ਕਾਂਗਰਸ ਦੇ ਕਈ ਆਗੂ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੇ ਹੱਕ ’ਚ

ਚੰਡੀਗੜ੍ਹ: ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੀ ਸੂਬਾ ਇਕਾਈ ਵਿਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰਨ ਦੀ ਮੰਗ ਵਧਦੀ ਜਾ ਰਹੀ ਹੈ, ਜਿਸ ਵਿਚ ਕਈ ਨੇਤਾਵਾਂ ਨੇ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਪਣਾ ਸਮਰਥਨ ਦਿੱਤਾ ਹੈ। ਕਾਂਗਰਸ ਹਾਈਕਮਾਂਡ ਨੇ ਹੁਣ ਤੱਕ ਕਿਹਾ ਹੈ ਕਿ ਪਾਰਟੀ 20 ਫਰਵਰੀ ਨੂੰ 117 ਮੈਂਬਰੀ ਵਿਧਾਨ ਸਭਾ ਦੀਆਂ ਚੋਣਾਂ ਸਮੂਹਿਕ ਅਗਵਾਈ ਹੇਠ ਲੜੇਗੀ ਪਰ ਇਸ ਦੀ ਸੂਬਾਈ ਇਕਾਈ ਦੇ ਕਈ ਨੇਤਾਵਾਂ ਨੇ ਇਸ ਮਾਮਲੇ ‘ਤੇ ਸਥਿਤੀ ਨੂੰ ਜਲਦੀ ਤੋਂ ਜਲਦੀ ਸਪਸ਼ਟ ਕਰਨ ਦੀ ਮੰਗ ਕੀਤੀ ਹੈ। ਸੀਨੀਅਰ ਆਗੂ ਅਤੇ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪਾਰਟੀ ਨੇ 2012 ਅਤੇ 2017 ਦੀਆਂ ਚੋਣਾਂ ਤੋਂ ਪਹਿਲਾਂ ਆਪਣੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ ਅਤੇ ਚੰਨੀ ਨੇ ਤਿੰਨ ਮਹੀਨਿਆਂ ਵਿੱਚ ਆਪਣੀ ਕਾਬਲੀਅਤ ਸਾਬਤ ਕਰ ਦਿੱਤੀ ਸੀ। ਉਨ੍ਹਾਂ ਕਿਹਾ, ‘ਜਦੋਂ ਇੱਕ ਵਿਅਕਤੀ ਪਹਿਲਾਂ ਹੀ ਆਪਣੇ ਆਪ ਨੂੰ ਬਾਕੀਆਂ ਦੀਆਂ ਉਮੀਦਾਂ ’ਤੇ ਖ਼ਰਾ ਸਾਬਤ ਕਰ ਚੁੱਕਾ ਹੈ ਤਾਂ ਪਾਰਟੀ ਵਿੱਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਐਲਾਨ ਬਾਰੇ ਦੁਚਿੱਤੀ ਨਹੀਂ ਹੋਣੀ ਚਾਹੀਦੀ।’ ਮਹਿੰਦਰਾ ਨੇ ਇਹ ਵੀ ਕਿਹਾ ਕਿ ‘ਆਪ’ ਨੇ ਭਗਵੰਤ ਮਾਨ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ, ਜਦੋਂ ਕਿ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਉਮੀਦਵਾਰ ਵਜੋਂ ਪੇਸ਼ ਕਰ ਰਿਹਾ ਹੈ। ਇਸ ਤਰ੍ਹਾਂ ਕਾਂਗਰਸ ਲਈ ਆਪਣੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰਨਾ ਮਹੱਤਵਪੂਰਨ ਹੋ ਗਿਆ ਹੈ। ਕਾਂਗਰਸ ਆਗੂ ਰਾਣਾ ਗੁਰਜੀਤ ਸਿੰਘ ਨੇ ਵੀ ਚੰਨੀ ਦਾ ਸਮਰਥਨ ਕੀਤਾ ਹੈ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਵੀ ਚੰਨੀ ਦੀ ਮੁੱਖ ਮੰਤਰੀ ਵਜੋਂ ਉਮੀਦਵਾਰੀ ਦਾ ਸਮਰਥਨ ਕੀਤਾ। ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਸਹਿਯੋਗੀ ਨਿਖਿਲ ਅਲਵਾ ਨੇ ਟਵਿੱਟਰ ਰਾਹੀਂ ਸਰਵੇਖਣ ਕੀਤਾ, ਜਿਸ ਵਿੱਚ ਪੁੱਛਿਆ ਗਿਆ ਕਿ ‘ਪੰਜਾਬ ਵਿੱਚ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਣਾ ਚਾਹੀਦਾ ਹੈ? ਕੁੱਲ 1,283 ਲੋਕਾਂ ਵਿੱਚੋਂ 68.7 ਫੀਸਦੀ ਨੇ ਚੰਨੀ ਦੇ ਹੱਕ ਵਿੱਚ ਵੋਟਾਂ ਪਾਈਆਂ। ਇਸ ਸਰਵੇ ‘ਚ 11.5 ਫੀਸਦੀ ਨੇ ਸਿੱਧੂ ਦੇ ਹੱਕ ‘ਚ ਅਤੇ 9.3 ਫੀਸਦੀ ਨੇ ਸੁਨੀਲ ਜਾਖੜ ਦੇ ਹੱਕ ‘ਚ ਵੋਟ ਪਾਈ, ਜਦਕਿ 10.4 ਫੀਸਦੀ ਨੇ ਕਿਹਾ ਕਿ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਪਹਿਲਾਂ ਤੋਂ ਐਲਾਨ ਕਰਨ ਦੀ ਲੋੜ ਨਹੀਂ ਹੈ।

Leave a Reply

Your email address will not be published. Required fields are marked *