ਦੀਪ ਦੀ ਮੌਤ ਦੀ ਜਾਂਚ ਯੂਐਨਓ ਤੋਂ ਕਰਾਵਾਂਗੇ, 6 ਨੂੰ ਬਰਗਾੜੀ ’ਚ ਇਕੱਠ: ਮਾਨ

ਫ਼ਤਹਿਗੜ੍ਹ ਸਾਹਿਬ (ਪਰਦੀਪ ਸਿੰਘ ਢਿੱਲੋਂ) : ਦੀਪ ਸਿੱਧੂ ਦੇ ਸਰਧਾਂਜ਼ਲੀ ਸਮਾਗਮ ਦੌਰਾਨ ਦੀਪ ਸਿੱਧੂ ਦੇ ਮਾਤਾ ਜੀ ਤੇ ਪਰਿਵਾਰ ਨੂੰ ਸਨਮਾਨਿਤ ਕਰਨ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਸੰਬੋਧਨ ’ਚ ਦੀਪ ਸਿੱਧੂ ਦੀ ਮੌਤ ਨੂੰ ਸਰਕਾਰੀ ਸਾਜ਼ਿਸ਼ੀ ਕਤਲ ਗਰਦਾਨਿਆ। ਉਨ੍ਹਾਂ ਦੀਪ ਦੀ ਗ੍ਰਿਫ਼ਤਾਰੀ ਦੌਰਾਨ ਉਸਨੂੰ ਵੱਡੇ ਪੁਲਿਸ ਅਧਿਕਾਰੀ ਵੱਲੋਂ ਦਿੱਤੀ ਧਮਕੀ ਦਾ ਖੁਲਾਸਾ ਵੀ ਕੀਤਾ। ਉਨ੍ਹਾਂ ਕਿਹਾ ਕਿ ’47 ਤੋਂ ਪਹਿਲਾਂ ਅੰਗਰੇਜ਼ਾਂ ਨਾਲ ਗੱਲਬਾਤ ਦੌਰਾਨ ਹਿੰਦੂ ਲਈ ਗਾਂਧੀ-ਨਹਿਰੂ ਵਕੀਲ ਸਨ ਤੇ ਮੁਸਲਮਾਨ ਲਈ ਜਿਨਾਹ। ਜੇਕਰ ਉਸ ਟੇਬਲ ‘ਤੇ ਦੀਪ ਸਿੱਧੂ ਵਰਗਾ ਸਿੱਖਾਂ ਦਾ ਕਾਬਿਲ ਵਕੀਲ ਬੈਠਾ ਹੁੰਦਾ ਤਾਂ ਸਾਡਾ ਵੀ ਆਪਣਾ ਮੁਲਕ ਹੁੰਦਾ। ਦੀਪ ਦਾ ਚਲਾਣਾ ਬਹੁਤ ਵੱਡਾ ਘਾਟਾ ਹੈ। ਉਨ੍ਹਾਂ ਕਿਹਾ ਕਿ ਦੀਪ ਨੂੰ ਮੈਂ ਕਿਰਪਾਨ ਤਾਂ ਫੜਾਈ ਸੀ ਕਿ ਮੈਨੂੰ ਅਗਲਾ ਆਗੂ ਲੱਭ ਗਿਆ। ਸ਼ਹੀਦਾਂ ਦੀ ਕਦੇ ਅੰਤਮ ਅਰਦਾਸ ਨਹੀਂ ਹੁੰਦੀ, ਹਰ ਰੋਜ਼ ਉਨ੍ਹਾਂ ਨੂੰ ਅਰਦਾਸ ‘ਚ ਯਾਦ ਕੀਤਾ ਜਾਂਦਾ ਹੈ। ਆਪਣੀ ਤਕਰੀਰ ‘ਚ ਉਨ੍ਹਾਂ ਕਈ ਹੋਰ ‘ਹਿੰਦੂਤਵੀ ਕਾਤਲਾਨਾ ਸਾਜ਼ਿਸ਼ਾਂ’ ਦਾ ਜ਼ਿਕਰ ਵੀ ਕੀਤਾ। ਮਾਨ ਦੇ ਭਾਸ਼ਣ ਦੌਰਾਨ ਖ਼ਾਲਸਈ ਜੈਕਾਰੇ ਅਤੇ ਦੀਪ ਸਿੱਧੂ ਅਮਰ ਰਹੇ- ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਪਿੱਛੇ ਗੂੰਜਦੇ ਰਹੇ। ਅਖੀਰ ‘ਚ ਉਨ੍ਹਾਂ ਦੀਪ ਦੀ ਮੌਤ ਦੀ ਜਾਂਚ ਯੂਐਨ ਤੋਂ ਕਰਵਾਉਣ ਲਈ ਕੋਸ਼ਿਸ਼ਾਂ ਕਰਨ ਦੀ ਗੱਲ ਆਖੀ, ਜਿਵੇਂ ਲਿਬਨਾਨ ਦੇ ਪ੍ਰਧਾਨ ਮੰਤਰੀ ਹਰਾਰੇ ਅਤੇ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਮੌਤ ਦੀ ਜਾਂਚ ਕਰਵਾਈ ਗਈ ਸੀ। ਸ. ਮਾਨ ਨੇ ਕਿਹਾ ਕਿ ਦੀਪ ਸਿੱਧੂ ਦੀ ਯਾਦ ਵਿਚ ਇੱਕ ਵੱਡਾ ਇਕੱਠ ਬਰਗਾੜੀ ਵਿਖੇ ਸੱਦਿਆ ਗਿਆ ਹੈ।

ਇਤਿਹਾਸਕਾਰ ਅਜਮੇਰ ਸਿੰਘ ਨੇ ਬੋਲਦਿਆਂ ਕਿਹਾ ਕਿ ਦੀਪ ਨੇ ਖ਼ੁਦ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਸੰਤ ਜਰਨੈਲ ਸਿੰਘ ਦੇ ਪੈਰ ਵਰਗਾ ਵੀ ਨਹੀਂ। ਦੀਪ ਨੇ ਹੀ ਕਿਹਾ ਸੀ ਕਿ ਸਾਨੂੰ ਯੋਗਤਾ ਮੁਤਾਬਕ ਕਿਸੇ ਨੂੰ ਜਗ੍ਹਾ ਦੇਣੀ ਚਾਹੀਦੀ ਹੈ। ਉਨ੍ਹਾਂ ਦਾ ਇਸ਼ਾਰਾ ਜਜ਼ਬਾਤਾਂ ਦੇ ਵਹਿਣ ‘ਚ ਵਹਿ ਕੇ ਕੁਝ ਪੰਥ ਦਰਦੀਆਂ ਵੱਲੋਂ ਦੋਵਾਂ ਦੀ ਤੁਲਨਾ ਕਰਨ ਵੱਲ ਸੀ। ਉਨ੍ਹਾਂ ਕਿਹਾ ਕਿ ਸੰਤਾਂ ਨੇ ਸੰਘਰਸ਼ ਦਾ ਵਹਿਣ ਮੋੜਿਆ ਸੀ ਤੇ  ਦੀਪ ਨੇ ਉਸ ਵਹਿਣ ‘ਚ ਆਈ ਖੜੋਤ ਤੋੜੀ। ਦੋਵਾਂ ਦੇ ਰੋਲ ਵੱਖ-ਵੱਖ ਹਨ। ਸਾਡੇ ਕੋਲ਼ੋਂ ਖੜੋਤ ਨਹੀਂ ਟੁੱਟੀ, ਦੀਪ ਨੇ ਕਿਵੇਂ ਤੋੜ ਦਿੱਤੀ? ਇਸ ਸਵਾਲ ਦੇ ਜਵਾਬ ਲਈ ਕਈ ਵਾਰ ਵਿਚਾਰਾਂ ਕਰਨੀਆਂ ਪੈਣਗੀਆਂ।  ਉਨ੍ਹਾਂ ਕਿਹਾ ਕਿ ਦੀਪ ਜਦ ਬੋਲਦਾ ਸੀ ਤਾਂ ਪੰਜਾਬ ਦੀ ਅਣਖ ਬੋਲਦੀ ਸੀ। ਦੀਪ ਨੇ ਕੌਮ ‘ਚ ਰੂਹ ਭਰ ਦਿੱਤੀ ਸੀ, ਬਿਨਾ ਮਾਣ ਕੀਤਿਆਂ, ਬਿਨਾ ਕੋਈ ਕਰੈਡਿਟ ਲਿਆ। ‘ਵੰਗਾਰ’ ਮੈਗਜ਼ੀਨ ਦੇ ਸੰਪਾਦਕ ਬਲਜੀਤ ਸਿੰਘ ਖ਼ਾਲਸਾ ਨੇ ਭਾਈ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਪੜ੍ਹ ਕੇ ਸੁਣਾਇਆ।  ਇਸ ਮੌਕੇ ਜਥੇਦਾਰ ਕਰਨੈਲ ਸਿੰਘ ਪੰਜੋਲੀ ਤੇ ਸੁਖਪ੍ਰੀਤ ਸਿੰਘ ਉਦੋਕੇ ਨੇ ਵੀ ਸੰਬੋਧਨ ਕੀਤਾ। ਅਰਦਾਸ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਕੀਤੀ। ਇਸ ਮੌਕੇ ਹੋਰ ਕਈ ਸੰਸਥਾਵਾਂ ਦੇ ਆਗੂ ਮੌਜ਼ੂਦ ਸਨ।

Leave a Reply

Your email address will not be published. Required fields are marked *