ਉੱਤਰੀ ਭਾਰਤ ’ਚ ਮੌਨਸੂਨ ਛੇਤੀ ਪੁੱਜਣ ਦੀ ਪੇਸ਼ੀਨਗੋਈ

ਨਵੀਂ ਦਿੱਲੀ : ਭਾਰਤੀ ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਦੱਖਣ-ਪੂਰਬੀ ਅਰਬ ਖਿੱਤੇ ਤੋਂ ਨਿਸਰਗਾ ਚੱਕਰਵਾਤ ਅਤੇ ਉਸ ਮਗਰੋਂ ਬੰਗਾਲ ਦੀ ਖਾੜੀ ਵਿੱਚ ਬਣੇ ਦਬਾਅ ਕਰ ਕੇ ਦੱਖਣ-ਪੱਛਮੀ ਮੌਨਸੂਨ ਗੁਜਰਾਤ ਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਪਹੁੰਚ ਗਈ ਹੈ। ਮੌਨਸੂਨ ਅਗਲੇ 48 ਘੰਟਿਆਂ ਵਿੱਚ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ’ਚ ਹੋਰ ਅੱਗੇ ਵਧਣ ਦੇ ਹਾਲਾਤ ਸਾਜਗਾਰ ਹੋਣ ਕਰ ਕੇ ਮੌਸਮ ਵਿਗਿਆਨੀਆਂ ਵੱਲੋਂ ਉੱਤਰ-ਪੱਛਮ ਵਿੱਚ ਮੌਨਸੂਨ ਦੀ ਦਸਤਕ ਛੇੇਤੀ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਤਰ੍ਹਾਂ ਉੱਤਰ ਭਾਰਤ ਦੇ ਰਾਜਾਂ ਪੰਜਾਬ, ਦਿੱਲੀ ਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਮੀਂਹ ਛੇਤੀ ਸ਼ੁਰੂ ਹੋਣ ਦੀ ਆਸ ਹੈ। ਮੌਸਮ ਵਿਭਾਗ ਮੁਤਾਬਕ 19 ਜੂਨ ਦੇ ਆਸਪਾਸ ਬੰਗਾਲ ਦੀ ਖਾੜੀ ਦੇ ਖਿੱਤੇ ਵਿੱਚ ਇਕ ਹੋਰ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਆਸ ਹੈ। ‘ਸਕਾਈਮੈਟ’ ਮੁਤਾਬਕ ਇਸ ਸਾਲ ਮੌਨਸੂਨ ਪਹਿਲਾਂ ਵਾਂਗ ਹੀ ਅੱਗੇ ਵਧੀ ਹੈ। ਸਕਾਈਮੈਟ ਵੱਲੋਂ ਮਹੇਸ਼ ਪਲਾਵਤ ਨੇ ਦੱਸਿਆ ਕਿ ਕੇਰਲਾ ਤੋਂ ਸਮੇਂ ਸਿਰ ਮੌਨਸੂਨ ਸ਼ੁਰੂ ਹੋਈ ਅਤੇ 25-26 ਜੂਨ ਤੱਕ ਦਿੱਲੀ ਪਹੁੰਚ ਸਕਦੀ ਹੈ। ਪ੍ਰੀ-ਮੌਨਸੂਨ 20 ਜੂਨ ਤੋਂ ਸ਼ੁਰੂ ਹੋ ਸਕਦੀ ਹੈ। ਗੁਜਰਾਤ ਵਿੱਚ ਇਸ ਵਾਰ ਮੌਨਸੂਨ 10 ਦਿਨ ਪਹਿਲਾਂ ਪਹੁੰਚ ਰਹੀ ਹੈ ਜੋ 25 ਜੂਨ ਤੱਕ ਕੱਛ ਖੇਤਰ ਵਿੱਚ ਪਹੁੰਚਦੀ ਹੈ। ਅਧਿਕਾਰੀਆਂ ਮੁਤਾਬਕ ਰਾਜਸਥਾਨ ਵਿੱਚ ਵੱਖ-ਵੱਖ ਇਲਾਕਿਆਂ ’ਚ ਗਰਮ ਹਵਾਵਾਂ ਚੱਲ ਰਹੀਆਂ ਹਨ। ਉੱਤਰਾਖੰਡ, ਹਿਮਾਚਲ ਪ੍ਰਦੇਸ਼, ਦਿੱਲੀ, ਪੰਜਾਬ ਤੇ ਜੰਮੂ-ਕਸ਼ਮੀਰ ਦੇ ਕੁੱਝ ਇਲਾਕਿਆਂ ਵਿੱਚ 25-26 ਜੂਨ ਤੱਕ ਮੌਨਸੂਨ ਪਹੁੰਚਣ ਦੀ ਸੰਭਾਵਨਾ ਹੈ ਜੋ ਆਮ ਨਾਲੋਂ ਤਿੰਨ ਦਿਨ ਪਹਿਲਾਂ ਕਹੀ ਜਾ ਸਕਦੀ ਹੈ। ਇਸ ਖਿੱਤੇ ਵਿੱਚ ਮੌਨਸੂਨ ਦੀ ਸੋਧੀ ਹੋਈ ਤਰੀਕ 27 ਜੂਨ ਮੰਨੀ ਗਈ ਹੈ। ਮੌਨਸੂਨ ਦੇ ਪਹਿਲਾਂ ਪਹੁੰਚਣ ਵਿੱਚ ਨਿਸਰਗਾ ਦੀ ਅਹਿਮ ਭੂਮਿਕਾ ਹੈ।

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ’ਚ ਤਾਪਮਾਨ ਆਮ ਨਾਲੋਂ ਵਧਣ ਕਾਰਨ ਅੱਜ ਤਪਸ਼ ਵੀ ਵਧ ਗਈ। ਦੋਵਾਂ ਸੂਬਿਆਂ ਵਿੱਚੋਂ ਹਰਿਆਣਾ ਦਾ ਜ਼ਿਲ੍ਹਾ ਹਿਸਾਰ 42.2 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਵੱਧ ਗਰਮ ਰਿਹਾ। ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ’ਚ ਅੱਜ ਪਹਿਲਾਂ ਨਾਲੋਂ ਜ਼ਿਆਦਾ ਤਪਸ਼ ਰਹੀ ਜਿਥੋਂ ਦਾ ਤਾਪਮਾਨ ਕ੍ਰਮਵਾਰ 42, 41.7 ਅਤੇ 41.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ ਵੱਧ ਹੈ। ਹਰਿਅਾਣਾ ਵਿੱਚ ਅੰਬਾਲਾ, ਕਰਨਾਲ ਅਤੇ ਨਾਰਨੌਲ ਦਾ ਤਾਪਮਾਨ ਵੀ ਆਮ ਨਾਲੋਂ ਵੱਧ ਰਿਹਾ। ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਦਾ ਤਾਪਮਾਨ 40 ਡਿਗਰੀ ਦਰਜ ਕੀਤਾ ਗਿਆ। ਇਸੇ ਦੌਰਾਨ ਅੱਜ ਕੌਮੀ ਰਾਜਧਾਨੀ ਦਿੱਲੀ ਵਿੱਚ ਪਾਰਾ 43 ਡਿਗਰੀ ਤੋਂ ਟੱਪ ਗਿਆ। ਮੌਸਮ ਵਿਭਾਗ ਦੇ ਪੂਸਾ ਅਤੇ ਪਾਲਮ ਸਟੇਸ਼ਨ ’ਚ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 43.4 ਅਤੇ 43.2 ਡਿਗਰੀ ਦਰਜ ਕੀਤਾ ਗਿਆ।

Leave a Reply

Your email address will not be published. Required fields are marked *