ਚੋਣ ਜ਼ਾਬਤੇ ਦੌਰਾਨ ਅਕਾਲੀਆਂ ਅਤੇ ਕਾਂਗਰਸੀਆਂ ’ਚ ਚੱਲੀਆਂ ਗੋਲੀਆਂ

ਖੇਮਕਰਨ (ਸੋਨੀਆ) : ਚੋਣ ਜ਼ਾਬਤਾ ਦੌਰਾਨ ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਅਕਾਲੀਆਂਅਤੇ ਕਾਂਗਰਸੀਆਂ ’ਚ ਚਲੀਆਂ ਗੋਲੀਆਂ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ। ਦੱਸਣਯੋਗ ਹੈ ਕਿ ਇੱਥੋਂ ਦੇ ਅਧੀਨ ਪੈਂਦੇ ਪਿੰਡ ਬਾਸਰਕੇ ਵਿਖੇ ਅਕਾਲੀ ਦਲ ਅਤੇ ਕਾਂਗਰਸ ਪਾਰਟੀ ’ਚ ਵੋਟਾਂ ਨੂੰ ਲੈ ਕੇ ਚੱਲੀਆਂ ਗੋਲੀਆਂ ਦਰਮਿਆਨ ਦੋਹਾਂ ਧਿਰਾਂ ਦੇ ਇਕ-ਇੱਕ ਵਿਅਕਤੀ ਨੂੰ ਗੋਲੀਆਂ ਲੱਗੀਆਂ ਹਨ। ਗੋਲੀ ਲੱਗਣ ਵਾਲੇ ਵਿਅਕਤੀ ਬਲਬੀਰ ਸਿੰਘ ਮੌਜੂਦਾ ਮੈਂਬਰ ਕਾਂਗਰਸ ਅਤੇ ਗੁਰਜਿੰਦਰ ਸਿੰਘ ਅਕਾਲੀ ਆਗੂ ਨੂੰ ਇਲਾਜ ਲਈ ਤਰੁੰਤ ਸਰਕਾਰੀ ਹਸਪਤਾਲ ਸੁਰਸਿੰਘ ਵਿਖੇ ਲਿਜਾਇਆ ਗਿਆ। ਮੌਕੇ ’ਤੇ ਮੌਜੂਦ ਦੋਹਾਂ ਧਿਰਾਂ ਵੱਲੋਂ ਇੱਕ ਦੂਜੇ ’ਤੇ ਵੋਟਾਂ ਨੂੰ ਲੈ ਕੇ ਵਧੀਕੀ ਕਰਨ ਦੇ ਦੋਸ਼ ਲਗਾਏ ਜਾ ਰਹੇ ਸਨ।

ਪਿੰਡ ਬਾਸਰਕੇ ਪਹੁੰਚੇ ਡੀ. ਐੱਸ. ਪੀ. ਭਿੱਖੀਵਿੰਡ ਤਰਸੇਮ ਮਸੀਹ ਅਤੇ ਐੱਸ. ਐੱਚ. ਓ. ਖਾਲੜਾ ਨੇ ਕਿਹਾ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਹਰ ਪੁਲਸ ਥਾਣੇ ਵੱਲੋਂ ਹਥਿਆਰ ਜਮ੍ਹਾਂ ਕਰਾਉਣ ਦੀ ਅਪੀਲ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਵੀ ਗੋਲੀ ਚਲਣ ਵਰਗੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ। ਜਨਤਾ ’ਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਪ੍ਰਸ਼ਾਸਨ ਦੀ ਨਲਾਇਕੀ ਨਹੀਂ ਤੇ ਹੋਰ ਕੀ ਹੈ।