ਦਸਤਾਰ ਦੀ ਥਾਂ ਧੋਤੀ ਦੇ ਮਾਸਕ ਕਿਉਂ ਨਹੀਂ ਬਣਾ ਲੈਂਦੇ ਭਾਜਪਾਈ?: ਭਾਈ ਤਰਸੇਮ ਸਿੰਘ

ਨਵੀਂ ਦਿੱਲੀ : ਦਿੱਲੀ ਵਿਚ ਭਾਜਪਾ ਦੇ ਸਿੱਖ ਸੈੱਲ ਵਲੋਂ ਕੋਰੋਨਾ ਤੋਂ ਬਚਾਅ ਲਈ ਮਾਸਕ ਬਣਾਉਣ ਲਈ ਸਿੱਖਾਂ ਤੋਂ ਦਸਤਾਰਾਂ ਇਕੱਠੀਆਂ ਕਰ ਕੇ, ਗ਼ੈਰ ਸਿੱਖ ਭਾਜਪਾਈਆਂ ਨੂੰ ਸੌਂਪ ਕੇ, ਸਿੱਖ ਹਿਰਦਿਆਂ ਨੂੰ ਸੱਟ ਮਾਰੀ ਜਾ ਰਹੀ ਹੈ। ਇਹ ਸਿੱਧੇ ਤੌਰ ‘ਤੇ ਸਿੱਖਾਂ ਦੀ ਦਸਤਾਰ ਨੂੰ ਪੈਰਾਂ ਵਿਚ ਰੋਲ੍ਹਣ ਦੀ ਕਾਰਵਾਈ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਭਾਈ ਤਰਸੇਮ ਸਿੰਘ ਨੇ ਕਿਹਾ, “ਜੇ ਐਮਰਜੈਂਸੀ ਦੇ ਹਾਲਾਤ ਵਿਚ ਦਸਤਾਰ ਦੀ ਵਰਤੋਂ ਕਰਨੀ ਵੀ ਪੈ ਜਾਵੇ ਤਾਂ ਇਸ ਦਾ ਹੱਕ ਕਿਸੇ ਗ਼ੈਰ ਸਿੱਖ ਨੂੰ ਕਿਉਂ ਦਿਤਾ ਜਾਵੇ।
ਜਿਵੇਂ ਕਿ ਜਨ ਸੰਘੀਆਂ ਨੂੰ ਸੈਂਕੜੇ ਦਸਤਾਰਾਂ ਭੇਟ ਕਰ ਕੇ, ਦਸਤਾਰ ਦੀ ਸ਼ਾਨ ਨੂੰ ਵੱਟਾ ਲਾਇਆ ਜਾ ਰਿਹਾ ਹੈ। ਸਿੱਖਾਂ ਨੂੰ ਲਾਮਬੰਦ ਹੋ ਕੇ, ਇਸ ਕੋਝੀ ਹਰਕਤ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ।
ਦਸਤਾਰ ਦਾ ਕਪੜਾ ਬਰੀਕ ਹੋਣ ਕਰ ਕੇ ਇਸ ਦੇ ਮਾਸਕ ਬਣਾਉਣ ਦਾ ਕੋਈ ਫ਼ਾਇਦਾ ਨਹੀਂ, ਸਗੋਂ ਦਸਤਾਰਾਂ ਦੀ ਥਾਂ ਭਾਜਪਾ ਨੂੰ ਧੋਤੀਆਂ ਭੇਟ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜਿਸ ਦੇ ਮੋਟੇ ਕਪੜੇ ਤੋਂ ਮਾਸਕ ਬਣ ਸਕਣਗੇ।”
ਉਨ੍ਹਾਂ ਕਿਹਾ ਕੋਰੋਨਾ ਦੌਰ ਵਿਚ ਸਿੱਖ ਜਗਤ ਨੇ ਲੋੜਵੰਦਾਂ ਲਈ ਲੰਗਰ ਲਾ ਕੇ ਗ਼ਰੀਬਾਂ ਦੀ ਸੰਭਾਲ ਹੀ ਨਹੀਂ ਕੀਤੀ, ਸਗੋਂ ਮਾਸਕ ਵੀ ਵੰਡੇ ਤੇ ਨਕਦ ਮਦਦ ਵੀ ਕੀਤੀ
ਪਰ ਸਿੱਖਾਂ ਦੇ ਸ਼ਾਨ ਵਜੋਂ ਜਾਣੀ ਜਾਂਦੀ ਦਸਤਾਰਾਂ ਭਾਜਪਾ ਅਹੁਦੇਦਾਰਾਂ ਨੂੰ ਦੇ ਕੇ, ਨਾਮੀ ਲੋਕਾਂ ਨੇ ਦਸਤਾਰ ਦੇ ਸਤਿਕਾਰ ਨੂੰ ਸੱਟ ਮਾਰਨ ਦੀ ਹਰਕਤ ਕੀਤੀ ਹੈ, ਜੋ ਬਰਦਾਸ਼ਤ ਤੋਂ ਬਾਹਰ ਹੈ।