ਨੇਪਾਲ ਵਲੋਂ ਭਾਰਤੀ ਖੇਤਰਾਂ ’ਤੇ ‘ਕਬਜ਼ੇ’ ਵਾਲਾ ਨਕਸ਼ਾ ਪਾਸ

ਕਾਠਮੰਡੂ/ਨਵੀਂ ਦਿੱਲੀ : ਭਾਰਤ ਦੇ ਤਿੱਖੇ ਵਿਰੋਧ ਦੇ ਬਾਵਜੂਦ ਗੁਆਂਢੀ ਮੁਲਕ ਨੇਪਾਲ ਦੀ ਸੰਸਦ ਵਲੋਂ ਅੱਜ ਸਰਬਸੰਮਤੀ ਨਾਲ ਦੇਸ਼ ਦੇ ਨਵੇਂ ਨਕਸ਼ੇ ਸਬੰਧੀ ਸੋਧ ਬਿੱਲ ਪਾਸ ਕਰ ਦਿੱਤਾ ਗਿਆ। ਇਸ ਨਕਸ਼ੇ ਵਿੱਚ ਭਾਰਤ ਦੀ ਸਰਹੱਦ ਨਾਲ ਲੱਗਦੇ ਰਣਨੀਤਕ ਤੌਰ ’ਤੇ ਅਹਿਮ ਖੇਤਰਾਂ ਲਿਪੂਲੇਖ, ਕਾਲਾਪਾਣੀ ਅਤੇ ਲਿੰਪੀਆਧੁਰਾ ਨੂੰ ਸ਼ਾਮਲ ਕੀਤਾ ਗਿਆ ਹੈ। ਦੂਜੇ ਪਾਸੇ, ਭਾਰਤ ਨੇ ਕਿਹਾ ਹੈ ਕਿ ਨੇਪਾਲ ਵਲੋਂ ਨਵੇਂ ਨਕਸ਼ੇ ਸਬੰਧੀ ਬਿੱਲ ਪਾਸ ਕਰਨ ਦੀ ਕਾਰਵਾਈ ਜਾਇਜ਼ ਨਹੀਂ ਹੈ।

ਨੇਪਾਲ ਦੇ ਹੇਠਲੇ ਸਦਨ ਵਿੱਚ ਕੌਮੀ ਏਕਤਾ ਦਾ ਪ੍ਰਦਰਸ਼ਨ ਕਰਦਿਆਂ ਵਿਰੋਧੀ ਪਾਰਟੀਆਂ- ਜਿਨ੍ਹਾਂ ਵਿੱਚ ਨੇਪਾਲੀ ਕਾਂਗਰਸ (ਐੱਨਸੀ), ਰਾਸ਼ਟਰੀ ਜਨਤਾ ਪਾਰਟੀ-ਨੇਪਾਲ (ਆਰਜੇਪੀ-ਐੱਨ) ਅਤੇ ਰਾਸ਼ਟਰੀ ਪ੍ਰਜਾਤੰਤਰ ਪਾਰਟੀ (ਆਰਪੀਪੀ) ਸ਼ਾਮਲ ਹਨ, ਨੇ ਸੰਵਿਧਾਨ ਦੇ ਸ਼ਡਿਊਲ 3 ਵਿੱਚ ਸੋਧ ਸਬੰਧੀ ਬਿੱਲ ਦਾ ਸਮਰਥਨ ਕੀਤਾ। ਇਸ ਬਿੱਲ ਰਾਹੀਂ ਨਵੇਂ ਵਿਵਾਦਿਤ ਨਕਸ਼ੇ ਨੂੰ ਪ੍ਰਵਾਨਗੀ ਦੇ ਕੇ ਕੌਮੀ ਨਿਸ਼ਾਨ ਵਿੱਚ ਤਬਦੀਲੀ ਕੀਤੀ ਜਾਵੇਗੀ।   ਨੇਪਾਲ ਸੰਸਦ ਦੇ ਕੁੱਲ 275 ਕਾਨੂੰਨਸਾਜ਼ਾਂ ’ਚੋਂ ਹੇਠਲੇ ਸਦਨ ਵਿੱਚ ਮੌਜੂਦ 258 ਮੈਂਬਰਾਂ ਨੇ ਸੋਧ ਬਿੱਲ ਦੇ ਹੱਕ ਵਿੱਚ ਵੋਟ ਪਾਈ ਅਤੇ ਇੱਕ ਵੀ ਵੋਟ ਵਿਰੋਧ ਵਿੱਚ ਨਹੀਂ ਭੁਗਤੀ। ਸਪੀਕਰ ਅਗਨੀ ਸਾਪਕੋਟਾ ਨੇ ਐਲਾਨ ਕੀਤਾ, ‘‘ਸੋਧ ਪ੍ਰਸਤਾਵ ਦੋ-ਤਿਹਾਈ ਬਹੁਮਤ ਨਾਲ ਪਾਸ ਕਰ ਦਿੱਤਾ ਗਿਆ ਹੈ।’’    

ਭਾਰਤ ਨੇ ਗੁਆਂਢੀ ਮੁਲਕ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਹੈ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਨੇ ਕਿਹਾ, ‘‘ਅਸੀਂ ਇਸ ਮੁੱਦੇ ਸਬੰਧੀ ਪਹਿਲਾਂ ਹੀ ਆਪਣਾ ਸਟੈਂਡ ਸਪੱਸ਼ਟ ਕਰ ਚੁੱਕੇ ਹਾਂ। ਮਨਸੂਈ ਤੌਰ ’ਤੇ ਖੇਤਰ ਵਿੱਚ ਵਾਧਾ ਕਰਨਾ ਕਿਸੇ ਤਰ੍ਹਾਂ ਦੇ ਇਤਿਹਾਸਕ ਤੱਥਾਂ ਜਾਂ ਸਬੂਤਾਂ ’ਤੇ ਆਧਾਰਿਤ ਨਹੀਂ ਹੈ ਅਤੇ ਇਹ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਇਹ ਸਰਹੱਦਾਂ ਸਬੰਧੀ ਬਕਾਇਅਾ ਮੁੱਦਿਆਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਸਬੰਧੀ ਸਾਡੀ ਮੌਜੂਦਾ ਸਮਝ ਦੀ ਵੀ ਊਲੰਘਣਾ ਹੈ।’’ -ਪੀਟੀਆਈ 

ਨੇਪਾਲ ਦੀ ਸੱਤਾਧਿਰ ਵਲੋਂ ਇਤਿਹਾਸਿਕ ਮੌਕਾ ਕਰਾਰ 

ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਸੱਤਾਧਿਰ ਐੱਨਸੀਪੀ ਦੇ ਮੁਖੀ ਪੁਸ਼ਪਕਮਲ ਦਹਲ ਨੇ ਕਿਹਾ, ‘‘ਇਹ ਇਤਿਹਾਸਿਕ ਮੌਕਾ ਹੈ, ਜਦੋਂ ਸਾਨੂੰ ਰਜਵਾੜਾਸ਼ਾਹੀ ਦੌਰਾਨ ਗੁਆਈ ਜ਼ਮੀਨ ਗਣਤੰਤਰ ਪ੍ਰਣਾਲੀ ਤਹਿਤ ਵਾਪਸ ਮਿਲ ਰਹੀ ਹੈ। ਨੇਪਾਲ ਨਹੀਂ ਚਾਹੁੰਦਾ ਕਿ ਇਸ ਮੁੱਦੇ ’ਤੇ ਸਾਡੀ ਆਪਣੇ ਦੱਖਣੀ ਗੁਆਂਢੀ ਨਾਲ ਕੋਈ ਦੁਸ਼ਮਣੀ ਪੈਦਾ ਹੋਵੇ।’’ ਊਨ੍ਹਾਂ ਅੱਗੇ ਕਿਹਾ, ‘‘ਮੈਨੂੰ ਵਿਸ਼ਵਾਸ ਹੈ ਕਿ ਲੰਬੇ ਸਮੇਂ ਤੋਂ ਜ਼ਮੀਨ ’ਤੇ ਕਬਜ਼ੇ ਸਬੰਧੀ ਲਟਕ ਰਹੇ ਮੁੱਦੇ ਦਾ ਹਮੇਸ਼ਾ ਲਈ ਗੱਲਬਾਤ ਅਤੇ ਕੂਟਨੀਤਕ ਕੋਸ਼ਿਸ਼ਾਂ ਰਾਹੀਂ ਹੱਲ ਨਿਕਲੇਗਾ।’’ 

ਭਾਰਤ-ਨੇਪਾਲ ਵਿਚਾਲੇ ਖਟਾਸ ਦਾ ਕਾਰਨ ਬਣੀ ਸੜਕ 

ਦੋਵਾਂ ਮੁਲਕਾਂ ਵਿਚਾਲੇ ਰਿਸ਼ਤਿਆਂ ਵਿੱਚ ਖਟਾਸ ਊਸ ਵੇਲੇ ਆਈ ਜਦੋਂ 8 ਮਈ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲਿਪੂਲੇਖ ਪਾਸ ਨੂੰ ਊਤਰਾਖੰਡ ਦੇ ਧਾਰਚੁਲਾ ਨਾਲ ਜੋੜਦੀ 80 ਕਿਲੋਮੀਟਰ ਲੰਬੀ ਸੜਕ ਦਾ ਨੀਂਹ ਪੱਥਰ ਰੱਖਿਆ। ਨੇਪਾਲ ਨੇ ਇਸ ਸੜਕ ਦਾ ਤਿੱਖਾ ਵਿਰੋਧ ਕਰਦਿਆਂ ਦਾਅਵਾ ਕੀਤਾ ਕਿ ਇਹ ਸੜਕ ਨੇਪਾਲੀ ਖੇਤਰ ’ਚੋਂ ਲੰਘਦੀ ਹੈ। ਇਸ ਵਿਵਾਦ ਦੌਰਾਨ ਜਨਰਲ ਨਰਵਾਣੇ ਨੇ ਚੀਨ ਦੀ ਇਸ ਮਾਮਲੇ ਵਿੱਚ ਭੂਮਿਕਾ ਵੱਲ ਇਸ਼ਾਰਾ ਕਰਦਿਆਂ ਬਿਆਨ ਦਿੱਤਾ ਕਿ ਨੇਪਾਲ ਵਲੋਂ ਸੜਕ ’ਤੇ ਇਤਰਾਜ਼ ‘ਕਿਸੇ ਹੋਰ ਦੇ’ ਕਹਿਣ ’ਤੇ ਕੀਤਾ ਗਿਆ ਹੈ। ਇਨ੍ਹਾਂ ਟਿੱਪਣੀਆਂ ਦਾ ਨੇਪਾਲ ਨੇ ਕਾਫ਼ੀ ਬੁਰਾ ਮਨਾਇਆ ਅਤੇ ਕੁਝ ਹੀ ਦਿਨਾਂ ਬਾਅਦ ਨਵਾਂ ਨਕਸ਼ਾ ਜਾਰੀ ਕਰਦਿਆਂ ਲਿਪੂਲੇਖ, ਕਾਲਾਪਾਣੀ ਅਤੇ ਲਿੰਪੀਆਧੁਰਾ ਨੂੰ ਆਪਣੇ ਖੇਤਰ ਦਾ ਹਿੱਸਾ ਦੱਸਿਆ। ਇਸ ਕਾਰਵਾਈ ਦਾ ਭਾਰਤ ਨੇ ਤਿੱਖਾ ਵਿਰੋਧ ਕਰਦਿਆਂ ਗੁਆਂਢੀ ਮੁਲਕ ਨੂੰ ਸਾਵਧਾਨ ਕਰਦਿਆਂ ਕਿਹਾ ਸੀ ਕਿ ਸਰਹੱਦੀ ਦਾਅਵਿਆਂ ਨੂੰ  ਇਸ ਤਰ੍ਹਾਂ ‘ਮਨਸੂਈ ਤੌਰ ’ਤੇ ਵਧਾਊਣ’ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 

ਨੇਪਾਲੀ ਸੁਰੱਖਿਆ ਬਲਾਂ ਵੱਲੋਂ ਭਾਰਤੀ ਨਾਗਰਿਕ ਰਿਹਾਅ 

ਕਾਠਮੰਡੂ: ਨੇਪਾਲ ਦੇ ਸਰਹੱਦੀ ਸੁਰੱਖਿਆ ਬਲਾਂ ਨੇ ਅੱਜ ਉਸ ਭਾਰਤੀ ਨਾਗਰਿਕ ਨੂੰ ਰਿਹਾਅ ਕਰ ਦਿੱਤਾ ਹੈ ਜਿਸ ਨੂੰ ਬਲ ਦੇ ਇਕ ਜਵਾਨ ਕੋਲੋਂ ਹਥਿਆਰ ਖੋਹਣ ’ਤੇ ਹਿਰਾਸਤ ’ਚ ਲਿਆ ਗਿਆ ਸੀ। ਨੇਪਾਲ ਨਾਲ ਲੱਗਦੀ ਸਰਹੱਦ ’ਤੇ ਸਥਿਤ ਬਿਹਾਰ ਦੇ ਸੀਤਾਮੜ੍ਹੀ ਜ਼ਿਲ੍ਹੇ ਵਿਚ ਭਾਰਤੀ ਲੋਕਾਂ ਅਤੇ ਨੇਪਾਲੀ ਬਲਾਂ ਵਿਚਾਲੇ ਟਕਰਾਅ ਹੋ ਗਿਆ ਸੀ ਤੇ ਤਣਾਅ ਵੱਧ ਗਿਆ ਸੀ। ਨੇਪਾਲੀ ਹਥਿਆਰਬੰਦ ਪੁਲੀਸ ਬਲ ਨੇ 27 ਸਾਲਾ ਬਿਕੇਸ਼ ਕੁਮਾਰ ਰਾਏ ਦੀ ਦੇਹ ਵੀ ਵਾਪਸ ਕਰ ਦਿੱਤੀ ਹੈ ਜੋ ਟਕਰਾਅ ਦੌਰਾਨ ਗੋਲੀ ਨਾਲ ਮਾਰਿਆ ਗਿਆ ਸੀ। ਦੱਖਣੀ ਸਰਹੱਦ ਲਾਗੇ ਵਾਪਰੀ ਘਟਨਾ ਵਿਚ ਨੇਪਾਲੀ ਬਲਾਂ ਨੇ ਸ਼ੁੱਕਰਵਾਰ ਭੀੜ ਉਤੇ ਗੋਲੀ ਚਲਾ ਦਿੱਤੀ ਸੀ। ਇਸ ਮੌਕੇ ਦੋ ਜਣੇ ਫੱਟੜ ਵੀ ਹੋ ਗਏ ਸਨ ਤੇ 45 ਸਾਲਾ ਲਗਨ ਯਾਦਵ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ। 

Leave a Reply

Your email address will not be published. Required fields are marked *