ਕਾਲੇ ਧਨ ਨੂੰ ਸਫ਼ੈਦ ਕਾਰਨ ਦੇ ਮਾਮਲੇ ’ਚ ਮਹਾਰਾਸ਼ਟਰ ਦਾ ਮੰਤਰੀ ਨਵਾਬ ਮਲਿਕ ਗ੍ਰਿਫ਼ਤਾਰ

ਮੁੰਬਈ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਮੁੰਬਈ ਅੰਡਰਵਰਲਡ ਦੀਆਂ ਗਤੀਵਿਧੀਆਂ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੂੰ ਅੱਜ ਪੁੱਛ ਪੜਤਾਲ ਲਈ ਸੱਦਿਆ ਸੀ। ਨਵਾਬ ਮਲਿਕ ਨੇ ਕਿਹਾ,‘ਅਸੀਂ ਜਿੱਤਾਂਗੇ, ਝੁਕਾਂਗੇ ਨਹੀਂ।’ ਅਧਿਕਾਰੀਆਂ ਮੁਤਾਬਕ 62 ਸਾਲਾ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨੇਤਾ ਮਲਿਕ ਸਵੇਰੇ 8 ਵਜੇ ਇੱਥੇ ਬੈਲਾਰਡ ਅਸਟੇਟ ਇਲਾਕੇ ‘ਚ ਸਥਿਤ ਈਡੀ ਦਫਤਰ ਪਹੁੰਚੇ ਅਤੇ ਏਜੰਸੀ ‘ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ’ (ਪੀਐੱਮਐੱਲਏ) ਤਹਿਤ ਉਨ੍ਹਾਂ ਦੇ ਬਿਆਨ ਦਰਜ ਕੀਤੇ। ਦੱਸਿਆ ਜਾ ਰਿਹਾ ਹੈ ਕਿ ਏਜੰਸੀ ਜਾਇਦਾਦ ਦੀ ਖਰੀਦ-ਵੇਚ ਵਿਚ ਮਲਿਕ ਦੀ ਕਥਿਤ ਸ਼ਮੂਲੀਅਤ ਦੀ ਜਾਂਚ ਕਰ ਰਹੀ ਹੈ।