ਸਿੱਖ ਭਾਵੇਂ ਬਿਮਾਰ ਹੋਵੇ ਭਾਵੇਂ ਬਜ਼ੁਰਗ ਉਮਰ ਭਰ ਜੇਲ੍ਹ ’ਚ ਸੜੇਗਾ ਪਰ ਸਿੱਖਾਂ ਦੇ ਕਾਤਲਾਂ ’ਤੇ ਭਾਰਤੀ ਕਾਨੂੰਨ ਤਰਸ ਖਾਂਦਾ ਰਹੇਗਾ

ਨਵੀਂ ਦਿੱਲੀ, 1 ਜੂਨ : ਦਿੱਲੀ ਹਾਈ ਕੋਰਟ ਨੇ 1984 ਸਿੱਖ ਕਤਲੇਆਮ ਦੇ ਇਕ ਦੋਸ਼ੀ ਦੀ
ਉਮਰ ਕੈਦ ਦੀ ਸਜ਼ਾ ਸੋਮਵਾਰ ਨੂੰ 12 ਹਫ਼ਤੇ ਲਈ ਮੁਲਤਵੀ ਕਰ ਦਿਤੀ। ਦੋਸ਼ੀ ਕਿਡਨੀ ਦੀ ਗੰਭੀਰ
ਬੀਮਾਰੀ ਨਾਲ ਪੀੜਤ ਹੈ ਅਤੇ ਉਸ ਨੂੰ ਕੋਵਿਡ-19 ਤੋਂ ਪ੍ਰਭਾਵਤ ਹੋਣ ਦੇ ਡਰ ਤੋਂ ਅਦਾਲਤ
ਨੇ ਇਹ ਹੁਕਮ ਦਿਤਾ।
ਜਸਟਿਸ ਮਨਮੋਹਨ ਅਤੇ ਜਸਟਿਸ ਸੰਜੀਵ ਨਰੂਲਾ ਦੀ ਬੈਂਚ ਨੇ ਵੀਡੀਉ ਕਾਨਫ਼ਰੰਸ ਰਾਹੀਂ ਕੀਤੀ
ਗਈ ਸੁਣਵਾਈ ਵਿਚ ਇਸ ਗੱਲ ਦਾ ਧਿਆਨ ਵਿਚ ਲਿਆਂਦਾ ਗਿਆ ਕਿ ਨਰੇਸ਼ ਸਹਿਰਾਵਤ ਤਿਹਾੜ ਸਥਿਤ
ਕੇਂਦਰੀ ਜੇਲ ਦੇ ਹਸਪਤਾਲ ਵਿਚ ਮੈਡੀਕਲ ਵਾਰਡ ਵਿਚ ਭਰਤੀ ਹੈ।
ਬੈਂਚ ਨੇ ਕਿਹਾ, ”ਪਟੀਸ਼ਨਕਰਤਾ ਸਹਿਰਾਵਤ ਕਿਡਨੀ ਦੀ ਬਿਮਾਰੀ ਦੇ ਚੌਥੇ ਪੜਾਅ ‘ਚ ਹੈ ਅਤੇ
ਉਹ ਕੇਂਦਰੀ ਜੇਲ ਦੇ ਮੈਡੀਕਲ ਵਾਰਡ ਵਿਚ ਭਰਤੀ ਹੈ ਤੇ ਉਸ ਨੂੰ ਕੋਵਿਡ-19 ਵਰਗੇ ਰੋਗ
ਤੋਂ ਪ੍ਰਭਾਵਤ ਹੋਣ ਦਾ ਡਰ ਹੈ ਇਸ ਲਈ ਦੋਸ਼ੀ ਦੀ ਸਜ਼ਾ ਨੂੰ 12 ਹਫ਼ਤੇ ਲਈ ਮੁਲਤਵੀ ਕੀਤਾ
ਜਾਂਦਾ ਹੈ। ਉਸ ਨੂੰ ਅਦਾਲਤ ਵਿਚ ਨਿਜੀ ਮੁਚਲਕਾ ਭਰਨਾ ਹੋਵੇਗਾ ਅਤੇ 20 ਹਜ਼ਾਰ ਰੁਪਏ ਦੇ
ਜ਼ਮਾਨਤ ਪੱਤਰ ‘ਤੇ ਦਸਤਖ਼ਤ ਕਰਨੇ ਹੋਣਗੇ।”
ਅਦਾਲਤ ਨੇ ਸਹਿਰਾਵਤ ਦੀ ਪਟੀਸ਼ਨ ‘ਤੇ ਇਹ ਹੁਕਮ ਦਿਤਾ ਜਿਸ ਨੂੰ ਕਤਲੇਆਮ ਦੇ ਮਾਮਲੇ ਵਿਚ
ਉਮਰਕੈਦ ਦੀ ਸਜ਼ਾ ਮਿਲੀ ਹੈ। ਸਹਿਰਾਵਤ ਨੇ ਅਪਣੀ ਪਟੀਸ਼ਨ ਵਿਚ ਕਿਡਨੀ ਅਤੇ ਲਿਵਰ
ਟਰਾਂਸਪਲਾਂਟ ਕਰਵਾਉਣ ਲਈ ਸਜ਼ਾ ਤਿੰਨ ਮਹੀਨੇ ਲਈ ਮੁਲਤਵੀ ਕਰਨ ਦੀ ਅਪੀਲ ਕੀਤੀ ਸੀ।