ਵੋਟਾਂ ਦਾ ਬਹਾਨਾ ਲਾ ਕੇ ਧੀ ਨੂੰ ਲੈ ਗਿਆ ਪੇਕਾ ਪਰਿਵਾਰ, ਫਿਰ ਵਾਪਸ ਨਹੀਂ ਭੇਜਿਆ, ਪਤੀ ਨੇ ਨਿਗਲੀ ਸਲਫ਼ਾਸ

ਜ਼ੀਰਾ : ਵੋਟਾਂ ਪਾਉਣ ਦੇ ਬਹਾਨੇ ਪੇਕਿਆਂ ‘ਤੇ ਗਈ ਪਤਨੀ ਪਤੀ ਵੱਲੋਂ ਵਾਰ ਵਾਰ ਕਹਿਣ ‘ਤੇ ਵੀ ਜਦੋਂ ਸਹੁਰੇ ਘਰ ਵਾਪਸ ਨਾ ਆਈ ਤਾਂ ਦੁਖੀ ਹੋਏ ਪਤੀ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰ ਲਈ । ਘਟਨਾ
ਥਾਣਾ ਸਦਰ ਜ਼ੀਰਾ ਦੇ ਅਧੀਨ ਆਉਂਦੇ ਪਿੰਡ ਬਹਿਕ ਗੁੱਜਰਾਂ ਦੀ ਦੱਸੀ ਜਾ ਰਹੀ ਹੈ। ਇਸ ਸਬੰਧ ਵਿਚ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਦੋ ਲੋਕਾਂ ਖਿਲਾਫ 306 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪਿੱਪਲ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਪਿੰਡ ਬਹਿਕ ਗੁੱਜਰਾਂ ਨੇ ਦੱਸਿਆ ਕਿ ਉਸ ਦੇ ਲੜਕੇ ਰੋਬਿਨ (28 ਸਾਲ) ਦਾ ਵਿਆਹ 1 ਸਾਲ ਪਹਿਲੋਂ ਪੂਜਾ ਪੁੱਤਰੀ ਤਾਰਾ ਸਿੰਘ ਵਾਸੀ ਪਿੰਡ ਅਲੀ ਕੇ ਨਾਲ ਹੋਈ ਸੀ, ਜੋ ਕਰੀਬ 8 ਮਹੀਨੇ ਤੋਂ ਗਰਭਵਤੀ ਹੈ। ਪਿੱਪਲ ਸਿੰਘ ਨੇ ਦੱਸਿਆ ਕਿ ਮਿਤੀ 20 ਜਨਵਰੀ 2022 ਨੂੰ ਉਸ ਦੇ ਲੜਕੇ ਰੋਬਿਨ ਦਾ ਸਹੁਰਾ ਪਰਿਵਾਰ ਵੋਟਾਂ ਦਾ ਬਹਾਨਾ ਬਣਾ ਕੇ ਉਸ ਦੀ ਨੂੰਹ ਪੂਜਾ ਨੂੰ ਆਪਣੇ ਨਾਲ ਲੈ ਗਏ ਸੀ ਤੇ ਵਾਪਸ ਭੇਜਣ ਬਾਰੇ ਉਨ੍ਹਾਂ ਦੇ ਵਾਰ ਵਾਰ ਕਹਿਣ ‘ਤੇ ਵੀ ਛੱਡ ਕੇ ਨਹੀਂ ਗਏ।
ਪਿੱਪਲ ਸਿੰਘ ਨੇ ਦੱਸਿਆ ਕਿ ਤਾਰਾ ਸਿੰਘ ਹੋਰੀ ਰੋਬਿਨ ਨੂੰ ਮਾੜਾ ਚੰਗਾ ਬੋਲਦੇ ਤੇ ਕਹਿੰਦੇ ਅਸੀਂ ਛੱਡ ਕੇ ਨਹੀਂ ਜਾਣਾ। ਜਿਨ੍ਹਾਂ ਤੋਂ ਦੁਖੀ ਹੋ ਕੇ ਰੋਬਿਨ ਨੇ ਮਿਤੀ 22 ਫਰਵਰੀ 2022 ਨੂੰ ਸਲਫਾਸ ਦੀਆਂ ਗੋਲੀਆਂ ਖਾ ਲਈਆਂ, ਜਿਸ ‘ਤੇ ਰੋਬਿਨ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਕਰਾਇਆ ਗਿਆ, ਜਿਥੇ ਦੌਰਾਨੇ ਇਲਾਜ ਉਸ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਬਲਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਤਾਰਾ ਸਿੰਘ ਪੁੱਤਰ ਬੋਹੜ ਸਿੰਘ ਅਤੇ ਗੋਮਾ ਪਤਨੀ ਤਾਰਾ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।