ਯੂਕ੍ਰੇਨ ਤੋਂ ਪਰਤੀ ਬੰਦਨਾ ਸੂਦ, ਹਾਲਾਤ ਬਿਆਨ ਕਰਦੇ ਬੋਲੀ, ‘ਭੁੱਖੇ ਹੀ ਰਹਿਣਾ ਪਿਆ, ਪਾਣੀ ਵੀ ਨਹੀਂ ਹੋਇਆ ਨਸੀਬ’

ਜਲੰਧਰ : ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਦੀ ਰਹਿਣ ਵਾਲੀ ਕੁੜੀ ਬੰਦਨਾ ਸੂਦ ਮੁਸ਼ਕਿਲ ਨਾਲ ਯੂਕ੍ਰੇਨ ਤੋਂ ਆਪਣੇ ਪਿੰਡ ਪੁੱਜੀ। ਵਿਦਿਆਰਥਣ ਦਾ ਜਲੰਧਰ ਦੇ ਪਿੰਡ ਰਾਏਪੁਰ-ਰਸੂਲਪੁਰ ’ਚ ਪੁੱਜਣ ’ਤੇ ਦੇਰ ਰਾਤ ਪਿੰਡ ਵਾਸੀਆਂ ਨੇ ਬੈਂਡ-ਬਾਜਿਆਂ ਨਾਲ ਨਿੱਘਾ ਸੁਆਗਤ ਕੀਤਾ ਗਿਆ। ਭਾਵੁਕ ਹੋਈ ਮਾਂ ਸੁਰਿੰਦਰ ਕੌਰ ਨੇ ਆਪਣੀ ਪੁੱਤਰੀ ਨੂੰ ਗਲਵੱਕੜੀ ’ਚ ਲੈ ਕੇ ਅਸ਼ੀਰਵਾਦ ਦਿੱਤਾ। ਚਾਰ ਦਿਨਾਂ ਤੋਂ ਖੱਜਲ-ਖੁਆਰ ਹੋ ਕੇ ਜਲੰਧਰ ਪੁੱਜੀ ਵਿਦਿਆਰਥਣ ਨੇ ਦੱਸਿਆ ਕਿ ਲੜਾਈ ਲੱਗਣ ਤੋਂ ਇਕ ਦਿਨ ਪਹਿਲਾਂ ਖਾਰਕੀਵ ਇੰਟਰਨੈਸ਼ਨਲ ਮੈਡੀਕਲ ਯੂਨੀਵਰਸਿਟੀ ’ਚ ਜਦ ਉਹ ਛੁੱਟੀ ਕਰਕੇ ਵਾਪਸ ਪਰਤ ਰਹੀਆਂ ਸਨ ਤਾਂ ਉਨ੍ਹਾਂ ਨੇ ਆਪਣੇ ਅਧਿਆਪਕ ਕੋਲੋਂ ਜਾਣਕਾਰੀ ਲਈ ਕਿ ਉਹ ਲੜਾਈ ਦੌਰਾਨ ਆਪਣੇ ਘਰ ਵਾਪਸ ਜਾ ਸਕਦੇ ਹਨ ਤਾਂ ਉਸ ਸਮੇਂ ਉਸ ਅਧਿਆਪਕ ਨੇ ਉਨ੍ਹਾਂ ਨੂੰ ਡਾਂਟ ਕੇ ਕਿਹਾ ਕਿ ਚੁੱਪ ਕਰਕੇ ਕਾਲਜ ਵਿਚ ਪੜ੍ਹਾਈ ਕਰਨ ਆਓ, ਇਥੇ ਕੁਝ ਵੀ ਲੜਾਈ ਨਹੀਂ ਹੋਵੇਗੀ। ਕਿਉਂਕਿ 14 ਸਾਲ ਪਹਿਲਾਂ ਵੀ ਇਥੇ ਇਸੇ ਤਰ੍ਹਾਂ ਦਾ ਮਾਹੌਲ ਪੈਦਾ ਹੋਇਆ ਸੀ।

ਉਨ੍ਹਾਂ ਕਿਹਾ ਕਿ ਜਿੱਥੇ ਉਸ ਨੂੰ ਆਪਣੇ ਵਤਨ ਪਰਤਣ ’ਤੇ ਖੁਸ਼ੀ ਹੋਈ ਹੈ, ਉੱਥੇ ਹੀ ਜ਼ਿੰਦਗੀ ਦਾ ਬਹੁਤ ਵੱਡਾ ਦੁਖ਼ਾਂਤ ਇਹ ਮਿਲਿਆ ਕਿ ਉਸ ਨੇ ਆਪਣੀ ਉਮੀਦ ਮੁਤਾਬਕ ਜੋ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰਕੇ ਮਨੁੱਖਤਾ ਦੀ ਸੇਵਾ ਕਰਨੀ ਸੀ, ਉਸ ਨੂੰ ਚੌਥੇ ਸਾਲ ’ਚ ਵਿਚਾਲੇ ਹੀ ਛੱਡਣਾ ਪਿਆ। ਉਸ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਵੀ ਸਰਕਾਰ ਨੇ ਮਦਦ ਨਹੀਂ ਕੀਤੀ। ਭਾਵੁਕ ਹੋਈ ਵਿਦਿਆਰਥਣ ਨੇ ਦੱਸਿਆ ਕਿ ਯੂਕ੍ਰੇਨ ਦੇ ਖ਼ਾਰਕੀਵ ਸ਼ਹਿਰ ’ਚ ਉਨ੍ਹਾਂ ਨੂੰ ਭੁੱਖੇ ਹੀ ਰਹਿਣਾ ਪਿਆ। ਇਥੋਂ ਤੱਕ ਕਿ ਉਨ੍ਹਾਂ ਨੂੰ ਪੀਣ ਨੂੰ ਪਾਣੀ ਵੀ ਨਸੀਬ ਨਹੀਂ ਹੋਇਆ। ਉਥੋਂ ਦੀ ਪੁਲਸ ਜ਼ਿਆਦਾਤਰ ਭਾਰਤੀ ਵਿਦਿਆਰਥੀਆਂ ਨਾਲ ਕੁੱਟਮਾਰ ਵੀ ਕਰਦੀ ਹੈ। ਉਨ੍ਹਾਂ ਦੱਸਿਆ ਕਿ ਜਦ ਉਨ੍ਹਾਂ ਨੇ ਆਪਣੇ ਵਤਨ ਪਰਤਣਾ ਸੀ ਤਾਂ ਉਸ ਤੋਂ ਇਕ ਦਿਨ ਪਹਿਲਾਂ ਖਾਰਕੀਵ ਚ ਬੰਬਾਰੀ ਹੋਈ, ਜਿਸ ਨਾਲ ਇਕ ਭਾਰਤੀ ਵਿਦਿਆਰਥੀ ਮਾਰਿਆ ਗਿਆ। 

ਉਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲਗਾਤਾਰ 24 ਘੰਟੇ ਰੇਲਵੇ ਸਟੇਸ਼ਨ ’ਤੇ ਖੜ੍ਹੇ ਹੋ ਕੇ ਰੇਲ ਦੀ ਉਡੀਕ ਕੀਤੀ। ਰੇਲ ਦਾ ਸਫ਼ਰ ਤੈਅ ਕਰਨ ਉਪਰੰਤ ਉਨ੍ਹਾਂ ਵੱਲੋਂ ਆਪਣੇ ਤੌਰ ’ਤੇ ਨਿੱਜੀ ਬੱਸ ਦੀ ਸਹਾਇਤਾ ਲੈ ਕੇ ਅਗਲੇ ਪੜਾਅ ’ਤੇ ਪਹੁੰਚੇ ਅਤੇ ਉਸ ਤੋਂ ਬਾਅਦ ਫਿਰ ਉਨ੍ਹਾਂ ਨੇ ਰੇਲ ਦੀ ਸਹਾਇਤਾ ਨਾਲ ਰਲਵੇ ਸਟੇਸ਼ਨ ’ਤੇ ਪੁੱਜੇ ਅਤੇ ਫਿਰ ਇਕ ਬੱਸ ਰਾਹੀਂ ਉਹ ਹਵਾਈ ਅੱਡੇ ’ਤੇ ਪੁੱਜੇ, ਜਿਸ ਉਪਰੰਤ ਉਨ੍ਹਾਂ ਨੂੰ ਹਵਾਈ ਜਹਾਜ਼ ਦਾ ਸਫਰ ਕਰਾ ਕੇ ਦਿੱਲੀ ਲਿਆਂਦਾ ਗਿਆ।ਉਨ੍ਹਾਂ ਦੱਸਿਆ ਕਿ ਅਜੇ ਵੀ ਬਹੁਤੇ ਭਾਰਤੀ ਵਿਦਿਆਰਥੀ ਉੱਥੇ ਫਸੇ ਹੋਏ ਹਨ, ਜਿਨ੍ਹਾਂ ਦੀ ਕਿਸੇ ਵੀ ਸਰਕਾਰ ਵੱਲੋਂ ਮਦਦ ਨਹੀਂ ਕੀਤੀ ਜਾ ਰਹੀ।

Leave a Reply

Your email address will not be published. Required fields are marked *