ਬੱਸਾਂ ਦੀ ਸਮਾਂ ਸਾਰਣੀ ਖ਼ਿਲਾਫ਼ ਪੀਆਰਟੀਸੀ ਤੇ ਪਨਬੱਸ ਮੁਲਾਜ਼ਮਾਂ ਵੱਲੋਂ ਜਾਮ

ਬਠਿੰਡਾ: ਬੱਸਾਂ ਦੀ ਸਮਾਂ ਸਾਰਣੀ ਮਾਮਲੇ ਵਿੱਚ ਪੀਆਰਟੀਸੀ, ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਕਰਮਚਾਰੀਆਂ ਨੇ ਅੱਜ ਇੱਥੇ ਬੱਸਾਂ ਦਾ ਪਹੀਆ ਜਾਮ ਕਰ ਦਿੱਤਾ। ਬੱਸ ਅੱਡੇ ਨੂੰ ਵੱਖ-ਵੱਖ ਦਿਸ਼ਾਵਾਂ ਤੋਂ ਆਉਂਦੀਆਂ ਸੜਕਾਂ ’ਤੇ ਸਰਕਾਰੀ ਬੱਸਾਂ ਟੇਢੀਆਂ ਖੜ੍ਹੀਆਂ ਕਰਕੇ ਆਵਾਜਾਈ ਬੰਦ ਕਰ ਦਿੱਤੀ ਗਈ। ਇਸ ਹਾਲਤ ’ਚ ਇਨ੍ਹਾਂ ਰਸਤਿਆਂ ਤੋਂ ਲੰਘਣ ਵਾਲੇ ਵਾਹਨਾਂ ਨੂੰ ਟ੍ਰੈਫ਼ਿਕ ਪੁਲੀਸ ਵੱਲੋਂ ਬਦਲਵੇਂ ਰਾਹਾਂ ਤੋਂ ਅੱਗੇ ਮੰਜ਼ਿਲਾਂ ਵੱਲ ਤੋਰਿਆ ਜਾ ਰਿਹਾ ਹੈ।

ਪੀਆਰਟੀਸੀ/ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸੰਦੀਪ ਗਰੇਵਾਲ ਤੇ ਮੀਤ ਪ੍ਰਧਾਨ ਗੁਰਦੀਪ ਸਿੰਘ, ਪੀਆਰਟੀਸੀ ਐਂਪਲਾਈਜ਼ ਯੂਨੀਅਨ (ਏਟਕ) ਦੇ ਪ੍ਰਧਾਨ ਗੰਡਾ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਅਨੁਸਾਰ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ‘ਰਾਜਾ ਵੜਿੰਗ’ ਨੇ ਦਖ਼ਲ ਦੇ ਕੇ  ਸਮਾਂ ਸਾਰਣੀ ਨੂੰ ਤਰਕਸੰਗਤ ਬਣਵਾ ਕੇ ਲਾਗੂ ਕਰਵਾਇਆ ਸੀ ਪਰ ਚੋਣ ਜ਼ਾਬਤਾ ਲੱਗਣ ਬਾਅਦ ਪੁਰਾਣਾ ਟਾਈਮ ਟੇਬਲ ਮੁੜ ਬਹਾਲ ਕਰ ਦਿੱਤਾ। ਨਤੀਜੇ ਵਜੋਂ ਸਰਕਾਰੀ ਬੱਸਾਂ ਨੂੰ ਸਿਰਫ 3 ਜਾਂ 4 ਮਿੰਟ ਕਾਊਂਟਰ ’ਤੇ ਰੁਕਣ ਦਾ ਸਮਾਂ ਮਿਲ ਰਿਹਾ ਹੈ, ਜਦ ਕਿ ਵੱਡੇ ਟਰਾਂਸਪੋਰਟ ਘਰਾਣਿਆਂ ਦੀਆਂ ਬੱਸਾਂ 20 ਮਿੰਟ ਤੱਕ ਰੁਕਣ ਲੱਗੀਆਂ ਹਨ। ਉਨ੍ਹਾਂ ਅਨੁਸਾਰ ਪੀਆਰਟੀਸੀ ਬਠਿੰਡਾ ਦੇ ਇਕੱਲੇ ਡਿੱਪੂ ਨੂੰ ਹੀ ਰੋਜ਼ਾਨਾ 3 ਤੋਂ 4 ਲੱਖ ਰੁਪਏ ਦਾ ਵਿੱਤੀ ਨੁਕਸਾਨ ਹੋਣ ਲੱਗਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬੀਤੇ ਦਿਨ ਸਰਕਾਰੀ ਬੱਸ ਕਰਮਚਾਰੀਆਂ ਦੀਆਂ 6 ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਵਫ਼ਦ ਮਸਲੇ ਦੇ ਹੱਲ ਦੀ ਮੰਗ ਲੈ ਕੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲਿਆ ਸੀ। ਆਗੂਆਂ ਨੇ ਸਖ਼ਤ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਫ਼ਰੀਦਕੋਟ, ਸੰਗਰੂਰ, ਬਰਨਾਲਾ ਸਥਿਤ ਪੀਆਰਟੀਸੀ ਦੇ ਡਿੱਪੂ ਇਕ ਘੰਟੇ ਦੇ ਵਿੱਚ-ਵਿੱਚ ਬੰਦ ਕਰ ਦਿੱਤੇ ਜਾਣਗੇ ਅਤੇ ਭਲਕੇ ਸਰਕਾਰੀ ਟਰਾਂਸਪੋਰਟ ਦੇ ਪੰਜਾਬ ਭਰ ਵਿਚਲੇ ਸਮੁੱਚੇ ਡਿੱਪੂ ਬੰਦ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਉਪਜਣ ਦੀ ਸਾਰੀ ਜ਼ਿੰਮੇਵਾਰੀ ਆਰਟੀਏ ਬਠਿੰਡਾ ਅਤੇ ਚੋਣ ਕਮਿਸ਼ਨ ਦੀ ਹੋਵੇਗੀ। 

Leave a Reply

Your email address will not be published. Required fields are marked *