ਯੂਪੀ: ਦਲਿਤਾਂ ਉਤੇ ਹਮਲੇ ਦੇ ਦੋਸ਼ ਹੇਠ 12 ’ਤੇ ਐਨਐੱਸਏ ਲਾਇਆ

ਆਜ਼ਮਗੜ੍ਹ : ਇੱਥੇ ਦਲਿਤ ਵਸੋਂ ਵਾਲੇ ਇਕ ਇਲਾਕੇ ਵਿਚ ਕੁਝ ਨੌਜਵਾਨਾਂ ਦੀ ਕੁੱਟਮਾਰ ਦੇ ਦੋਸ਼ ਹੇਠ 12 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਉਤੇ ਕੌਮੀ ਸੁਰੱਖਿਆ ਐਕਟ (ਐਨਐੱਸਏ) ਲਾ ਦਿੱਤਾ ਗਿਆ ਹੈ। ਪੁਲੀਸ ਵਿਭਾਗ ਨੇ ਮਹਾਰਾਜਗੰਜ ਪੁਲੀਸ ਥਾਣੇ ਦੇ ਐੱਸਐਚਓ ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਇਸੇ ਥਾਣੇ ਅਧੀਨ ਸਿਕੰਦਰਪੁਰ ਆਇਮਾ ਪਿੰਡ ਹੈ ਜਿੱਥੇ ਘਟਨਾ ਵਾਪਰੀ ਹੈ। ਵੇਰਵਿਆਂ ਮੁਤਾਬਕ ਕੁਝ ਦਲਿਤ ਲੜਕੀਆਂ ਨਾਲ ਦੂਜੇ ਭਾਈਚਾਰੇ ਨਾਲ ਸਬੰਧਤ ਵਿਅਕਤੀਆਂ ਵੱਲੋਂ ਕਥਿਤ ਛੇੜਖਾਨੀ ਕਰਨ ਮਗਰੋਂ ਇਹ ਟਕਰਾਅ ਹੋਇਆ ਹੈ। ‘ਬਸਪਾ’ ਪ੍ਰਧਾਨ ਮਾਇਆਵਤੀ ਨੇ ਰਾਜ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਆਜ਼ਮਗੜ੍ਹ ਛੇੜਖਾਨੀ ਕੇਸ ਦਲਿਤ ਲੜਕੀ ਨਾਲ ਸਬੰਧਤ ਹੈ, ਮੁੱਖ ਮੰਤਰੀ ਵੱਲੋਂ ਚੁੱਕਿਆ ਗਿਆ ਕਦਮ ਦੇਰ ਆਏ ਪਰ ਦਰੁਸਤ ਆਏ ਵਰਗਾ ਹੈ।

ਇਹ ਚੰਗਾ ਕਦਮ ਹੈ, ਪਰ ਹੋਰ ਵੀ ਚੰਗਾ ਹੋਵੇਗਾ ਜੇਕਰ ਭਵਿੱਖ ਵਿਚ ਕਿਸੇ ਵੀ ਫਿਰਕੇ/ਜਾਤ ਅਤੇ ਇਲਾਕੇ ਨਾਲ ਸਬੰਧਤ ਧੀ-ਭੈਣ ਨਾਲ ਹੁੰਦੇ ਮਾੜੇ ਵਰਤਾਅ ਲਈ ਇਸੇ ਤਰ੍ਹਾਂ ਦੀ ਕਾਰਵਾਈ ਹੋਵੇ।’ ਮੁਲਜ਼ਮਾਂ ਦੀ ਸ਼ਨਾਖ਼ਤ ਪਰਵੇਜ਼, ਫ਼ੈਜ਼ਾਨ, ਨੂਰ ਆਲਮ, ਸਾਦਰੇ ਆਲਮ, ਹਮੀਰ, ਆਸਿਫ਼, ਮੇਰਾਜ ਤੇ ਸੁਹੇਲ ਵਜੋਂ ਹੋਈ ਹੈ। ਪੁਲੀਸ ਮੁਤਾਬਕ ਘਟਨਾ ਬੁੱਧਵਾਰ ਸ਼ਾਮ ਨੂੰ ਵਾਪਰੀ ਸੀ ਤੇ ਲੜਕੀਆਂ ਨਾਲ ਪਿੰਡ ਦੇ ਖ਼ੂਹ ਕੋਲ ਛੇੜਖਾਨੀ ਕੀਤੀ ਗਈ। ਇਸ ਦੌਰਾਨ ਜਦ ਦਲਿਤ ਭਾਈਚਾਰੇ ਨੇ ਵਿਰੋਧ ਜਤਾਇਆ ਤਾਂ ਉਨ੍ਹਾਂ ਉਤੇ ਤੇਜ਼ਧਾਰ ਹਥਿਆਰਾਂ ਤੇ ਡਾਂਗਾਂ ਨਾਲ ਹੱਲਾ ਬੋਲਿਆ ਗਿਆ। ਆਜ਼ਮਗੜ੍ਹ ਦੇ ਐੱਸਪੀ ਤ੍ਰਿਵੇਣੀ ਸਿੰਘ ਨੇ ਕਿਹਾ ਕਿ ਸ਼ਿਕਾਇਤ ਵਿਚ 9 ਵਿਅਕਤੀਆਂ ਦਾ ਨਾਂ ਸੀ ਤੇ 10 ਅਣਪਛਾਤੇ ਹਨ। ਹੁਣ ਤੱਕ 12 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *