ਸਿੱਖ ਧਰਮ ਫ਼ੌਜੀ ਐਸੋਸੀਏਸ਼ਨ ਨੇ ਪੀਐੱਮ ਦੀ ਰੈਲੀ ’ਚ ਰੁਕਾਵਟ ਪਾਉਣ ਦੀ ਕੀਤੀ ਨਿੰਦਾ, ਬੋਲੇ – ਉਨ੍ਹਾਂ ਦੀਆਂ ਸਮੱਸਿਆਵਾਂ ਦਾ ਵੀ ਨਹੀਂ ਹੋ ਸਕਿਆ ਹੱਲ

ਜਲੰਧਰ: ਜਲੰਧਰ ‘ਚ ਸਿੱਖ ਧਰਮ ਫ਼ੌਜੀ ਐਸੋਸੀਏਸ਼ਨ ਨੇ 5 ਜਨਵਰੀ ਨੂੰ ਫਿਰੋਜ਼ਪੁਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ‘ਚ ਕਥਿੱਤ ਵਿਘਨ ਪਾਉਣ ਦੀ ਘਟਨਾ ਦੀ ਨਿਖੇਧੀ ਕੀਤੀ ਹੈ। ਇਸ ਸਬੰਧੀ ਪੰਜਾਬ ਪ੍ਰੈੱਸ ਕਲੱਬ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਗਜੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਪਣੀ ਰੈਲੀ ਦੌਰਾਨ ਹੋਰ ਐਲਾਨਾਂ ਦੇ ਨਾਲ-ਨਾਲ ਸਿੱਖ ਧਰਮ ਫੌਜੀ ਐਸੋਸੀਏਸ਼ਨ ਦੀਆਂ ਮੰਗਾਂ ਸਬੰਧੀ ਵੀ ਐਲਾਨ ਕਰਨੇ ਸਨ। ਪਰ ਪ੍ਰਧਾਨ ਮੰਤਰੀ ਦੇ ਦੌਰੇ ਵਿੱਚ ਵਿਘਨ ਪਾ ਕੇ ਇਸ ਨੂੰ ਟਾਲ ਦਿੱਤਾ ਗਿਆ ਹੈ। ਜਿਸ ਕਾਰਨ ਸਿੱਖ ਧਰਮ ਫੌਜੀ ਐਸੋਸੀਏਸ਼ਨ ਦੇ ਮੈਂਬਰਾਂ ਵਿੱਚ ਭਾਰੀ ਰੋਸ ਹੈ।

ਉਨ੍ਹਾਂ ਕਿਹਾ ਕਿ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ, ਉੱਥੇ ਹੀ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹ ਕੇ ਸਿੱਖਾਂ ਨੂੰ ਇੱਕ ਨਵਾਂ ਤੋਹਫ਼ਾ ਵੀ ਦਿੱਤਾ ਹੈ। ਇਸ ਵਾਰ ਇਹ ਵੀ ਕਿਆਸ ਲਾਏ ਜਾ ਰਹੇ ਸਨ ਕਿ ਸਿੱਖ ਧਰਮ ਦੀ ਇਸ ਜਥੇਬੰਦੀ ਦੀਆਂ ਮੰਗਾਂ ਵਿੱਚ ਯੋਗਤਾ ਅਨੁਸਾਰ ਪੈਨਸ਼ਨ ਦੇਣਾ, ਸਾਬਕਾ ਸੈਨਿਕਾਂ ਦੀ ਤਰਜ਼ ’ਤੇ ਸਹੂਲਤਾਂ ਦੇਣਾ, ਮੈਡੀਕਲ ਤੇ ਕੰਟੀਨ ਦੀਆਂ ਸਹੂਲਤਾਂ ਤੇ ਹੋਰ ਮੁਆਵਜ਼ਾ ਦੇਣਾ ਸ਼ਾਮਲ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਸਿੱਖ ਧਰਮ ਫੌਜੀ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਐਲਾਨ ਜਲਦੀ ਕਰਨ। ਇਸ ਮੌਕੇ ਉਨ੍ਹਾਂ ਨਾਲ ਜਰਨੈਲ ਸਿੰਘ, ਪ੍ਰਿਥਵੀਪਾਲ ਸਿੰਘ ਸੋਹਲ, ਹਰਪਾਲ ਸਿੰਘ ਅਤੇ ਮਲਕੀਤ ਸਿੰਘ ਸਮੇਤ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *