ਨਵਜੋਤ ਸਿੱਧੂ ਨੂੰ ਖੁੱਲ੍ਹਾ ਚੈਲੇਂਜ ਕਰਨ ਵਾਲੇ ਹੌਲਦਾਰ ਸੰਦੀਪ ’ਤੇ ਪੁਲਸ ਨੇ ਕੱਸਿਆ ਸ਼ਿਕੰਜਾ, ਜਾਣੋ ਕੀ ਹੈ ਮਾਮਲਾ

ਅੰਮ੍ਰਿਤਸਰ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਵੀਡੀਓ ਬਣਾ ਕੇ ਭੜਾਸ ਕੱਢਣ ਵਾਲੇ ਅੰਮ੍ਰਿਤਸਰ ਦੇ ਇਕ ਹੌਲਦਾਰ ’ਤੇ ਪੁਲਸ ਵਲੋਂ ਅੱਜ ਕਾਰਵਾਈ ਕੀਤੀ ਗਈ ਹੈ। ਪੁਲਸ ਵਲੋਂ ਹੌਲਦਾਰ ਸੰਦੀਪ ਸਿੰਘ ਦਾ ਡੋਪ ਟੈਸਟ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਸ ਨੂੰ ਸ਼ੱਕ ਹੈ ਕਿ ਹੌਲਦਾਰ ਸੰਦੀਪ ਸਿੰਘ ਨਾਂ ਦਾ ਪੁਲਸ ਮੁਲਾਜ਼ਮ ਨਸ਼ੇ ਕਰਨ ਦਾ ਆਦੀ ਹੈ। ਇਸੇ ਸ਼ੱਕ ਦੇ ਆਧਾਰ ’ਤੇ ਪੁਲਸ ਵਲੋਂ ਉਸ ਦੀ ਡਾਕਟਰੀ ਜਾਂਚ ਕਰਵਾਈ ਗਈ ਹੈ।
ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਹੌਲਦਾਰ ਸੰਦੀਪ ਸਿੰਘ ਨੇ ਦੱਸਿਆ ਕਿ ਉਸ ਨੂੰ ਫਸਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਵਜੋਤ ਸਿੱਧੂ ਦੇ ਇਸ਼ਾਰੇ ’ਤੇ ਉਸ ਖ਼ਿਲਾਫ਼ ਸਾਰੀ ਕਾਰਵਾਈ ਕੀਤੀ ਜਾਵੇਗੀ। ਸਿੱਧੂ ਦੇ ਕਹਿਣ ’ਤੇ ਕਈ ਲੋਕ ਉਸ ਨੂੰ ਪਰੇਸ਼ਾਨ ਕਰ ਰਹੇ ਹਨ ਕਿ ਉਹ ਮੁਆਫ਼ੀ ਮੰਗ ਕੇ ਨਵਜੋਤ ਸਿੱਧੂ ਵਾਲੀ ਵੀਡੀਓ ਵਾਪਸ ਲੈ ਲੈਣ। ਹੌਲਦਾਰ ਨੇ ਕਿਹਾ ਕਿ ਉਹ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕਰਦਾ ਅਤੇ ਨਾ ਹੀ ਉਸ ਦੇ ਘਰ ’ਤੋਂ ਕੋਈ ਨਸ਼ਾ ਬਰਾਮਦ ਹੋਇਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਇਕ ਰੈਲੀ ’ਚ ‘ਥਾਣੇਦਾਰ ਦੀ ਪੈਂਟ ਗਿੱਲੀ ਕਰਨ’ ਵਾਲਾ ਵਿਵਾਦਿਤ ਬਿਆਨ ਦਿੱਤਾ ਗਿਆ ਸੀ। ਸਿੱਧੂ ਦੇ ਇਸ ਬਿਆਨ ਤੋਂ ਪੰਜਾਬ ਪੁਲਸ ਦੇ ਮੁਲਾਜ਼ਮਾਂ ਦਾ ਗੁੱਸਾ ਵੇਖਣ ਵਾਲਾ ਸੀ। ਇਸ ਬਿਆਨ ’ਤੇ ਨਵਜੋਤ ਸਿੱਧੂ ਨੂੰ ਸਭ ਤੋਂ ਪਹਿਲਾਂ ਚੰਡੀਗੜ੍ਹ ਦੇ ਡੀ.ਐੱਸ.ਪੀ ਦਿਲਸ਼ੇਰ ਸਿੰਘ ਚੰਦੇਲ ਨੇ ਖਰੀਆਂ-ਖਰੀਆਂ ਸੁਣਾਈਆਂ ਅਤੇ ਫਿਰ ਅੰਮ੍ਰਿਤਸਰ ਦੇ ਇਕ ਹੌਲਦਾਰ ਸੰਦੀਪ ਸਿੰਘ ਨੇ ਵੀ ਵੀਡੀਓ ਬਣਾ ਕੇ ਨਵਜੋਤ ਸਿੱਧੂ ਦੇ ਇਸ ਬਿਆਨ ’ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਸੀ।
ਵਾਇਰਲ ਵੀਡੀਓ ’ਚ ਸੰਦੀਪ ਸਿੰਘ ਨੇ ਕਿਹਾ ਕਿ ‘‘ਮੈਂ ਪੂਰਬੀ ਵਿਧਾਨ ਸਭਾ ’ਚ ਰਹਿੰਦਾ ਹਾਂ, ਇਹ ਸਿੱਧੂ ਦਾ ਹਲਕਾ ਹੈ। 10 ਵਰ੍ਹੇ ਪਹਿਲਾਂ ਤੁਹਾਡੀ ਪਤਨੀ ਨਵਜੋਤ ਕੌਰ ਨੂੰ ਵੋਟ ਪਾਈ ਸੀ। 2017 ’ਚ ਤੁਹਾਨੂੰ ਵੀ ਵੋਟ ਦਿੱਤੀ ਸੀ।’’ ਉਸ ਨੇ ਕਿਹਾ ਕਿ ਨਵਜੋਤ ਸਿੱਧੂ ਵਲੋਂ ਪੰਜਾਬ ਪੁਲਸ ਨੂੰ ਲੈ ਕੇ ਦਿੱਤੇ ਗਏ ਵਿਵਾਦਤ ਬਿਆਨ ਨੇ ਮੈਨੂੰ ਬਹੁਤ ਦੁੱਖ ਪਹੁੰਚਾਇਆ ਹੈ। ਤੁਸੀਂ ਐੱਮ.ਐੱਲ. ਏ ਛੱਡੋ, ਸਿੱਧੂ ਖੁਦ ਮੈਨੂੰ ਦਬਕਾ ਮਾਰਨ, ਜੇਕਰ ਮੇਰੇ ਮੱਥੇ ‘ਤੇ ਪਸੀਨੇ ਦੀ ਇੱਕ ਬੂੰਦ ਵੀ ਆ ਗਈ ਤਾਂ ਉਹ ਸਿੱਧੂ ਦੀ ਜੁੱਤੀ ‘ਚ ਪਾਣੀ ਪੀਣ ਲਈ ਤਿਆਰ ਹਨ।