ਸਾਰੇ ਠੱਗ ਆਮ ਆਦਮੀ ਪਾਰਟੀ ’ਚ ਇਕੱਠੇ ਹੋਏ

ਫਤਹਿਗੜ੍ਹ ਸਾਹਿਬ: ਹਲਕਾ ਬੱਸੀ ਪਠਾਣਾ ਤੋਂ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸ਼ਿਵ ਕਲਿਆਣ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਲਈ ਰੈਲੀ ਕੀਤੀ ਗਈ, ਜਿਸ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੌਜੂਦ ਹੋਏ। ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ਨੇ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਨੂੰ ਮੁੜ ਲਪੇਟੇ ’ਚ ਲਿਆ। ਆਮ ਆਦਮੀ ਪਾਰਟੀ ’ਤੇ ਨਿਸ਼ਾਨਾਂ ਵਿੰਨ੍ਹਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਸਿਰਫ਼ ਨਾਂ ਦੀ ਪਾਰਟੀ ਹੈ। ਇਸ ਪਾਰਟੀ ’ਚ ਸਾਰੇ ਠੱਗ ਇਕੱਠੇ ਕੀਤੇ ਹੋਏ ਹਨ।
ਮੁੱਖ ਮੰਤਰੀ ਚੰਨੀ ’ਤੇ ਤੰਜ ਕੱਸਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਇਨ੍ਹਾਂ ਨੂੰ ਪੰਜਾਬ ਨੂੰ ਲੁੱਟਣਾ ਹੀ ਆਉਂਦਾ ਹੈ, ਕੋਈ ਕੰਮ ਕਰਨਾ ਨਹੀਂ ਆਉਂਦਾ। ਈ.ਡੀ ਵਲੋਂ ਮਾਰੀ ਗਈ ਰੇਡ ’ਤੇ ਬੋਲਦੇ ਹੋਏ ਸੁਖਬੀਰ ਨੇ ਕਿਹਾ ਕਿ ਚੰਨੀ ਅਜੇ 3 ਮਹੀਨੇ ਲਈ ਮੁੱਖ ਮੰਤਰੀ ਬਣਿਆ ਅਤੇ ਇਸ ਦੇ ਰਿਸ਼ਤੇਦਾਰ ਦੇ ਘਰੋਂ ਕਰੋੜਾਂ ਰੁਪਏ ਮਿਲੇ ਹਨ। ਰੇਡ ਤੋਂ ਬਾਅਦ ਚੰਨੀ ਨੇ ਚੰਡੀਗੜ੍ਹ ਦੀ ਸਰਕਾਰੀ ਕੋਠੀ ’ਚ ਪੈਸਿਆਂ ਦੇ ਬੈਗ ਭਰ ਕੇ ਭੇਜੇ ਹਨ।
ਉਨ੍ਹਾਂ ਕਿਹਾ ਕਿ ਚੰਗੀ ਅਤੇ ਮਾੜੀ ਸਰਕਾਰ ’ਚ ਜ਼ਮੀਨ ਆਸਮਾਨ ਦਾ ਫ਼ਰਕ ਹੁੰਦਾ ਹੈ। ਮਾੜੀ ਸਰਕਾਰ ਆਉਣ ਨਾਲ ਲੋਕਾਂ ਦੀ ਜ਼ਿੰਦਗੀ ਦੇ 5 ਸਾਲ ਬਰਬਾਦ ਹੋ ਜਾਂਦੇ ਹਨ। ਕਾਂਗਰਸ ਨੇ ਕੋਈ ਕੰਮ ਨਹੀਂ ਕੀਤਾ, ਸਗੋਂ ਜੋ ਕੰਮ ਅਤੇ ਸਹੂਲਤਾਵਾਂ ਅਸੀਂ ਸ਼ੁਰੂ ਕੀਤੀਆਂ ਸਨ, ਉਹ ਬੰਦ ਕਰਵਾ ਦਿੱਤੀਆਂ। ਗ਼ਰੀਬ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਵਾਂ ਬੰਦ ਕਰ ਦਿੱਤੀਆਂ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਸ਼ਗਨ ਸਕੀਮ, ਸਕਾਲਰਸ਼ਿਪ, ਸਾਇਕਲ ਸਕੀਮ, ਸੇਵਾ ਕੇਂਦਰ, ਨੌਜਵਾਨਾਂ ਨੂੰ ਦਿੱਤਾ ਜਾਣ ਵਾਲਾ ਖੇਡਾਂ ਦਾ ਸਾਮਾਨ ਵੀ ਬੰਦ ਕਰਵਾ ਦਿੱਤਾ।