ਯੂਕ੍ਰੇਨ ਬੈਠੀਆਂ ਕੁੜੀਆਂ ਨੇ ਕਿਹਾ -ਸਾਡਾ ਬਚਣਾ ਮੁਸ਼ਕਿਲ, ਸਰਕਾਰ ਤੱਕ ਆਵਾਜ਼ ਪਹੁੰਚਾਓ

ਜਲੰਧਰ: ਭਾਰਤੀਆਂ ਦੀ ਕੋਈ ਮਦਦ ਨਹੀਂ ਹੋ ਰਹੀ। ਕਿਤੇ ਵੀ ਸੁਣਵਾਈ ਨਹੀਂ ਹੈ। ਜਿਹੜੇ ਨੰਬਰ ਹੈਲਪਲਾਈਨ ਵਜੋਂ ਦਿੱਤੇ ਜਾ ਰਹੇ ਹਨ, ਉਨ੍ਹਾਂ ਨੰਬਰਾਂ ’ਤੇ ਫੋਨ ਕਰਦੇ ਹਾਂ ਤਾਂ ਵਾਰ-ਵਾਰ ਸਾਡੇ ਫੋਨ ਕੱਟੇ ਜਾ ਰਹੇ ਹਨ। ਸਾਨੂੰ ਲਾਵਾਰਿਸ ਛੱਡ ਦਿੱਤਾ ਹੈ ਅਤੇ ਹੈਲਪਲਾਈਨ ਨੰਬਰ ਮਜ਼ਾਕ ਬਣ ਕੇ ਰਹਿ ਗਏ ਹਨ। ਇਹ ਕਹਿਣਾ ਹੈ ਯੂਕ੍ਰੇਨ ਦੀ ਰਾਜਧਾਨੀ ਕੀਵ ਵਿਚ ਫਸੀਆਂ ਲੜਕੀਆਂ ਦਾ।

ਵਿਦਿਆਰਥੀ ਦੱਸ ਰਹੇ ਹਨ ਕਿ ਹੈਲਪਲਾਈਨ ਨੰਬਰਾਂ ’ਤੇ ਅਸੀਂ ਆਪਣੇ ਆਲੇ-ਦੁਆਲੇ ਦੇ ਇਲਾਕੇ ਦੀਆਂ ਵੀਡੀਓ ਬਣਾ ਕੇ ਭੇਜੀਆਂ ਹਨ, ਜਿਸ ਵਿਚ ਆਪਣੇ ਦਰਦ ਨੂੰ ਬਿਆਨ ਕੀਤਾ ਹੈ। ਇਥੋਂ ਕਿਸ ਤਰ੍ਹਾਂ ਬਚ ਪਾਵਾਂਗੇ, ਇਹ ਗੱਲ ਦਿਲ ਨੂੰ ਡਰਾ ਰਹੀ ਹੈ। ਕੁੜੀਆਂ ਦੀ ਕੋਈ ਮਦਦ ਨਹੀਂ ਹੋ ਰਹੀ। ਪਿਛਲੇ ਦਿਨੀਂ ਜਿਹੜੀਆਂ ਕੁੜੀਆਂ ਬਾਹਰ ਗਈਆਂ ਸਨ, ਉਹ ਅਜੇ ਤੱਕ ਵਾਪਸ ਨਹੀਂ ਆਈਆਂ। ਉਨ੍ਹਾਂ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਦੇ ਫੋਨ ਬੰਦ ਆ ਰਹੇ ਹਨ।

ਕੁੜੀਆਂ ਨੇ ਦੱਸਿਆ ਕਿ ਉਹ ਬਾਰਡਰ ਤੋਂ 800 ਕਿਲੋਮੀਟਰ ਦੀ ਦੂਰੀ ’ਤੇ ਹਨ। ਇਥੇ ਆਰਮੀ ਨੇ 60 ਸਾਲ ਤੱਕ ਦੇ ਲੋਕਾਂ ਦੇ ਘਰਾਂ ਵਿਚੋਂ ਬਾਹਰ ਨਿਕਲਣ ’ਤੇ ਪਾਬੰਦੀ ਲਾਈ ਹੋਈ ਹੈ। ਪਾਸਪੋਰਟ ਲੈ ਕੇ ਬਾਹਰ ਜਾਣ ਦੀ ਸੋਚ ਰਹੇ ਹਾਂ ਪਰ ਇਥੇ ਲੁੱਟਾਂ-ਖੋਹਾਂ ਵਾਲੇ ਹਾਲਾਤ ਬਣੇ ਹੋਏ ਹਨ। ਕਿਸੇ ਨੇ ਪਾਸਪੋਰਟ ਖੋਹ ਲਿਆ ਤਾਂ ਉਹ ਖਤਰੇ ਵਿਚ ਪੈ ਸਕਦੀਆਂ ਹਨ।

ਭਾਰਤੀਆਂ ਨਾਲ ਰੂਸੀ ਆਰਮੀ ਦਾ ਸਲੂਕ ਠੀਕ ਨਹੀਂ ਹੈ। ਖਾਸ ਤੌਰ ’ਤੇ ਲੜਕੀਆਂ ਤਾਂ ਬਿਲਕੁਲ ਵੀ ਬਾਹਰ ਨਹੀਂ ਜਾਣਾ ਚਾਹੁੰਦੀਆਂ। ਉਨ੍ਹਾਂ ਕੋਲ ਖਾਣ-ਪੀਣ ਦਾ ਸਾਮਾਨ ਖਤਮ ਹੋ ਚੁੱਕਾ ਹੈ। ਯੂਕ੍ਰੇਨ ਦੇ ਕੀਵ ਵਿਚ ਫਸੀ ਲੜਕੀ ਕਹਿ ਰਹੀ ਹੈ ਕਿ ਇਥੇ 20 ਹਜ਼ਾਰ ਦੇ ਲਗਭਗ ਵਿਦਿਆਰਥੀ ਹਨ। ਇਨ੍ਹਾਂ ਲਈ 2-4 ਫਲਾਈਟਾਂ ਨਹੀਂ, ਸਗੋਂ 200 ਫਲਾਈਟਾਂ ਦੀ ਲੋੜ ਹੈ। ਸਾਡੀ ਕੋਈ ਮਦਦ ਨਹੀਂ ਹੋ ਰਹੀ। ਆਖਿਰ ਵਿਚ ਉਹ ਲੜਕੀ ਪਰਿਵਾਰ ਵਾਲਿਆਂ ਨੂੰ ਕਹਿ ਰਹੀ ਹੈ ਕਿ ਸਾਡਾ ਦਰਦ ਸਮਝੋ ਅਤੇ ਸਰਕਾਰ ਤੱਕ ਆਵਾਜ਼ ਪਹੁੰਚਾਓ, ਨਹੀਂ ਤਾਂ ਸਾਡਾ ਬਚਣਾ ਮੁਸ਼ਕਲ ਹੈ।

ਕੁੜੀਆਂ ਲਈ ਸੈਨੇਟਰੀ ਪੈਡ ਮੁਹੱਈਆ ਨਹੀਂ
ਪਿਛਲੇ 2 ਦਿਨਾਂ ਤੋਂ ਬਾਰਡਰ ’ਤੇ ਬੰਕਰਾਂ ਵਿਚ ਮੌਜੂਦ ਵਿਦਿਆਰਥੀਆਂ ਲਈ ਵਾਸ਼ਰੂਮ ਦਾ ਕੋਈ ਵੀ ਸਥਾਨ ਮੁਹੱਈਆ ਨਹੀਂ ਹੈ। ਜਦੋਂ ਬੰਬਾਰੀ ਰੁਕਦੀ ਹੈ ਤਾਂ ਲੋਕ ਬਾਹਰ ਜਾ ਕੇ ਫਰੈੱਸ਼ ਹੁੰਦੇ ਹਨ। ਟਾਇਲਟ ਲਈ ਵੱਡੀ ਦਿੱਕਤ ਆ ਰਹੀ ਹੈ। ਵਿਦਿਆਰਥੀ ਦੱਸਦੇ ਹਨ ਕਿ ਲੜਕੀਆਂ ਨੂੰ ਹੋਣ ਵਾਲੀ ਪ੍ਰੋਬਲਮ ਲਈ ਉਨ੍ਹਾਂ ਕੋਲ ਸੈਨੇਟਰੀ ਪੈਡ ਤੱਕ ਮੁਹੱਈਆ ਨਹੀਂ ਹਨ, ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨੀ ਉਠਾ ਰਹੀਆਂ ਹਨ।

Leave a Reply

Your email address will not be published. Required fields are marked *