ਯੂਕਰੇਨ ’ਚ ਫਸੇ ਆਪਣੇ ਬੱਚਿਆਂ ਲਈ ਪ੍ਰੇਸ਼ਾਨ ਹੋ ਰਹੇ ਹਨ ਮਾਪੇ

ਲਹਿਰਾਗਾਗਾ: ਲਹਿਰਾਗਾਗਾ ਦੇ ਵਸਨੀਕ ਨਰਿੰਦਰ ਸਿੰਘ ਦਾ ਲੜਕਾ ਹਰਿੰਦਰ ਸਿੰਘ ਵੀ ਯੂਕਰੇਨ ਵਿੱਚ ਫਸਿਆ ਹੋਇਆ ਹੈ। ਉਹ ਸਾਡੇ ਤਿੰਨ ਸਾਲ ਪਹਿਲਾਂ ਯੂਕਰੇਨ ਵਿੱਚ ਐੱਮਬੀਬੀਐੱਸ ਕਰਨ ਗਿਆ ਸੀ ਪਰ ਹੁਣ ਮਾਪੇ ਉਸ ਦੀ ਵਾਪਸੀ ਲਈ ਭਾਰਤ ਸਰਕਾਰ ਨੂੰ ਅਪੀਲ ਕਰ ਰਹੇ ਹਨ। ਪਰਿਵਾਰ ਵੱਲੋਂ ਆਮ ਆਦਮੀ ਪਾਰਟੀ ਦੇ ਮੁਖੀ ਭਗਵੰਤ ਮਾਨ ਨੂੰ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ। ਨੌਜਵਾਨ ਦੇ ਪਿਤਾ, ਮਾਤਾ ਗੁਰਜਿੰਦਰ ਕੌਰ ਤੇ ਭੈਣ ਡਾ. ਸੋਬਤਾ ਸਿੰਘ ਨੇ ਦੱਸਿਆ ਉਹ ਕਾਫ਼ੀ ਚਿੰਤਤ ਹਨ।
ਏਲਨਾਬਾਦ(ਜਗਤਾਰ ਸਮਾਲਸਰ): ਭਾਰਤ ਤੋਂ ਪੜ੍ਹਾਈ ਕਰਨ ਲਈ ਯੂਕਰੇਨ ਗਏ ਹਜ਼ਾਰਾਂ ਵਿਦਿਆਰਥੀ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਏਲਨਾਬਾਦ ਦੇ ਵਾਰਡ ਨੰਬਰ 12 ਵਿੱਚੋਂ 6 ਦਸੰਬਰ ਨੂੰ ਯੂਕਰੇਨ ਵਿਖੇ ਐੱਮਬੀਬੀਐੱਸ ਕਰਨ ਗਈ ਸੰਦੀਪ ਕੌਰ ਵੀ ਉੱਥੇ ਹੈ, ਜਿਸ ਕਾਰਨ ਮਾਪੇ ਚਿੰਤਤ ਹਨ। ਸੰਦੀਪ ਕੌਰ ਦੇ ਪਿਤਾ ਸੁਰਜੀਤ ਸਿੰਘ ਅਤੇ ਮਾਤਾ ਰਣਜੀਤ ਕੌਰ ਨੇ ਦੱਸਿਆ ਕਿ ਫਿਲਹਾਲ ਯੂਕਰੇਨ ਵਿੱਚ ਇੰਟਰਨੈੱਟ ਸੇਵਾਵਾਂ ਚਾਲੂ ਹੋਣ ਕਾਰਨ ਉਨ੍ਹਾਂ ਦੀ ਹਰ ਘੰਟੇ
ਬਾਅਦ ਸੰਦੀਪ ਨਾਲ ਗੱਲਬਾਤ ਹੋ ਰਹੀ ਹੈ, ਜਿਸ ਕਾਰਨ ਉਹ ਕੁਝ ਸਤੁੰਸ਼ਟ ਹਨ ਜੇਕਰ ਇੰਟਰਨੈੱਟ ਸੇਵਾ ਬੰਦ ਹੋ ਗਈ ਤਾਂ ਉਨ੍ਹਾਂ ਦੀ ਸਮੱਸਿਆ ਵੱਧ ਜਾਵੇਗੀ। ਇਸ ਦੌਰਾਨ ਸੰਦੀਪ ਕੌਰ ਨੇ ਵੀਡੀਓ ਕਾਲ ਰਾਹੀ ਗੱਲਬਾਤ ਕਰਦਿਆ ਦੱਸਿਆ ਕਿ ਉਹ ਯੂਕਰੇਨ ਦੀ ਲਵੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿੱਚ ਪੜ੍ਹਦੀ ਸੀ ਪਰ ਹੁਣ ਯੁੱਧ ਸ਼ੁਰੂ ਹੋਣ ਕਾਰਨ ਭਾਰਤੀ ਵਿਦਿਆਰਥੀ ਆਪਣੇ ਵਤਨ ਵੱਲ ਪਰਤ ਰਹੇ ਹਨ। ਯੂਨੀਵਰਸਿਟੀ ਮੈਨੇਜਮੈਂਟ ਵਲੋਂ ਵਿਦਿਆਰਥੀਆਂ
ਨੂੰ ਆਪਣੇ ਰਿਸਕ ਤੇ ਪੋਲੈਂਡ ਬਾਰਡਰ ਵੱਲ ਜਾਣ ਲਈ ਆਖਿਆ ਜਾ ਰਿਹਾ ਹੈ ਜੋ ਯੂਨੀਵਰਸਿਟੀ ਤੋਂ ਕਰੀਬ 100 ਕਿਲੋਮੀਟਰ ਦੂਰ ਹੈ। ਵਿਦਿਆਰਥੀ ਟੈਕਸੀਆਂ ਰਾਹੀਂ ਪੋਲੈਂਡ ਬਾਰਡਰ ਨਜ਼ਦੀਕ ਪਹੁੰਚ ਰਹੇ ਹਨ। ਟੈਕਸੀਆਂ ਵਲੋਂ ਵਿਦਿਆਰਥੀਆਂ ਨੂੰ ਪੋਲੈਂਡ ਬਾਰਡਰ ਤੋਂ ਕਰੀਬ 15 ਕਿਲੋਮੀਟਰ ਦੂਰ ਉਤਾਰਿਆ ਜਾ ਰਿਹਾ ਹੈ। ਸੰਦੀਪ ਕੌਰ ਨੇ ਦੱਸਿਆ ਕਿ ਫਿਲਹਾਲ ਵਿਦਿਆਰਥੀਆਂ ਦੀ ਯੂਕਰੇਨ ਸਰਕਾਰ ਵਲੋਂ ਕੋਈ ਮਦਦ ਨਹੀ ਕੀਤੀ ਜਾ ਰਹੀ ਹੈ। ਸੰਦੀਪ ਕੌਰ ਦੇ ਮਾਪਿਆਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਜੋ ਵਿਦਿਆਰਥੀ ਅਜੇ ਵੀ ਉੱਥੇ ਫਸੇ ਹੋਏ ਹਨ ਉਨ੍ਹਾਂ ਨੂੰ ਭਾਰਤ ਲਿਆਉਣ ਦੇ ਯਤਨ ਹੋਰ ਤੇਜ਼ ਕੀਤੇ ਜਾਣ। ਸਿਰਸਾ ਦੇ ਡਿਪਟੀ ਕਮਿਸ਼ਨਰ ਅਜੇ ਸਿੰਘ ਤੋਮਰ ਨੇ ਆਖਿਆ ਕਿ ਜ਼ਿਲ੍ਹਾ ਸਿਰਸਾ ਦੇ ਜੋ ਵੀ ਲੋਕ ਯੂਕਰੇਨ ਵਿੱਚ ਫਸੇ ਹੋਏ ਹਨ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਹਰਿਆਣਾ
ਸਰਕਾਰ ਵਲੋਂ ਲਗਾਤਾਰ ਭਾਰਤ ਸਰਕਾਰ ਦੇ ਵਿਦੇਸ਼ ਵਿਭਾਗ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਦਿੱਲੀ ਦੇ ਹੈਲਪਲਾਈਨ ਨੰਬਰ +911123012113,+911123014104 ਅਤੇ ਯੂਕਰੇਨ ਵਿੱਚ ਭਾਰਤੀ ਦੂਤਾਵਾਸ ਦੇ ਹੈਲਪ ਲਾਈਨ ਨੰਬਰ +380997300428,+380997300483 ਵੀ ਜਾਰੀ ਕੀਤੇ ਗਏ ਹਨ।