ਕਲਾ ਨੂੰ ਹੀ ਇਬਾਦਤ ਮੰਨਣ ਵਾਲਾ ਗਾਇਕ ਤੇ ਪੈਡ-ਪਲੇਅਰ : ਰਿਆਜ਼ ਵਾਰਸੀ

ਕਲਾ ਨੂੰ ਹੀ ਇਬਾਦਤ ਮੰਨਣ ਵਾਲਾ ਗਾਇਕ  ਤੇ ਪੈਡ-ਪਲੇਅਰ : ਰਿਆਜ਼  ਵਾਰਸੀ
 ਪੰਜਾਬੀ ਗਾਇਕੀ ਵਿੱਚ ਕਦਮ-ਕਦਮ ‘ਤੇ ਨਵੇਂ ਚਿਹਰੇ ਅਤੇ ਨਵੀਂਆਂ ਅਵਾਜ਼ਾਂ ਦੇਖਣ-ਸੁਣਨ ਨੂੰ ਮਿਲਦੀਆਂ ਹਨ। ਪਰ ਸਾਉਣ ਦੇ ਛਰਾਟੇ ਵਾਂਗ ਜਲਦੀ ਹੀ ਅਲੋਪ ਵੀ ਹੋ ਜਾਂਦੀਆਂ ਹਨ। ਦੂਜੀ ਬਾਰ ਮਾਈ ਦਾ ਲਾਲ ਉਹੀ ਨਜ਼ਰੀ ਆਉਂਦਾ ਹੈ, ਜਿਸ ਨੇ ਇਸ ਖੇਤਰ ਵਿਚ ਪੱਕੇ ਪੈਰੀਂ ਮੈਦਾਨ ਵਿਚ ਨਿਕਲਣਾ ਹੋਵੇ।  ਇਸ ਕੈਟਾਗਰੀ ਦੇ ਲੋਕ ਕਲਾ ਨੂੰ ਸ਼ੌਕ, ਰੀਝ ਨਾਲ ਪਾਲ਼ਦਿਆਂ ਦਿਨ ਰਾਤ ਇਕ ਕਰ ਦਿੰਦੇ ਹਨ, ਮਿਹਨਤ ਭਰੀ ਤਪੱਸਿਆ ਕਰਦੇ ਹੋਏ।  ਸਵੇਰੇ ਤੜਕੇ ਇਕ ਪਾਸੇ ਮੁਰਗੇ ਬਾਂਗਾਂ ਦੇਣੀਆਂ ਸ਼ੁਰੂ ਕਰ ਦਿੰਦੇ ਹਨ ਅਤੇ ਦੂਜੇ ਪਾਸੇ ਗਾਇਕੀ ਕਲਾ ਦੇ ਪੁਜਾਰੀ ਬਾਂਗਾਂ ਦੇਣੀਆਂ ਸ਼ੁਰੂ ਕਰ ਦਿੰਦੇ ਹਨ।  ਘੰਟਿਆਂ ਬੱਧੀ ਬਾਂਗਾਂ ਦਿੰਦੇ ਗਲ਼ੇ ਦੀਆਂ ਗਰਾਰੀਆਂ ਮਾਰਦੇ, ਗਲ਼ੇ ਦੀਆਂ ਹਰਕਤਾ ਕਰਦੇ ਲਾ ਦਿੰਦੇ ਹਨ, ਜਿਸ ਵਿਚੋਂ ਜਿੱਥੇ ਉਨ੍ਹਾਂ ਦੀ ਅਵਾਜ਼ ਵਿਚ ਸੁਰੀਲਾ-ਪਨ ਅਤੇ ਮਿਠਾਸ ਪੇਦਾ ਹੁੰਦੀ ਹੈ, ਉਥੇ ਗਾਉਣ ਦੀ ਸਮਰੱਥਾ ਵੀ ਬਣਦੀ ਹੈ ਅਤੇ ਦਿਨ-ਪਰ-ਦਿਨ ਨਿਖਾਰ ਵੀ ਆਉਂਦਾ ਹੈ, ਉਨ੍ਹਾਂ ਦੀ ਕਲਾ ਵਿਚ। ਉਹ ਹੀ ਕਲਾਕਾਰ ਸਰੋਤਿਆਂ ਨੂੰ ਕੀਲ ਕੇ ਬਿਠਾ ਸਕਦਾ ਹੈ, ਜਿਸ ਨੇ ਉਸਤਾਦਾਂ ਦੀਆਂ ਮਾਰਾਂ ਖਾਂਦਿਆਂ ਉਨ੍ਹਾਂ ਵੱਲੋਂ ਸੰਗੀਤ ਅਤੇ ਗਾਇਕੀ ਦੀਆਂ ਬਰੀਕੀਆਂ ਦੇ ਗੁਰ ਸਿੱਖੇ ਹੋਏ ਹੋਣ। ਅਜਿਹੇ ਸੰਘਰਸ਼ ਦੀ ਦਲਦਲ ਵਿਚੋਂ ਨਿਕਲਿਆ ਇਕ ਤਪੱਸਵੀ ਗਾਇਕ ਹੈ- ਰਿਆਜ਼ ਵਾਰਸੀ।
 ਜਿਲ੍ਹਾ ਲੁਧਿਆਣਾ ਦੇ ਪਿੰਡ- ਢੰਡਾਰੀ ਕਲਾਂ ਵਿਖੇ ਪਿਤਾ ਮਹਿਮੂਦ ਵਾਰਸੀ ਦੇ ਘਰ ਮਾਤਾ ਸਲਮਾ ਬੇਗਮ ਦੀ ਪਾਕਿ ਕੁੱਖੋਂ ਪੈਦਾ ਹੋਇਆ ਰਿਆਜ਼ ਦੱਸਦਾ ਹੈ ਕਿ ਉਸ ਨੂੰ ਸਟੇਜ ਤੇ ਖੜ੍ਹੇ ਹੋਣ ਦੀ ਅਤੇ ਗਾਇਕੀ ਦੀ ਗੁੜ੍ਹਤੀ ਪਰਿਵਾਰਕ ਮਹੌਲ ਵਿਚ ਸਹਿਜ-ਸੁਭਾਅ ਵਿਰਸੇ ਵਿਚ ਹੀ ਆਪਣੇ ਪਿਤਾ ਵੱਲੋਂ ਮਿਲੀ ਹੈ।  ਇਸੇ ਹੀ ਖੇਤਰ ਨੂੰ ਪੱਕੇ ਤੌਰ ਤੇ ਅਪਨਾਉਣ ਦੇ ਇਰਾਦੇ ਨਾਲ ਉਸ ਨੇ ਮਿਊਜ਼ਿਕ ਦੀ ਬੀ. ਏ. ਕੀਤੀ।  ਜਦੋਂ ਉਹ ਕੁਝ ਕਰਨ ਯੋਗ ਹੋ ਗਿਆ ਤਾਂ ਸਟੇਜਾਂ ਵੱਲ ਨੂੰ ਨਿਕਲ ਤੁਰਿਆ। ਉਸ ਨੇ  ਹਰ ਤਰ੍ਹਾਂ ਦੀਆਂ ਸਟੇਜਾਂ ਸਾਂਝੀਆਂ ਕੀਤੀਆਂ ਹਨ, ਜਿੱਥੋਂ ਉਸ ਨੂੰ ਸਰੋਤਿਆਂ ਵੱਲੋਂ ਖੂਬ ਪਿਆਰ ਮਿਲਿਆ। ਰਿਆਜ਼ ਅੱਗੇ ਦੱਸਦਾ ਹੈ ਕਿ ਉਸ ਦਾ ਛੋਟਾ ਭਰਾ ਨੁਸਰਤ ਵਾਰਸੀ ਵੀ ਉਸ ਨਾਲ ਪ੍ਰੋਗਰਾਮਾਂ ਦੌਰਾਨ ਉਸ ਦਾ ਗਾਇਕੀ ਵਿੱਚ ਸਾਥ ਨਿਭਾਉਂਦਾ ਹੈ। ਮਿਊਜ਼ਿਕ ਲਾਈਨ ਵਿੱਚ ਉਹ ਦੋਨੋਂ ਭਰਾ, ”ਵਾਰਸੀ-ਬ੍ਰਦਰਜ਼ ” ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ। ਜਦੋਂ ਦੋਵੇ ਭਰਾ ਇਕੱਠੇ ਸਟੇਜ ਤੇ ਚੜ੍ਹਦੇ ਹਨ ਤਾਂ ਛਾੱ ਜਾਂਦੇ ਹਨ, ਮੱਲੋ-ਮੱਲੀ ਦਰਸ਼ਕਾਂ-ਸਰੋਤਿਆਂ ਦੇ ਦਿਲਾਂ ਉਤੇ।  ਹੁਣ ਬਹੁਤ ਜਲਦੀ ਹੀ ਉਨ੍ਹਾਂ ਦਾ ਸੁਰੀਲੀ ਅਤੇ ਦਮਦਾਰ ਅਵਾਜ਼ ਵਿਚ ਸਿੰਗਲ ਟਰੈਕ ਵੀ ਰਿਲੀਜ਼ ਹੋਣ ਵਾਲਾ ਹੈ, ਜਿਸ ਦੀ ਪੂਰੀ ਤਿਆਰੀ ਖ਼ੂਬ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ।
 ਰਿਆਜ਼ ਸਿਰਫ ਗਾਇਕੀ ਤੱਕ ਹੀ ਸੀਮਿਤ ਨਹੀ, ਗਾਇਕੀ ਦੇ ਨਾਲ-ਨਾਲ ਪੈਡ ਪਲੇਅ ਕਰਨ ਵਿਚ ਵੀ ਉਸ ਨੂੰ ਪੂਰਨ ਨਿਪੁੰਨਤਾ ਹਾਸਲ ਹੈ।  ਜਦੋਂ ਉਸ ਦਾ ਕਿੱਧਰੇ ਗਾਇਕੀ ਦਾ ਪ੍ਰੋਗਰਾਮ ਨਹੀ ਹੁੰਦਾ ਤਾਂ ਉਹ ਦੂਸਰੇ ਕਲਾਕਾਰਾਂ ਨਾਲ ਸਾਜਿੰਦਿਆਂ ਵਿਚ ਰਲ਼ ਕੇ ਪੈਡ ਪਲੇਅ ਕਰਨ ਚਲੇ ਜਾਂਦਾ ਹੈ।  ਉਥੇ ਮੌਕਾ ਮਿਲਦਾ ਹੈ ਤਾਂ ਖ਼ੁਦ ਵੀ ਗਾਇਕੀ ਦੀ ਹਾਜ਼ਰੀ ਲਗਵਾ ਲੈਂਦਾ ਹੈ।  ਉਹ ਸ਼ੁਕਰ-ਗੁਜ਼ਾਰ ਹੈ ਉਪਰ ਵਾਲੇ ਓਸ ਲਲਾਰੀ ਦਾ, ਜਿਸ ਨੇ ਉਸ ਨੂੰ ਅਨਮੋਲ ਕਲਾਵਾਂ ਦੇ ਸ਼ਾਨਦਾਰ ਰੰਗੀਨ ਰੰਗਾਂ ਵਿਚ ਰੰਗ ਰੱਖਿਆ ਹੈ।  ਇਹ ਉਸ ਦੀਆਂ ਕਲਾਵਾਂ ਦੇ ਰੰਗਾਂ ਦਾ ਹੀ ਸਦਕਾ ਹੈ ਕਿ ਰਿਆਜ਼ ਨੂੰ ਕਈ ਸੱਭਿਆਚਾਰਕ ਕਲੱਬਾਂ, ਮੰਚਾ ਅਤੇ ਸਭਾਵਾਂ ਵੱਲੋਂ ਮਾਣ-ਸਨਮਾਨ ਪ੍ਰਾਪਤ ਹੋ ਚੁੱਕੇ ਹਨ, ਜਿਨ੍ਹਾਂ ਨਾਲ ਉਹ ਆਪਣੇ ਘਰ ਨੂੰ ਸ਼ਿੰਗਾਰੀ ਬੈਠਾ ਹੈ।
 ਗਾਇਕੀ ਨੂੰ ਹੀ ਇਬਾਦਤ ਮੰਨਣ ਵਾਲੀ ”ਰਿਆਜ਼-ਬ੍ਰਦਰਜ਼ ”  ਨਾਂਓਂ ਦੀ ਇਸ ਖੂਬਸੂਰਤ ਜੋੜੀ ਲਈ ਮਹਿਕਾਂ ਤੇ ਖ਼ੁਸ਼ਬੂਆਂ ਵੰਡਦੀ ਉਹ ਸੱਜ਼ਰੀ ਸਵੇਰ ਆਉਣ ਵਿਚ ਹੁਣ ਜ਼ਿਆਦਾ ਦੇਰ ਨਹੀ, ਜਦੋਂ ਇਸ ਜੋੜੀ ਦਾ ਨਾਂਓਂ ਹਰ ਪੰਜਾਬੀ ਕਲਾ-ਪ੍ਰੇਮੀ ਦੇ ਬੁੱਲ੍ਹਾਂ ਉਤੇ ਤੋਤੇ ਵਾਂਗ ਰਟਿਆ ਹੋਵੇਗਾ।  ਉਨ੍ਹਾਂ ਨੂੰ ਸੁਣਨ ਵਾਸਤੇ ਕਲਾ-ਪ੍ਰੇਮੀਆਂ ਦੇ ਦਿਲ ਧੱਕ-ਧੱਕ ਕਰਦੇ ਧੜਕਣਗੇ।  
-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ,  9876428641

Leave a Reply

Your email address will not be published. Required fields are marked *