ਬੇਅਦਬੀ ਮਾਮਲਾ : ਲੋਕਾਂ ਨੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਘੇਰਿਆ

ਸ੍ਰੀ ਗੋਇੰਦਵਾਲ ਸਾਹਿਬ : ਬੇਅਦਬੀ ਮਾਮਲਿਆਂ ਵਿਚ ਇਨਸਾਫ਼ ਨਾ ਮਿਲਣ ਦੇ ਰੋਸ ਵਜੋਂ ਇੱਥੋਂ ਦੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਕਾਰਜਸ਼ੈਲੀ ’ਤੇ ਸਵਾਲ ਖੜ੍ਹੇ ਕਰਦਾ ਫਲੈਕਸ ਬੋਰਡ ਲਗਾ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਕਸਬੇ ਵਿਚ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਾ ਨਵਜੋਤ ਸਿੰਘ ਸਿੱਧੂ ਦੀ ਤਸਵੀਰ ਵਾਲਾ ਬੋਰਡ ਲਗਾਇਆ ਗਿਆ ਸੀ, ਜਿਸ ਦੇ ਨੇੜੇ ਹੀ ਹੁਣ ਬੇਅਦਬੀ ਮਾਮਲਿਆਂ ਵਿਚ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਘੇਰਦਿਆਂ ਦੂਜਾ ਬੋਰਡ ਲਗਾ ਦਿੱਤਾ ਗਿਆ ਹੈ।
ਬੇਅਦਬੀ ਮਾਮਲਿਆਂ ਵਿਚ ਇਨਸਾਫ਼ ਦਿਵਾਉਣ ਦਾ ਵਾਅਦਾ ਕਰ ਕੇ ਸੱਤਾ ਵਿਚ ਆਈ ਕਾਂਗਰਸ ਸਰਕਾਰ ਦੇ ਤਿੰਨ ਸਾਲਾਂ ਤੋਂ ਵੱਧ ਸਮੇਂ ਮਗਰੋਂ ਵੀ ਇਨਸਾਫ਼ ਨਾ ਮਿਲਣ ’ਤੇ ਕਾਂਗਰਸੀ ਆਗੂ ਨੇ ਸਿੱਕੀ ਵੱਲੋਂ ਬੇਅਦਬੀ ਮਾਮਲਿਆਂ ਸਬੰਧੀ ਪੰਜ ਸਾਲ ਪਹਿਲਾਂ ਵਿਧਾਇਕ ਵਜੋਂ ਦਿੱਤੇ ਅਸਤੀਫ਼ੇ ’ਤੇ ਵਿਅੰਗ ਕੱਸਦਿਆਂ ਫਲੈਕਸ ਬੋਰਡ ਲਾਇਆ ਹੈ। ਇਸ ਫਲੈਕਸ ਬੋਰਡ ’ਤੇ ਵਿਧਾਇਕ ਸਿੱਕੀ ਨੂੰ ਸੰਬੋਧਨ ਕਰਦਿਆਂ ਲਿਖਿਆ ਗਿਆ ਹੈ, ‘ਬੇਅਦਬੀ ਦਾ ਮੁੱਦਾ ਜਿਉਂ ਦਾ ਤਿਉਂ ਹੈ। ਪੰਜ ਸਾਲ ਪਹਿਲਾਂ ਬੇਅਦਬੀ ਦੇ ਨਾਂ ’ਤੇ ਅਸਤੀਫ਼ਾ ਦੇਣ ਵਾਲੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਬੇਅਦਬੀ ਦੇ ਮਾਮਲਿਆਂ ਵਿਚ ਇਨਸਾਫ਼ ਨਾ ਮਿਲਣ ’ਤੇ ਹੁਣ ਅਸਤੀਫ਼ਾ ਦੇਣ ਜਾਂ ਆਪਣੀ ਸਰਕਾਰ ਖ਼ਿਲਾਫ਼ ਇਨਸਾਫ਼ ਲੈਣ ਲਈ ਮਰਨ ਵਰਤ ਰੱਖਣ।’ ਫਲੈਕਸ ਬੋਰਡ ਦੀਆਂ ਹੇਠਲੀਆਂ ਲਾਈਨਾਂ ’ਚ ਲਿਖਿਆ ਗਿਆ ਹੈ, ‘ਬੇਅਦਬੀ ਦੇ ਮਾਮਲਿਆਂ ਦੇ ਜਲਦੀ ਹੱਲ ਅਤੇ ਇਨਸਾਫ਼ ਦੀ ਉਡੀਕ ਵਿਚ ਕਾਂਗਰਸੀ ਵਰਕਰ ਤੇ ਪੰਜਾਬ ਦੀ ਜਨਤਾ।’
ਜ਼ਿਕਰਯੋਗ ਹੈ ਕਿ ਅਜਿਹਾ ਹੀ ਫਲੈਕਸ ਬੋਰਡ ਕੁਝ ਸਮਾਂ ਪਹਿਲਾਂ ਵੀ ਕਸਬੇ ਵਿਚ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ, ਜਿਸ ’ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਘੇਰਦਿਆਂ ਕਈ ਸਵਾਲ ਖੜ੍ਹੇ ਕੀਤੇ ਗਏ ਸਨ ਪਰ ਇਸ ਵਾਰ ਬੋਰਡ ’ਤੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਨਿਸ਼ਾਨਾ ਬਣਾਉਂਦਿਆਂ ਪੰਜ ਸਾਲ ਪਹਿਲਾਂ ਬੇਅਦਬੀ ਮਾਮਲੇ ਸਬੰਧੀ ਉਨ੍ਹਾਂ ਵੱਲੋਂ ਦਿੱਤੇ ਅਸਤੀਫ਼ੇ ਸਬੰਧੀ ਸਵਾਲ ਖੜ੍ਹੇ ਕੀਤੇ ਗਏ ਹਨ।
ਬੋਰਡ ਲਗਾਉਣ ਵਾਲੇ ਕਸਬੇ ਦੇ ਕਾਂਗਰਸੀ ਆਗੂ ਭੁਪਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਆਗੂ ਜਾਂ ਵਿਧਾਇਕ ਨਾਲ ਰੰਜਿਸ਼ ਨਹੀਂ ਹੈ। ਉਨ੍ਹਾਂ ਨੇ ਸਿਰਫ਼ ਆਪਣੀਆਂ ਭਾਵਨਾਵਾਂ ਬਿਆਨ ਕੀਤੀਆਂ ਹਨ। ਇਸ ਤੋਂ ਇਲਾਵਾ ਉਹ ਹੋਰ ਕੁਝ ਨਹੀਂ ਕਹਿਣਾ ਚਾਹੁੰਦੇ।

Leave a Reply

Your email address will not be published. Required fields are marked *