ਵਿਦੇਸ਼ੀ ਮੁਸਾਫਰਾਂ ਦੇ ਹੁਣ ਨਹੀਂ ਹੋਣਗੇ ਕੋਰੋਨਾ ਟੈਸਟ, ਸਿਰਫ ਸ਼ੱਕੀ ਮਰੀਜ਼ਾਂ ਦੇ ਲਏ ਜਾਣਗੇ ਸੈਂਪਲ

ਅੰਮ੍ਰਿਤਸਰ: ਕੋਰੋਨਾ ਦੇ ਲਗਾਤਾਰ ਘੱਟ ਹੋ ਰਹੇ ਪ੍ਰਭਾਵ ਨੂੰ ਵੇਖਦੇ ਹੋਏ ਸਿਹਤ ਵਿਭਾਗ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਨੂੰ ਵਿਸ਼ੇਸ਼ ਰਾਹਤ ਦਿੱਤੀ ਹੈ। ਅੰਤਰਰਾਸ਼ਟਰੀ ਹਵਾਈ ਅੱੱਡੇ ਅੰਮ੍ਰਿਤਸਰ ’ਤੇ 14 ਫਰਵਰੀ ਤੋਂ 12 ਦੇਸ਼ਾਂ ਤੋਂ ਆਉਣ ਵਾਲੇ ਸਾਰੇ ਮੁਸਾਫਰਾਂ ਦੇ ਕੋਰੋਨਾ ਸੈਂਪਲ ਨਹੀਂ ਲਏ ਜਾਣਗੇ। ਸਗੋਂ ਉਨ੍ਹਾਂ ਮੁਸਾਫਰਾਂ ਦੇ ਸੈਂਪਲ ਲਈ ਜਾਣਗੇ, ਜਿਨ੍ਹਾਂ ਵਿਚ ਕੋਈ ਵਾਇਰਸ ਨਾਲ ਸਬੰਧਤ ਲੱਛਣ ਹੋਣਗੇ। ਇਸ ਤੋਂ ਇਲਾਵਾ ਵਿਭਾਗ ਵਲੋਂ ਪਾਜ਼ੇਟਿਵ ਆਉਣ ’ਤੇ ਮਰੀਜ਼ਾਂ ਨੂੰ ਉਨ੍ਹਾਂ ਦੇ ਸਬੰਧਤ ਜ਼ਿਲ੍ਹਿਆਂ ਵਿਚ ਸਥਿਤ ਘਰਾਂ ਵਿਚ ਇਕਾਂਤਵਾਸ ਵਿਚ ਰੱਖਿਆ ਜਾਵੇਗਾ, ਜਦੋਂਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿਚ ਮਰੀਜ਼ਾਂ ਨੂੰ ਰੱਖਿਆ ਜਾਂਦਾ ਸੀ ਅਤੇ ਸਾਰੇ ਮੁਸਾਫ਼ਰਾਂ ਦੇ ਸੈਂਪਲ ਲਏ ਜਾਂਦੇ ਸਨ।

ਜਾਣਕਾਰੀ ਅਨੁਸਾਰ ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਭਾਰਤ ਸਰਕਾਰ ਵਲੋਂ ਇਟਲੀ ਅਤੇ ਹੋਰ 12 ਦੇਸ਼ਾਂ ਨੂੰ ਓਮੀਕ੍ਰੋਨ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿਚ ਪਾਇਆ ਗਿਆ ਸੀ। ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਸਾਰੇ ਮੁਸਾਫਰਾਂ ਦੇ ਕੋਰੋਨਾ ਟੈਸਟ ਕੀਤੇ ਜਾਂਦੇ ਸਨ। ਸਿਹਤ ਵਿਭਾਗ ਵਲੋਂ ਹੁਣ ਕੋਰੋਨਾ ਦੇ ਘੱਟ ਹੋ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਜਿੱਥੇ 12 ਦੇਸ਼ਾਂ ਨੂੰ ਵਾਇਰਸ ਨਾਲ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਤੋਂ ਬਾਹਰ ਕੱਢ ਦਿੱਤਾ ਹੈ, ਉਥੇ ਮੁਸਾਫਰਾਂ ਨੂੰ ਵਿਸ਼ੇਸ਼ ਰਾਹਤ ਦਿੱਤੀ ਹੈ। ਸਿਵਲ ਸਰਜਨ ਚਰਨਜੀਤ ਸਿੰਘ ਨੇ ਦੱਸਿਆ ਕਿ 14 ਫਰਵਰੀ ਤੋਂ ਵਿਦੇਸ਼ਾਂ ਤੋਂ ਆਉਣ ਵਾਲੇ ਸਾਰੇ ਮੁਸਾਫ਼ਰਾਂ ਦੇ ਟੈਸਟ ਹੁਣ ਨਹੀਂ ਕੀਤੇ ਜਾਣਗੇ, ਜਿਨ੍ਹਾਂ ਮੁਸਾਫ਼ਰਾਂ ਵਿਚ ਖਾਂਸੀ, ਜ਼ੁਕਾਮ, ਬੁਖ਼ਾਰ ਦੇ ਲੱਛਣ ਹੋਣਗੇ, ਉਨ੍ਹਾਂ ਦੇ ਸੈਂਪਲ ਲਈ ਜਾਣਗੇ।

Leave a Reply

Your email address will not be published. Required fields are marked *