ਪੰਜਾਬ ਚੋਣਾਂ: ਹਰਿਆਣਾ ਨਾਲ ਲੱਗਦੀਆਂ ਹੱਦਾਂ ਸੀਲ

ਸਿਰਸਾ: ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਹਰਿਆਣਾ ਨੇ ਉਸ ਨਾਲ ਲੱਗਦੀਆਂ ਹੱਦਾਂ ਸੀਲ ਕਰ ਦਿੱਤਾ ਗਿਆ ਹੈ। ਪੰਜਾਬ ਤੇ ਹਰਿਆਣਾ ਨੂੰ ਜੋੜਣ ਵਾਲੀਆਂ ਸੜਕਾਂ ’ਤੇ ਵੱਖ-ਵੱਖ ਥਾਵਾਂ ’ਤੇ 28 ਨਾਕੇ ਲਾਏ ਗਏ ਹਨ। ਪੈਟਰੋਲਿੰਗ ਲਈ ਦਸ ਟੀਮਾਂ ਕਾਇਮ ਕੀਤੀਆਂ ਗਈਆਂ ਹਨ। ਸਿਰਸਾ ਦੇ ਐਸਪੀ ਡਾ. ਅਰਪਿਤ ਜੈਨ ਨੇ ਦੱਸਿਆ ਹੈ ਕਿ ਹਰਿਆਣਾ ਤੇ ਪੰਜਾਬ ਦੀਆਂ ਹੱਦਾਂ ਨੂੰ ਸੀਲ ਕੀਤਾ ਗਿਆ ਹੈ। ਬਰਨਾਲਾ-ਮਾਨਸਾ ਵਾਲੇ ਪਾਸੇ 12 ਨਾਕੇ ਲਾਏ ਗਏ ਜਨ ਜਦੋਂਕਿ ਬਠਿੰਡਾ ਵਾਲੇ ਪਾਸੇ 11 ਨਾਕੇ ਲਾਏ ਗਏ ਹਨ। ਮੁਕਤਸਰ ਵਾਲੇ ਪਾਸੇ ਛੇ ਥਾਵਾਂ ’ਤੇ ਨਾਕੇ ਲਾਏ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਨਾਲ ਲਗਦੇ ਕਾਲਾਂਵਾਲੀ, ਰੋੜੀ, ਸਦਰ ਡੱਬਵਾਲੀ ਤੇ ਸ਼ਹਿਰ ਡੱਬਵਾਲੀ ਤੋਂ ਇਲਾਵਾ ਡਿੰਗ ਥਾਣਾ ਇੰਚਾਰਜਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਪੰਜਾਬ ਦੀਆਂ ਚੋਣਾਂ ਦੇ ਮੱਦੇਨਜ਼ਰ ਚੌਕਸੀ ਵਧਾਈ ਜਾਏ। ਪੰਜਾਬ ਨੂੰ ਜਾਣ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ। ਪੰਜਾਬ ਨੂੰ ਜਾਣ ਵਾਲੇ ਵਾਹਨਾਂ ਦੀ ਫੋਟੋਗਰਾਫੀ ਤੇ ਵੀਡੀਓਗਰਾਫੀ ਕੀਤੀ ਜਾ ਰਹੀ ਹੈ। ਮਸ਼ਕੂਕਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ।