ਬਾਜ਼ਾਰ ਵਿੱਚ ਨਗਨ ਘੁੰਮਣ ਦਾ ਮਾਮਲਾ: ਸਮਾਜਸੇਵੀਆਂ ਵੱਲੋਂ ਰੋਸ ਮਾਰਚ

ਚਮਕੌਰ ਸਾਹਿਬ : ਚਮਕੌਰ ਸਾਹਿਬ ਦੇ ਸਮੂਹ ਬਾਜ਼ਾਰਾਂ ਵਿੱਚ ਇਲਾਕੇ ਦੀਆਂ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਰੋਸ ਮਾਰਚ ਕੀਤਾ ਗਿਆ ਅਤੇ ਸਰਕਾਰ ਤੇ ਪੁਲੀਸ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਪਿਛਲੇ ਦਿਨੀ ਇੱਕ ਕੇਸ ਦਰਜ ਹੋਣ ਕਾਰਨ ਨਿਰਵਸਤਰ ਹੋ ਕੇ ਇੱਥੋਂ ਦੇ ਬਾਜ਼ਾਰ ਵਿੱਚ ਘੁੰਮਣ ਵਾਲੇ ਇੱਕ ਦੁਕਾਨਦਾਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਆਦਰਸ਼ ਚੈਰੀਟੇਬਲ ਟਰੱਸਟ, ਸਹਾਰਾ ਸੇਵਾ ਸੁਸਾਇਟੀ, ਚੇਤਨਾ ਕਲਾ ਮੰਚ, ਉਪਕਾਰ ਸੇਵਾ ਸੁਸਾਇਟੀ ਅਤੇ ਹੋਰ ਇਨਸਾਫ਼ ਪਸੰਦ ਲੋਕਾਂ ਵੱਲੋਂ ਸਵਰਨ ਸਿੰਘ ਭੰਗੂ ਅਤੇ ਅਮਨਦੀਪ ਸਿੰਘ ਮਾਂਗਟ ਦੀ ਅਗਵਾਈ ਹੇਠ ਆਦਰਸ਼ ਭਵਨ ਤੋਂ ਸ਼ੁਰੂ ਕੀਤੇ ਇਸ ਰੋਸ ਮਾਰਚ ਦੌਰਾਨ ਸੰਬੋਧਨ ਕਰਦਿਆਂ ਸਵਰਨ ਸਿੰਘ ਭੰਗੂ, ਅਮਨਦੀਪ ਸਿੰਘ ਮਾਂਗਟ, ਪਰਗਟ ਸਿੰਘ ਰੋਲੂਮਾਜਰਾ, ਜ਼ਿਲ੍ਹਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੇਜਰ ਸਿੰਘ ਮਾਂਗਟ ਅਤੇ ਫ਼ਿਲਮੀ ਅਦਾਕਾਰ ਗੁਰਪ੍ਰੀਤ ਕੌਰ ਭੰਗੂ ਆਦਿ ਨੇ ਕਿਹਾ ਕਿ ਉਕਤ ਦੁਕਾਨਦਾਰ ਵੱਲੋਂ ਕੀਤੀ ਸ਼ਰਮਨਾਕ ਹਰਕਤ ਨੇ ਜਿੱਥੇ ਸ਼ਹਿਰ ਵਾਸੀਆਂ ਨੂੰ ਸ਼ਰਮਸਾਰ ਕੀਤਾ ਹੇੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਉਕਤ ਦੁਕਾਨਦਾਰ ਵਿਰੁੱਧ ਕੇਸ ਦਰਜ ਕਰਨ ਦੀ ਬਜਾਏ ਉਸ ਵਿਅਕਤੀ ਨੂੰ ਹੀਰੋ ਬਣਾ ਦਿੱਤਾ ਹੈ। ਬਾਜ਼ਾਰਾਂ ਵਿੱਚ ਰੋਸ ਮਾਰਚ ਦੌਰਾਨ ਦੁਕਾਨਦਾਰਾਂ ਨੂੰ ਉਕਤ ਘਟਨਾ ਸਬੰਧੀ ਪੰਫਲੈਟ ਵੀ ਵੰਡੇ ਗਏ। ਇਹ ਮਾਰਚ ਸ਼ਹਿਰ ਦੇ ਸਮੁੱਚੇ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਮੁੜ ਆਦਰਸ਼ ਭਵਨ ਵਿਖੇ ਹੀ ਸਮਾਪਤ ਹੋਇਆ। ਇਸ ਮੌਕੇ ਬਲਦੇਵ ਸਿੰਘ ਹਾਫਿਜ਼ਾਬਾਦ, ਅਮਰਜੀਤ ਸਿੰਘ ਕਲਸੀ, ਦਵਿੰਦਰ ਕੋਚ, ਕੁਲਜਿੰਦਰਜੀਤ ਸਿੰਘ ਬੰਬਰ, ਕਿਰਪਾਲ ਗਿੱਲ ਆਦਿ ਹਾਜ਼ਰ ਸਨ। 

ਸਮਾਜਸੇਵੀ ਪਰਮਿੰਦਰ ਕੌਰ ਰੰਗਰਾ ਨੇ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਜਦੋਂ ਉਕਤ ਦੁਕਾਨਦਾਰ ਬਾਜ਼ਾਰ ਵਿੱਚ ਸ਼ਰਮਨਾਕ ਘਟਨਾ ਨੂੰ ਅੰਜਾਮ ਦੇ ਰਿਹਾ ਸੀ, ਤਾਂ ਵੱਡੀ ਔਰਤਾਂ ਅਤੇ ਲੜਕੀਆਂ ਜੋ ਕਿ ਖਰੀਦਦਾਰੀ ਕਰਨ ਬਾਜ਼ਾਰਾਂ ਵਿੱਚ ਆਈਆਂ ਹੋਈਆਂ ਸਨ, ਜੋ ਸ਼ਰਮਸਾਰ ਹੋ ਕੇ ਬਾਜ਼ਾਰਾਂ ਵਿੱਚੋਂ ਭੱਜਦੀਆਂ ਵੇਖੀਆਂ ਗਈਆਂ। ਉਨ੍ਹਾਂ ਕਿਹਾ ਕਿ ਕਿਸੇ ਵੀ ਦੁਕਾਨਦਾਰ ਨੇ ਉਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਦੁਕਾਨਦਾਰ ਨੂੰ ਅਜਿਹਾ ਕਰਨ ਤੋਂ ਰੋਕਿਆ ਨਹੀਂ ਸਗੋਂ ਤਮਾਸ਼ਬੀਨ ਬਣ ਕੇ ਤਮਾਸ਼ਾ ਵੇਖਦੇ ਰਹੇ, ਜੋ ਕਿ ਬਹੁਤ ਹੀ ਨਿੰਦਣਯੋਗ ਗੱਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤੋਂ ਇਲਾਵਾ ਦੁੱਖ ਦੀ ਗੱਲ ਇਹ ਵੀ ਹੈ ਕਿ ਇੱਕ ਸਿਆਸੀ ਪਾਰਟੀ ਦਾ ਹਲਕਾ ਇੰਚਾਰਜ ਉਕਤ ਦੁਕਾਨਦਾਰ ਦੇ ਘਰ ਉਸ ਦੀ ਪਿੱਠ ਥਾਪੜਨ ਲਈ ਗਿਆ। ਉਨ੍ਹਾਂ ਡਿਪਟੀ ਕਮਿਸ਼ਨਰ, ਜ਼ਿਲ੍ਹਾ ਪੁਲੀਸ ਮੁਖੀ ਅਤੇ ਪੰਜਾਬ ਪੁਲੀਸ ਦੇ ਡੀਜੀਪੀ ਤੋਂ ਉਕਤ ਦੁਕਾਨਦਾਰ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਜਸਵੀਰ ਸਿੰਘ, ਗੁਰਚਰਨ ਸਿੰਘ ਅਤੇ ਰਜਿੰਦਰ ਸਿੰਘ ਆਦਿ ਹਾਜ਼ਰ ਸਨ। 

Leave a Reply

Your email address will not be published. Required fields are marked *