੀ ਨੂੰ ਬਰਖਾਸਤ ਕਿਉਂ ਨਹੀਂ ਕੀਤਾ ਜਾ ਰਿਹਾ? ਕਿਸਾਨ ਯੂਨੀਅਨਾਂ ਨੂੰ ਮੀਟਿੰਗ ਲਈ ਕਿਉਂ ਨਹੀਂ ਬੁਲਾਇਆ ਜਾ ਰਿਹਾ? ਉਨ੍ਹਾਂ ਕਿਹਾ ਕਿ ਜੇ ਇਹ ਮਾਮਲੇ ਹੱਲ ਨਹੀਂ ਹੁੰਦੇ ਤਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਮਹਿਜ਼ ਚੋਣ ਸਟੰਟ ਬਣ ਜਾਵੇਗਾ। ਸੰਯੁਕਤ ਕਿਸਾਨ ਮੋਰਚਾ (ਐਸਕੇਐੱਮ) ਨੇ ਸ਼ਨਿਚਰਵਾਰ ਨੂੰ ਦੋਸ਼ ਲਗਾਇਆ ਸੀ ਕਿ ਐੱਮਐੱਸਪੀ ਮੁੱਦੇ ‘ਤੇ ਕੋਈ ਅੱਗੇ ਨਹੀਂ ਵਧ ਰਿਹਾ ਹੈ। ਘੱਟੋ-ਘੱਟ ਸਮਰਥਨ ਮੁੱਲ ’ਤੇ ਕੋਈ ਕਮੇਟੀ ਨਹੀਂ ਬਣਾਈ। ਹਰਿਆਣਾ ‘ਚ ਕਿਸਾਨਾਂ ਵਿਰੁੱਧ ਕੇਸ ਵਾਪਸ ਲੈਣ ‘ਤੇ ਹੀ ਕੁਝ ਕਾਰਵਾਈ ਹੋਈ ਹੈ ਪਰ ਦਿੱਲੀ ਸਮੇਤ ਹੋਰ ਸੂਬਿਆਂ ‘ਚ ਇਸ ਸਬੰਧੀ ਜ਼ਿਆਦਾ ਪ੍ਰਗਤੀ ਨਹੀਂ ਹੋਈ ਹੈ।