ਪ੍ਰੋ. ਭੁੱਲਰ ਦੀ ਰਿਹਾਈ ਰੋਕਣ ਵਾਲੇ ਕੇਜਰੀਵਾਲ ਦੀ ਅਰਥੀ ਫ਼ੂਕੀ

ਅੰਮ੍ਰਿਤਸਰ: ਭਾਰਤ ਵਿਚ ਵਸਦੀਆਂ ਘੱਟ-ਗਿਣਤੀਆਂ ਅਤੇ ਖਾਸ ਕਰ ਕੇ ਸਿੱਖ ਭਾਈਚਾਰੇ ਨੂੰ ਪਿਛਲੇ ਲੰਬੇ ਅਰਸੇ ਤੋਂ ਵੱਖ-ਵੱਖ ਸਰਕਾਰਾਂ ਅਤੇ ਹੁਕਮਰਾਨਾਂ ਵੱਲੋਂ ਆਪਣੇ ਹੀ ਦੇਸ਼ ਵਿਚ ਬੇਗਾਨਾ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਮੌਜੂਦਾ ਸਮੇਂ ਦੌਰਾਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਮੇਤ ਹੋਰ ਬਹੁਤ ਸਾਰੇ ਸਿੱਖ ਬੰਦੀ ਸਿੰਘਾਂ ਨੂੰ ਆਪਣੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਰ ਕੇ ਸਿੱਖ ਭਾਈਚਾਰੇ ਦੇ ਮਨਾਂ ਵਿਚ ਆਜ਼ਾਦ ਦੇਸ਼ ਵਿਚ ਰਹਿੰਦੇ ਹੋਏ ਗੁਲਾਮੀ ਦਾ ਅਹਿਸਾਸ ਪੱਕਾ ਹੁੰਦਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈੱਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਅਤੇ ਸਕੱਤਰ ਜਨਰਲ ਭਾਈ ਲਖਬੀਰ ਸਿੰਘ ਸੇਖੋਂ ਨੇ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦੇ ਹੋਏ ਪੁਤਲਾ ਸਾੜਣ ਸਮੇਂ ਕੀਤਾ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਮੁੱਖ ਮੰਤਰੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਿਚ ਰੁਕਾਵਟਾਂ ਪਾ ਰਿਹਾ ਹੈ।ਫੈੱਡਰੇਸ਼ਨ ਆਗੂਆਂ ਨੇ ਅੱਗੇ ਕਿਹਾ ਕਿ ਭੁੱਲਰ ਦਾ ਕੇਸ ਦਿੱਲੀ ਨਾਲ ਸਬੰਧਤ ਹੋਣ ਕਾਰਨ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕਈ ਵਾਰ ਦਿੱਲੀ ਸਰਕਾਰ ਨੂੰ ਪ੍ਰੋਫੈਸਰ ਭੁੱਲਰ ਦੀ ਪੈਰੋਲ ਦੀ ਰਿਪੋਰਟ ਭੁੱਲਰ ਦੇ ਹੱਕ ਵਿਚ ਭੇਜ ਕੇ ਰਿਹਾਈ ਲਈ ਕਿਹਾ ਜਾ ਚੁੱਕਿਆ ਹੈ ਪਰ ਦਿੱਲੀ ਦੀ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਮਾੜੀ ਮੰਸ਼ਾ ਨਾਲ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਰਲੀਜਿੰਗ ਵਰੰਟਾਂ ’ਤੇ ਦਸਤਖ਼ਤ ਨਹੀਂ ਕੀਤੇ ਜਾ ਰਹੇ ਹਨ, ਜਿਸ ਨਾਲ ਪ੍ਰੋਫੈਸਰ ਭੁੱਲਰ ਦੀ ਰਿਹਾਈ ਦਾ ਸਮਾਂ ਹੋਰ ਅੱਗੇ ਪੈ ਰਿਹਾ ਹੈ।

ਇਸ ਮੌਕੇ ਮਨਜੀਤਸਿੰਘ ਬਾਠ, ਬਲਵਿੰਦਰ ਸਿੰਘ ਰਾਜੋਕੇ, ਗੁਰਦੀਪ ਸਿੰਘ ਸੁਰ ਸਿੰਘ, ਮਨਜੀਤ ਸਿੰਘ ਜੋੜਾ ਫਾਟਕ, ਸਤਿੰਦਰਪਾਲ ਸਿੰਘ ਜੌਹਨੀ, ਹਰਜੀਤ ਸਿੰਘ ਬਧਨੀ ਕਲਾਂ, ਕੁਲਜੀਤ ਸਿੰਘ ਧੁੰਨਾ, ਸੁਰਿੰਦਰ ਸਿੰਘ ਰਾਗੀ , ਤਜਿੰਦਰ ਪਾਲ ਸਿੰਘ ਪ੍ਰਿੰਸ, ਕੰਵਰਦੀਪ ਸਿੰਘ ਬੇਦੀ ਅਤੇ ਜਗਦੀਪ ਸਿੰਘ ਜੱਗਾ ਤੋਂ ਇਲਾਵਾ ਹੋਰ ਵੀ ਕਾਰਕੁੰਨ ਹਾਜ਼ਰ ਸਨ।

Leave a Reply

Your email address will not be published. Required fields are marked *