ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ

ਪਾਣੀਪਤ: ਅਦਾਕਾਰ ਦੀਪ ਸਿੱਧੂ ਦੀ ਅੱਜ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਪਤਾ ਲੱਗਾ ਹੈ ਕਿ ਉਹ ਆਪ ਹੀ ਜੀਪ ਚਲਾ ਰਹੇ ਸਨ ਜੋ ਖੜ੍ਹੇ ਟਰਾਲੇ ਨਾਲ ਜਾ ਟਕਰਾਈ ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਵੇਲੇ ਉਸ ਨਾਲ ਕਾਰ ਵਿਚ ਇਕ ਲੜਕੀ ਵੀ ਸਵਾਰ ਸੀ ਜਿਸ ਦੇ ਵੀ ਸੱਟਾਂ ਲੱਗੀਆਂ ਹਨ। ਇਹ ਹਾਦਸਾ ਅੱਜ ਰਾਤ ਨੌਂ ਵਜੇ ਦੇ ਕਰੀਬ ਕੁੰਡਲੀ-ਮਾਨੇਸਰ ਐਕਸਪ੍ਰੈਸ ਵੇਅ ਨੇੜੇ ਹੋਇਆ। ਉਹ ਦਿੱਲੀ ਤੋਂ ਪੰਜਾਬ ਜਾ ਰਹੇ ਸਨ। ਜ਼ਿਕਰਯੋਗ ਹੈ ਕਿ ਦੀਪ ਸਿੱਧੂ ਨੇ ਦਿੱਲੀ ਦੀ ਹੱਦ ’ਤੇ ਚੱਲੇ ਕਿਸਾਨ ਅੰਦੋਲਨ ਵਿਚ ਵੀ ਅਹਿਮ ਭੂਮਿਕਾ ਨਿਭਾਈ ਸੀ ਤੇ ਉਹ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਲਈ ਪੰਜਾਬ ਵਿਚ ਪ੍ਰਚਾਰ ਕਰ ਰਹੇ ਸਨ। ਅਪਰੈਲ 1984 ਵਿੱਚ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਵਿੱਚ ਜਨਮੇ ਦੀਪ ਸਿੱਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਉਨ੍ਹਾਂ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਤੇ ਉਹ ਕਿੰਗਫਿਸ਼ਰ ਮਾਡਲ ਹੰਟ ਦਾ ਜੇਤੂ ਵੀ ਰਹੇ। ਉਨ੍ਹਾਂ ਨੇ ਮਿਸਟਰ ਇੰਡੀਆ ਮੁਕਾਬਲੇ ਵਿੱਚ ਮਿਸਟਰ ਪਰਸਨੈਲਿਟੀ ਦਾ ਖਿਤਾਬ ਵੀ ਜਿੱਤਿਆ। ਉਨ੍ਹਾਂ ਦੀ ਪਹਿਲੀ ਪੰਜਾਬੀ ਫਿਲਮ ‘ਰਮਤਾ ਜੋਗੀ’ ਸਾਲ 2015 ’ਚ ਰਿਲੀਜ਼ ਹੋਈ ਸੀ। ਹਾਲਾਂਕਿ ਦੀਪ ਨੇ 2018 ਦੀ ਫਿਲਮ ‘ਜੋਰਾ ਦਸ ਨੰਬਰੀਆ’ ਨਾਲ ਨਾਮਣਾ ਖੱਟਿਆ ਸੀ ਜਿਸ ਵਿੱਚ ਉਨ੍ਹਾਂ ਨੇ ਗੈਂਗਸਟਰ ਦੀ ਭੂਮਿਕਾ ਨਿਭਾਈ ਸੀ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੀਪ ਸਿੱਧੂ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਟਵੀਟ ਕਰ ਕੇ ਅਦਾਕਾਰ ਤੇ ਸਮਾਜ ਸੇਵੀ ਦੀ ਮੌਤ ’ਤੇ ਪਰਿਵਾਰ ਤੇ ਪ੍ਰਸੰਸਕਾਂ ਨਾਲ ਦੁੱਖ ਜ਼ਾਹਰ ਕੀਤਾ।

Leave a Reply

Your email address will not be published. Required fields are marked *