ਅਧਿਕਾਰੀ ਮੇਰੇ ਭਾਣਜੇ ਨੂੰ ਕਹਿ ਕੇ ਗਏ ਨੇ ਕਿ ਪ੍ਰਧਾਨ ਮੰਤਰੀ ਦਾ ਦੌਰਾ ਯਾਦ ਰੱਖਿਓ : ਚੰਨੀ

ਚੰਡੀਗੜ੍ਹ : ਪੰਜਾਬ ਵਿੱਚ ਵੋਟਾਂ ਤੋਂ ਪਹਿਲਾਂ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਛਾਪੇਮਾਰੀ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। ਸੀਐਮ ਚਰਨਜੀਤ ਚੰਨੀ ਨੇ ਕਿਹਾ ਕਿ ਉਨ੍ਹਾਂ ਦੇ ਭਤੀਜੇ ਤੋਂ ਪੁੱਛਗਿਛ ਕਰਨ ਵਾਲੇ ਅਫਸਰਾਂ ਨੇ ਜਾਣ ਸਮੇਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਦੌਰਾ ਯਾਦ ਰੱਖਿਓ। ਸੀਐਮ ਨੇ ਕਿਹਾ ਕਿ ਉਨ੍ਹਾਂ ਦੇ ਭਤੀਜੇ ’ਤੇ ਸਾਰੀ ਰਾਤ ਤਸ਼ੱਦਦ ਕੀਤਾ ਗਿਆ। ਉਸ ‘ਤੇ ਮੇਰਾ ਨਾਂ ਲੈਣ ਲਈ ਦਬਾਅ ਪਾਇਆ ਗਿਆ, ਪਰ ਉਸ ਨੇ ਅਜਿਹਾ ਨਹੀਂ ਕੀਤਾ। ਇਸ ਤੋਂ ਬਾਅਦ ਉਸ ਖ਼ਿਲਾਫ਼ ਪਰਚਾ ਦਰਜ ਨਹੀਂ ਹੋਇਆ। ਈਡੀ ਦੀ ਛਾਪੇਮਾਰੀ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ 5 ਮੰਤਰੀਆਂ ਨਾਲ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਈਡੀ ਅਧਿਕਾਰੀਆਂ ਨੇ ਮੇਰਾ ਨਾਂ ਲਿਆੳੇਣ ਦੀ ਕੋਸ਼ਿਸ਼ ਵਿੱਚ ਅਦਾਲਤ ਸਾਰੀ ਰਾਤ ਖੁੱਲ੍ਹੀ ਰੱਖੀ। ਸੀਐਮ ਚੰਨੀ ਨੇ ਕਿਹਾ ਕਿ ਜਿਸ ਕੇਸ ਵਿੱਚ ਉਨ੍ਹਾਂ ਦੇ ਭਤੀਜੇ ਤੋਂ ਪੁੱਛ-ਪੜਤਾਲ ਕੀਤੀ ਗਈ ਸੀ, ਉਹ ਕੇਸ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆ 4 ਸਾਲ ਪਹਿਲਾਂ ਦਰਜ ਕੀਤਾ ਸੀ ਜਦੋਂ ਬਿਕਰਮ ਮਜੀਠੀਆ ‘ਤੇ ਡਰੱਗ ਦਾ ਕੇਸ ਦਰਜ ਹੋਇਆ ਸੀ ਤਾਂ ਉਹ ਵੀ ਕੇਂਦਰ ਨਾਲ ਮਿਲ ਗਏ। ਆਮ ਆਦਮੀ ਪਾਰਟੀ ਨੇ ਵੀ ਭਾਜਪਾ ਨਾਲ ਗੁਪਤ ਸਮਝੌਤਾ ਕਰ ਲਿਆ ਹੈ। ਇਸੇ ਕਾਰਨ ਇਸ ਰੇਡ ਦੇ ਮਾਮਲੇ ’ਚ ਸਾਰੇ ਸਾਡੇ ਖਿਲਾਫ਼ ਬੋਲ ਰਹੇ ਹਨ। ਚੰਨੀ ਨੇ ਕਿਹਾ ਕਿ ਅੱਜ ਅਰਵਿੰਦ ਕੇਜਰੀਵਾਲ ਰੇਡ ਦਾ ਸਮਰਥਨ ਕਰ ਰਹੇ ਹਨ। ਜਦੋਂ ਉਨ੍ਹਾਂ ਦਾ ਰਿਸ਼ਤੇਦਾਰ ਫੜਿਆ ਗਿਆ ਤਾਂ ਕੇਜਰੀਵਾਲ ਨੇ ਇਸ ਨੂੰ ਸਿਆਸੀ ਬਦਲਾ ਕਿਹਾ। ਹੁਣ ਜਦੋਂ ਸਾਡੇ ਵਿਰੁੱਧ ਬਦਲਾਖੋਰੀ ਦੀ ਕਾਰਵਾਈ ਹੋ ਰਹੀ ਹੈ ਤਾਂ ਉਹ ਖੁਸ਼ ਹੈ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਭਾਜਪਾ ਚੋਣਾਂ ਵੇਲੇ ਅਜਿਹਾ ਹੀ ਕਰਦੀ ਹੈ। ਇਸ ਤੋਂ ਪਹਿਲਾਂ ਬੰਗਾਲ ਚੋਣਾਂ ਦੌਰਾਨ ਮਮਤਾ ਬੈਨਰਜੀ, ਤਾਮਿਲਨਾਡੂ ਵਿੱਚ ਡੀਐਮਕੇ ਸਟਾਲਿਨ ਅਤੇ ਮਹਾਰਾਸ਼ਟਰ ਵਿੱਚ ਸ਼ਰਦ ਪਵਾਰ ਉੱਤੇ ਅਜਿਹੀ ਕਾਰਵਾਈ ਕੀਤੀ ਸੀ। ਚੰਨੀ ਨੇ ਕਿਹਾ ਕਿ ਭਾਜਪਾ ਬਾਹਾਂ ਮਰੋੜ ਕੇ ਚੋਣ ਜਿੱਤਣਾ ਚਾਹੁੰਦੀ ਹੈ, ਪਰ ਅਜਿਹਾ ਨਾ ਤਾਂ ਬੰਗਾਲ ਵਿੱਚ ਹੋਇਆ ਅਤੇ ਨਾ ਹੀ ਪੰਜਾਬ ਵਿੱਚ ਹੋਵੇਗਾ। ਚੰਨੀ ਨੇ ਕਿਹਾ ਕਿ ਮੇਰੇ ਖਿਲਾਫ ਬਦਲੇ ਦੀ ਕਾਰਵਾਈ ਕਿਉਂ ਕੀਤੀ ਜਾ ਰਹੀ ਹੈ, ਜਦੋਂ ਕਿ ਪੰਜਾਬ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਸੀ।

Leave a Reply

Your email address will not be published. Required fields are marked *