ਹੋਬੀ ਧਾਲੀਵਾਲ ਤੇ ਮਾਹੀ ਗਿੱਲ ਭਾਜਪਾ ’ਚ ਸ਼ਾਮਲ

ਚੰਡੀਗੜ੍ਹ : ਮਸ਼ਹੂਰ ਪੰਜਾਬੀ ਅਦਾਕਾਰ ਹੋਬੀ ਧਾਲੀਵਾਲ ਤੇ ਅਦਾਕਾਰਾ ਮਾਹੀ ਗਿੱਲ ਅੱਜ ਭਾਜਪਾ ’ਚ ਸ਼ਾਮਲ ਹੋ ਗਏ ਹਨ। ਭਾਰਤੀ ਜਨਤਾ ਪਾਰਟੀ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਇਨ੍ਹਾਂ ਦੋਵਾਂ ਕਲਾਕਾਰਾਂ ਨੂੰ ਆਪਣੀ ਪਾਰਟੀ ’ਚ ਸ਼ਾਮਲ ਕੀਤਾ ਹੈ।
ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਉਚੇਚੇ ਤੌਰ ’ਤੇ ਪ੍ਰੋਗਰਾਮ ’ਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਮਾਹੀ ਗਿੱਲ ਤੇ ਹੋਬੀ ਧਾਲੀਵਾਲ ਨੂੰ ਗੁਲਦਸਤਾ ਭੇਟ ਕਰਕੇ ਪਾਰਟੀ ’ਚ ਸੁਆਗਤ ਕੀਤਾ।
ਦੱਸ ਦੇਈਏ ਕਿ ਹੋਬੀ ਧਾਲੀਵਾਲ ਨੇ ਪਾਰਟੀ ’ਚ ਸ਼ਾਮਲ ਹੋਣ ਤੋਂ ਪਹਿਲਾਂ ਇਕ ਇੰਟਰਵਿਊ ਵੀ ਦਿੱਤਾ ਸੀ। ਇਸ ਇੰਟਰਵਿਊ ਦੌਰਾਨ ਹੋਬੀ ਧਾਲੀਵਾਲ ਨੇ ਕਿਹਾ ਕਿ ਉਹ 3 ਖੇਤੀ ਕਾਨੂੰਨ ਵਾਪਸ ਹੋਣ ਤੋਂ ਬਾਅਦ ਹੀ ਭਾਜਪਾ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਹਨ। ਹੋਬੀ ਧਾਲੀਵਾਲ ਨੇ ਕਿਹਾ ਕਿ ਅਸੀਂ ਕਦੇ ਭਾਜਪਾ ਦੀ ਸੋਚ ਨੂੰ ਨੇੜਿਓਂ ਸਮਝਿਆ ਹੀ ਨਹੀਂ।
ਇਸ ਦੌਰਾਨ ਭਾਜਪਾ ਦੇ ਚੋਣ ਇੰਚਾਰਜ ਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਪੰਜਾਬ ਇੰਚਾਰਜ ਦੁਸ਼ਯੰਤ ਗੌਤਮ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਭਾਜਪਾ ਹੌਲੀ-ਹੌਲੀ ਹਰ ਸੂਬੇ ’ਚ ਅੱਗੇ ਵੱਧ ਰਹੀ ਹੈ। ਪਾਰਟੀ ਦੀ ਮਜ਼ਬੂਤੀ ਲਈ ਹਰ ਸਮਝਦਾਰ ਵਿਅਕਤੀ ਜੁੜ ਰਿਹਾ ਹੈ ਤੇ ਪਾਰਟੀ ਦੀ ਤਰੱਕੀ ਲਈ ਕੰਮ ਕਰ ਰਿਹਾ ਹੈ।