ਯੂਕਰੇਨ ਵਿਚਲੇ ਭਾਰਤੀ ਸਫ਼ਾਰਤਖਾਨੇ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਕੀਵ ’ਚੋਂ ਨਿਕਲਣ ਲਈ ਕਿਹਾ

ਚੰਡੀਗੜ੍ਹ: ਰੂਸ ਵੱਲੋਂ ਹਮਲੇ ਤੇਜ਼ ਕਰਨ ਤੋਂ ਬਾਅਦ ਭਾਰਤੀ ਦੂਤਘਰ ਨੇ ਵਿਦਿਆਰਥੀਆਂ ਸਮੇਤ ਸਾਰੇ ਭਾਰਤੀ ਨਾਗਰਿਕਾਂ ਨੂੰ ਅੱਜ ਤੁਰੰਤ ਕੀਵ ਛੱਡਣ ਦੀ ਸਲਾਹ ਦਿੱਤੀ ਹੈ। ਕੀਵ ਵਿੱਚ ਭਾਰਤੀ ਦੂਤਘਰ ਦੇ ਅਧਿਕਾਰਤ ਹੈਂਡਲ ‘ਤੇ ਟਵੀਟ ਵਿੱਚ ਭਾਰਤੀਆਂ ਨੂੰ ਰੇਲਾਂ ਜਾਂ ਜਿਹੜਾ ਵੀ ਸਾਧਨ ਮਿਲਦਾ ਹੈ, ਰਾਹੀਂ ਸ਼ਹਿਰ ਛੱਡਣ ਦੀ ਸਲਾਹ ਦਿੱਤੀ ਗਈ ਹੈ। ਖਾਰਕੀਵ ਅਤੇ ਕੀਵ ਦੇ ਵਿਚਕਾਰ ਸੂਮੀ ਸੂਬੇ ਦੇ ਓਖਤਿਰਕਾ ਵਿੱਚ ਫੌਜੀ ਅੱਡੇ ਉੱਤੇ ਰੂਸੀ ਤੋਪਖਾਨੇ ਦੇ ਹਮਲੇ ਵਿੱਚ 70 ਤੋਂ ਵੱਧ ਯੂਕਰੇਨ ਦੇ ਫ਼ੌਜੀ ਮਾਰੇ ਗਏ। ਸੂਮੀ ਸੂਬੇ ਦੇ ਗਵਰਨਰ ਦਮਿਤਰੋ ਜ਼ਿਵਿਤਸਕੀ ਨੇ ਸੜੀ ਹੋਈ ਚਾਰ ਮੰਜ਼ਿਲਾ ਇਮਾਰਤ ਤੇ ਮਲਬੇ ਵਿੱਚ ਦੱਬੇ ਲੋਕਾਂ ਦੀ ਭਾਲ ਕਰ ਰਹੇ ਬਚਾਅ ਕਰਮਚਾਰੀਆਂ ਦੀ ਤਸਵੀਰਾਂ ਪੋਸਟ ਕੀਤੀਆਂ ਹਨ। ਉਨ੍ਹਾਂ ਫੇਸਬੁੱਕ ਪੋਸਟ ਵਿੱਚ ਲਿਖਿਆ ਕਿ ਐਤਵਾਰ ਨੂੰ ਲੜਾਈ ਦੌਰਾਨ ਕਈ ਰੂਸੀ ਫ਼ੌਜੀ ਅਤੇ ਕਈ ਸਥਾਨਕ ਨਾਗਰਿਕ ਵੀ ਮਾਰੇ ਗਏ ਸਨ।