ਚੀਨ ਨਾਲ ਝੜਪ ’ਚ ਭਾਰਤੀ ਫੌਜ ਦੇ ਕਰਨਲ ਸਣੇ 20 ਜਵਾਨ ਹਲਾਕ

ਨਵੀਂ ਦਿੱਲੀ : ਪੂਰਬੀ ਲੱਦਾਖ ਦੀ ਗਲਵਾਨ ਵਾਦੀ ਵਿਚ ਸੋਮਵਾਰ ਰਾਤ ਭਾਰਤੀ ਤੇ ਚੀਨੀ ਫ਼ੌਜ ਵਿਚਾਲੇ ਹੋਏ ਹਿੰਸਕ ਟਕਰਾਅ ’ਚ ਭਾਰਤੀ ਫ਼ੌਜ ਦੇ ਕਰਨਲ ਸਣੇ 20 ਜਵਾਨ ਮਾਰੇ ਗਏ। ਫੌਜ ਦੇ ਅਧਿਕਾਰਤ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਂਜ ਜ਼ਖ਼ਮੀਆਂ ਤੇ ਲਾਪਤਾ ਜਵਾਨਾਂ ਦੀ ਗਿਣਤੀ ਬਾਰੇ ਅਜੇ ਕੁੱਝ ਵੀ ਸਪੱਸ਼ਟ ਨਹੀਂ ਹੈ। ਸੂਤਰਾਂ ਦੀ ਮੰਨੀਏ ਤਾਂ ਚੀਨ ਦੇ ਵੀ 43 ਸੈਨਿਕ ਹਲਾਕ ਜਾਂ ਫੱਟੜ ਹੋਏ ਹਨ। ਜਾਣਕਾਰੀ ਅਨੁਸਾਰ ਤਿੰਨ ਗੇੜਾਂ ਵਿਚ ਹੋਈ ਇਸ ਝੜਪ ’ਚ ਦੋਵਾਂ ਧਿਰਾਂ ਦੇ 900 ਦੇ ਕਰੀਬ ਫ਼ੌਜੀ ਸ਼ਾਮਲ ਸਨ। ਜ਼ਿਆਦਾਤਰ ਮੌਤਾਂ ਫ਼ੌਜੀ ਜਵਾਨਾਂ ਦੇ ਉੱਚੀਆਂ ਚੋਟੀਆਂ ਤੋਂ ਡਿਗਣ ਕਰ ਕੇ ਹੋਈਆਂ ਹਨ। ਕੁਝ ‘ਹਾਈਪੋਥਰਮੀਆ’ ਦਾ ਸ਼ਿਕਾਰ ਵੀ ਹੋਏ ਹਨ। ਅਜਿਹੀ ਘਟਨਾ 45 ਵਰ੍ਹਿਆਂ ਬਾਅਦ ਵਾਪਰੀ ਹੈ ਤੇ ਇਹ ਇਸ ਗੱਲ ਦਾ ਸੰਕੇਤ ਹੈ ਕਿ ਪੰਜ ਹਫ਼ਤਿਆਂ ਤੋਂ ਜਾਰੀ ਸਰਹੱਦੀ ਵਿਵਾਦ ਸਿਖ਼ਰਾਂ ਛੂਹ ਰਿਹਾ ਹੈ। ਵੇਰਵਿਆਂ ਮੁਤਾਬਕ ਮਾਰੇ ਗਏ ਕਰਨਲ ਸੰਤੋਸ਼ ਬਾਬੂ ਗਲਵਾਨ ’ਚ ਤਾਇਨਾਤ ਬਟਾਲੀਅਨ ਦਾ ਕਮਾਂਡਿੰਗ ਅਫ਼ਸਰ ਸੀ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਭਾਰਤੀ ਅਧਿਕਾਰੀ ਤੇ ਜਵਾਨ ਚੀਨੀ ਜਵਾਨਾਂ ਵੱਲੋਂ ਕੀਤੀ ਪੱਥਰਬਾਜ਼ੀ ਤੇ ਰਾਡਾਂ ਨਾਲ ਕੀਤੇ ਹਮਲੇ ਵਿਚ ਫੱਟੜ ਹੋਣ ਮਗਰੋਂ ਹਲਾਕ ਹੋਏ ਹਨ। ਹਾਲਾਂਕਿ ਇਸ ਬਾਰੇ ਕੋਈ ਸਰਕਾਰੀ ਬਿਆਨ ਜਾਰੀ ਨਹੀਂ ਕੀਤਾ ਗਿਆ। ਵੇਰਵਿਆਂ ਮੁਤਾਬਕ ਬਿਹਾਰ ਰੈਜੀਮੈਂਟ ਦੀ 16ਵੀਂ ਬਟਾਲੀਅਨ ਦੇ ਜਵਾਨਾਂ ਨੇ ਪੈਟਰੋਲ ਪੁਆਇੰਟ-14 ਨੇੜੇ ਚੀਨ ਦੀ ਇਕ ਨਵੀਂ ਪੋਸਟ ਦੇਖਣ ਮਗਰੋਂ ਉਨ੍ਹਾਂ ਨੂੰ ਉੱਥੋ ਜਾਣ ਲਈ ਕਿਹਾ। ਇਸ ਮਗਰੋਂ ਦੋਵਾਂ ਧਿਰਾਂ ਵਿਚਾਲੇ ਹਿੰਸਕ ਟਕਰਾਅ ਹੋ ਗਿਆ। ਫ਼ੌਜੀ ਸੂਤਰਾਂ ਮੁਤਾਬਕ ਦੋਵਾਂ ਧਿਰਾਂ ਵਿਚਾਲੇ ਟਕਰਾਅ ਵਾਲੀ ਥਾਂ ’ਤੇ ਮੇਜਰ ਜਨਰਲ ਪੱਧਰ ਦੀ ਗੱਲਬਾਤ ਚੱਲ ਰਹੀ ਹੈ ਤਾਂ ਕਿ ਤਣਾਅ ਘਟਾਇਆ ਜਾ ਸਕੇ। ਇਕ ਸੀਨੀਅਰ ਫ਼ੌਜੀ ਅਧਿਕਾਰੀ ਨੇ ਦੱਸਿਆ ਕਿ 1975 ਮਗਰੋਂ ਅਜਿਹਾ ਪਹਿਲੀ ਵਾਰ ਵਾਪਰਿਆ ਹੈ ਕਿ ਚੀਨੀ ਫ਼ੌਜ ਨਾਲ ਹਿੰਸਕ ਟਕਰਾਅ ’ਚ ਕਿਸੇ ਭਾਰਤੀ ਜਵਾਨ ਦੀ ਮੌਤ ਹੋਈ ਹੋਵੇ। 1975 ਵਿਚ ਅਰੁਣਾਚਲ ਪ੍ਰਦੇਸ਼ ਦੇ ਤੁਲੁੰਗ ਲਾ ’ਚ ਚਾਰ ਭਾਰਤੀ ਫ਼ੌਜੀ ਸ਼ਹੀਦ ਹੋ ਗਏ ਸਨ।

ਸਰਕਾਰੀ ਸੂਤਰਾਂ ਦਾ ਦਾਅਵਾ ਹੈ ਕਿ ਦੋਵਾਂ ਧਿਰਾਂ ਵਿਚਾਲੇ ਕੋਈ ਗੋਲੀਬਾਰੀ ਨਹੀਂ ਹੋਈ। ਜ਼ਿਕਰਯੋਗ ਹੈ ਕਿ ਗਲਵਾਨ ਵਾਦੀ ਵਿਚ ਤਣਾਅ ਘਟਾਉਣ ਲਈ ਕਈ ਦਿਨਾਂ ਤੋਂ ਯਤਨ ਕੀਤੇ ਜਾ ਰਹੇ ਹਨ। ਗਲਵਾਨ ਵਾਦੀ ਤੇ ਪੂਰਬੀ ਲੱਦਾਖ ਦੇ ਕੁਝ ਹਿੱਸਿਆਂ ਵਿਚ ਪਿਛਲੇ ਪੰਜ ਹਫ਼ਤਿਆਂ ਤੋਂ ਵੱਡੀ ਗਿਣਤੀ ਭਾਰਤੀ ਤੇ ਚੀਨੀ ਫ਼ੌਜ ਜਮ੍ਹਾਂ ਹੈ। ਚੀਨੀ ਫ਼ੌਜ ਅਸਲ ਕੰਟਰੋਲ ਰੇਖਾ ਨੇੜੇ ਹੌਲੀ-ਹੌਲੀ ਆਪਣੇ ਰਣਨੀਤਕ ਸਰੋਤਾਂ ਵਿਚ ਵਾਧਾ ਕਰ ਰਹੀ ਹੈ। ਉਨ੍ਹਾਂ ਨੇੜਲੇ ਟਿਕਾਣਿਆਂ ’ਤੇ ਤੋਪਾਂ, ਜੰਗੀ ਵਾਹਨ ਤੇ ਹੋਰ ਮਾਰੂ ਹਥਿਆਰ ਤਾਇਨਾਤ ਕਰ ਦਿੱਤੇ ਹਨ। ਹਾਲੇ ਕੁਝ ਦਿਨ ਪਹਿਲਾਂ ਹੀ ਫ਼ੌਜ ਮੁਖੀ ਨੇ ਕਿਹਾ ਸੀ ਕਿ ਗਲਵਾਨ ਵਾਦੀ ਵਿਚ ਦੋਵੇਂ ਧਿਰਾਂ ਪਿੱਛੇ ਹਟ ਰਹੀਆਂ ਹਨ। ਭਾਰਤ ਤੇ ਚੀਨ ਵਿਚਾਲੇ ਪੈਂਗੌਂਗ ਝੀਲ, ਗਲਵਾਨ ਵਾਦੀ, ਡੇਮਚੋਕ ਤੇ ਦੌਲਤ ਬੇਗ਼ ਓਲਡੀ ਇਲਾਕੇ ਬਾਰੇ ਟਕਰਾਅ ਹੈ। ਅਸਲ ਕੰਟਰੋਲ ਰੇਖਾ ਉਲੰਘ ਕੇ ਕਈ ਚੀਨੀ ਫ਼ੌਜੀ ਭਾਰਤ ਦੇ ਇਲਾਕੇ ਵਿਚ ਵੀ ਦਾਖ਼ਲ ਹੋਏ ਸਨ। ਭਾਰਤ ਤੇ ਚੀਨ ਵਿਚਾਲੇ ਇਲਾਕੇ ਵਿਚ ਸ਼ਾਂਤੀ ਬਣਾਏ ਰੱਖਣ ਤੇ ਤਣਾਅ ਘਟਾਉਣ ਲਈ ਕਮਾਂਡਰ ਪੱਧਰ ਦਾ ਸੰਵਾਦ ਵੀ ਹੋ ਚੁੱਕਾ ਹੈ।

ਰਣਨੀਤਕ ਤੌਰ ’ਤੇ ਬੇਹੱਦ ਅਹਿਮ ਹੈ ਗਲਵਾਨ ਵਾਦੀ

ਭਾਰਤ-ਚੀਨ ਵਿਚਾਲੇ ਟਕਰਾਅ ਵਾਲੀ ਗਲਵਾਨ ਵਾਦੀ ਦਰਅਸਲ ਰਣਨੀਤਕ ਤੌਰ ’ਤੇ ਅਹਿਮ ਹੈ। ਇਹ ਦੁਨੀਆ ਦੀ ਸਭ ਤੋਂ ਉੱਚੀ ਲੈਂਡਿੰਗ ਗਰਾਊਂਡ ਦੌਲਤ ਬੇਗ਼ ਓਲਡੀ ਨਾਲ ਜੁੜਦੇ ਮਹੱਤਵਪੂਰਨ ਮਾਰਗ ਨੇੜੇ ਸਥਿਤ ਹੈ। ਇਹ ਅਸਲ ਕੰਟਰੋਲ ਰੇਖਾ ਦੇ ਵੀ ਲਾਗੇ ਹੈ ਤੇ ਅਹਿਮ ਹਵਾਈ ਸਪਲਾਈ ਰੂਟ ਹੈ। ਭਾਰਤ ਪੈਂਗੌਂਗ ਝੀਲ ਦੁਆਲੇ ਫਿੰਗਰ ਇਲਾਕੇ ਵਿਚ ਇਕ ਅਹਿਮ ਸੜਕ ਬਣਾ ਰਿਹਾ ਹੈ। ਇਸ ਤੋਂ ਇਲਾਵਾ 255 ਕਿਲੋਮੀਟਰ ਲੰਮੀ ਇਕ ਹੋਰ ਸੜਕ ਗਲਵਾਨ ਵਾਦੀ ਵਿਚ ਦਾਰਬੁਕ-ਸ਼ਾਓਕ-ਦੌਲਤ ਬੇਗ਼ ਓਲਡੀ ਨੂੰ ਜੋੜੇਗੀ। ਇਹ ਸੜਕਾਂ ਭਾਰਤ ਵੱਲੋਂ ਇਲਾਕੇ ਵਿਚ ਗਸ਼ਤ ਰੱਖਣ ਲਈ ਅਹਿਮ ਹਨ ਤੇ ਚੀਨ ਨੂੰ ਇਨ੍ਹਾਂ ’ਤੇ ਇਤਰਾਜ਼ ਹੈ। ਇਹ ਮਾਰਗ ਕਈ ਥਾਵਾਂ ’ਤੇ ਕੰਟਰੋਲ ਰੇਖਾ ਦੇ ਕਾਫ਼ੀ ਲਾਗਿਓਂ ਕਰਾਕੁਰਮ ਪਾਸ ਤੱਕ ਜਾਵੇਗਾ। ਗਲਵਾਨ ਨਦੀ ਵੀ ਅਕਸਾਈ ਚਿਨ ਦੇ ਪੱਛਮ ’ਚ ਸਥਿਤ ਹੈ।

ਚੀਨ ਨੂੰ ਕਰਾਰਾ ਜੁਆਬ ਦੇਵੇ ਭਾਰਤ: ਕੈਪਟਨ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ  ਲੱਦਾਖ ਦੀ ਗਲਵਾਨ ਵਾਦੀ ਵਿੱਚ ਚੀਨ ਨਾਲ ਹਿੰਸਕ ਝੜਪ ਦੌਰਾਨ ਭਾਰਤੀ ਸੈਨਿਕਾਂ ਦੇ ਮਾਰੇ ਜਾਣ ’ਤੇ ਡੂੰਘਾ ਦੁੱਖ ਅਤੇ ਗੁੱਸਾ ਜ਼ਾਹਰ ਕਰਦਿਆਂ ਚੀਨ ਵੱਲੋਂ ਭਾਰਤੀ ਸਰਹੱਦ ਅੰਦਰ ਵਾਰ-ਵਾਰ ਕੀਤੀ ਰਹੀ ਉਲੰਘਣਾ ਖ਼ਿਲਾਫ਼ ਭਾਰਤ ਸਰਕਾਰ ਨੂੰ ਕਰਾਰਾ ਜਵਾਬ ਦੇਣ ਦਾ ਸੱਦਾ ਦਿੱਤਾ ਹੈ। ਕੈਪਟਨ ਨੇ ਕਿਹਾ, ‘‘ਸਾਡੇ ਸੈਨਿਕ ਕੋਈ ਖੇਡ ਨਹੀਂ ਕਿ ਸਾਡੀਆਂ ਸਰਹੱਦਾਂ ਦੀ ਰਾਖੀ ਕਰਦੇ ਅਫਸਰਾਂ ਤੇ ਜਵਾਨਾਂ ਨੂੰ ਥੋੜ੍ਹੇ ਦਿਨਾਂ ਬਾਅਦ ਮਾਰ ਜਾਂ ਜ਼ਖ਼ਮੀ ਕਰ ਦਿੱਤਾ ਜਾਵੇ। ਹੁਣ ਵੇਲਾ ਆ ਗਿਆ ਹੈ ਕਿ ਭਾਰਤ ਗੁਆਂਢੀ ਮੁਲਕ ਵੱਲੋਂ ਵਾਰ-ਵਾਰ ਕੀਤੇ ਜਾ ਰਹੇ ਹਮਲਿਆਂ ਦਾ ਜਵਾਬ ਦੇਵੇ ਅਤੇ ਸਾਡੀ ਖੇਤਰੀ ਪ੍ਰਭੂਸੱਤਾ ਉਤੇ ਹੁੰਦੇ ਹਮਲਿਆਂ ਨੂੰ ਰੋਕੇ।’’ 

ਸਿਆਸੀ ਧਿਰਾਂ ਨੂੰ ਜ਼ਮੀਨੀ ਹਕੀਕਤ ਬਾਰੇ ਜਾਣੂ ਕਰਵਾਏ ਸਰਕਾਰ: ਕਾਂਗਰਸ

ਨਵੀਂ ਦਿੱਲੀ: ਚੀਨ ਨਾਲ ਹੋਏ ਟਕਰਾਅ ਵਿਚ ਭਾਰਤੀ ਫ਼ੌਜੀ ਅਧਿਕਾਰੀ ਤੇ ਜਵਾਨਾਂ ਦੇ ਸ਼ਹੀਦ ਹੋਣ ਨੂੰ ਕਾਂਗਰਸ ਨੇ ਬਰਦਾਸ਼ਤ ਤੋਂ ਬਾਹਰ ਕਰਾਰ ਦਿੱਤਾ ਹੈ। ਪਾਰਟੀ ਮੁਤਾਬਕ ਇਹ ਹਿਲਾ ਕੇ ਰੱਖ ਦੇਣ ਵਾਲੀ ਘਟਨਾ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਲਈ ਇਹ ਚਿੰਤਾ ਦਾ ਵਿਸ਼ਾ ਹੈ। ਕਾਂਗਰਸ ਦੇ ਬੁਲਾਰੇ ਆਨੰਦ ਸ਼ਰਮਾ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਘਟਨਾ ਦੀ ਪੁਸ਼ਟੀ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਮੁਲਕ ਨੂੰ ਭਰੋਸੇ ਵਿਚ ਲਏ ਤੇ ਸਿਆਸੀ ਧਿਰਾਂ ਨਾਲ ਮੀਟਿੰਗ ਕਰ ਕੇ ਜ਼ਮੀਨੀ ਹਕੀਕਤ ਬਾਰੇ ਜਾਣੂ ਕਰਵਾਇਆ ਜਾਵੇ। ਰੱਖਿਆ ਮਾਮਲਿਆਂ ਬਾਰੇ ਸੰਸਦ ਦੀ ਸਥਾਈ ਕਮੇਟੀ ਦੇ ਮੈਂਬਰ ਰਹਿ ਚੁੱਕੇ ਚੰਦਰਸ਼ੇਖਰ ਨੇ ਚੀਨ ਦੀ ਕਮਿਊਨਿਸਟ ਪਾਰਟੀ ਦੀ ਨਿਖੇਧੀ ਵੀ ਕੀਤੀ।     

ਵਿਰੋਧੀ ਧਿਰਾਂ ਨੇ ਮੋਦੀ ਤੇ ਰਾਜਨਾਥ ਦੀ ‘ਚੁੱਪ’ ’ਤੇ ਸਵਾਲ ਉਠਾਏ

ਨਵੀਂ ਦਿੱਲੀ: ਭਾਰਤ-ਚੀਨ ਟਕਰਾਅ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਧਾਰੀ ‘ਚੁੱਪ’ ਉਤੇ ਵਿਰੋਧੀ ਧਿਰਾਂ ਨੇ ਸਵਾਲ ਉਠਾਏ ਹਨ। ਜਦਕਿ ਭਾਜਪਾ ਦਾ ਕਹਿਣਾ ਹੈ ਕਿ ਮੋਦੀ ਦੀ ਅਗਵਾਈ ਵਿਚ ਭਾਰਤੀ ਸਰਹੱਦਾਂ ਸੁਰੱਖਿਅਤ ਹਨ। ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਭਾਰਤੀ ਫ਼ੌਜ ਨੇ ਠੋਕਵਾਂ ਜਵਾਬ ਦਿੱਤਾ ਹੈ। ਕਾਂਗਰਸੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪੂਰਬੀ ਲੱਦਾਖ ਵਿਚ ਵਾਪਰੀਆਂ ਘਟਨਾਵਾਂ ਬਾਰੇ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਚੁੱਪ ਉਤੇ ਵੀ ਸਵਾਲ ਉਠਾਇਆ। 

ਹਿੰਸਕ ਟਕਰਾਅ ਚੀਨ ਵੱਲੋਂ ਕੰਟਰੋਲ ਰੇਖਾ ਨੂੰ ਬਦਲਣ ਦਾ ਸਿੱਟਾ: ਵਿਦੇਸ਼ ਮੰਤਰਾਲਾ 

ਨਵੀਂ ਦਿੱਲੀ: ਭਾਰਤ ਨੇ ਅੱਜ ਕਿਹਾ ਕਿ ਪੂਰਬੀ ਲੱਦਾਖ ਵਿੱਚ ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਅਾਨ ਹੋਈ ਹਿੰਸਕ ਝੜਪ ਚੀਨ ਵੱਲੋਂ ਅਸਲ ਕੰਟਰੋਲ ਰੇਖਾ ’ਤੇ ਮੌਜੂਦਾ ਸਥਿਤੀ ਨੂੰ ਇਕਤਰਫ਼ਾ ਤਰੀਕੇ ਨਾਲ ਬਦਲਣ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸੋਮਵਾਰ ਰਾਤ ਨੂੰ ਹੋਈ ਇਸ ਝੜਪ ਵਿੱਚ ਦੋਵਾਂ ਪਾਸੇ ਜਾਨੀਂ ਨੁਕਸਾਨ ਹੋਇਆ ਹੈ। ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵਾ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਜਾਰੀ ਤਲਖੀ ਨੂੰ ਘਟਾਉਣ ਲਈ ਚੀਨ ਵਾਲੇ ਪਾਸੇ ਸਿਖਰਲੇ ਅਧਿਕਾਰੀ ਸਮਾਂ ਰਹਿੰਦਿਆਂ ਕਿਸੇ ਸਮਝੌਤੇ ’ਤੇ ਅੱਪੜ ਜਾਂਦੇ ਤਾਂ ਸ਼ਾਇਦ ਇਸ ਹਿੰਸਕ ਟਕਰਾਅ ਨੂੰ ਟਾਲਿਆ ਜਾ ਸਕਦਾ ਸੀ। ਸ੍ਰੀਵਾਸਤਵਾ ਨੇ ਕਿਹਾ, ‘ਸਰਹੱਦੀ ਪ੍ਰਬੰਧਨ ਬਾਰੇ ਆਪਣੀ ਜ਼ਿੰਮੇਵਾਰੀ ਵਾਲੀ ਪਹੁੰਚ ਨੂੰ ਲੈ ਕੇ ਭਾਰਤ ਪੂਰੀ ਤਰ੍ਹਾ ਸਪਸ਼ਟ ਹੈ ਕਿ ਇਸ ਦੀਆਂ ਸਾਰੀਆਂ ਸਰਗਰਮੀਆਂ ਹਮੇਸ਼ਾਂ ਤੋਂ ਅਸਲ ਕੰਟਰੋਲ ਰੇਖਾ ’ਤੇ ਭਾਰਤ ਵਾਲੇ ਪਾਸੇ ਤੱਕ ਸੀਮਤ ਰਹੀਆਂ ਹਨ। ਅਸੀਂ ਚੀਨ ਤੋਂ ਵੀ ਇਹੀ ਆਸ ਕਰਦੇ ਹਾਂ।’ ਤਰਜਮਾਨ ਨੇ ਕਿਹਾ, ‘ਅਸੀਂ ਸਰਹੱਦੀ ਖੇਤਰਾਂ ਵਿੱਚ ਅਮਨ ਬਹਾਲੀ ਅਤੇ ਵੱਖਰੇਵਿਆਂ ਨੂੰ ਸੰਵਾਦ ਜ਼ਰੀਏ ਹੱਲ ਕਰਨ ਦੀ ਲੋੜ ਨੂੰ ਸਵੀਕਾਰ ਕਰਦੇ ਹਾਂ। ਪਰ ਨਾਲ ਦੀ ਨਾਲ ਅਸੀਂ ਭਾਰਤੀ ਦੀ ਪ੍ਰਭੂਸੱਤਾ ਤੇ ਪ੍ਰਾਦੇਸ਼ਕ ਅਖੰਡਤਾ ਨੂੰ ਯਕੀਨੀ ਬਣਾਉਣ ਲਈ ਵੀ ਵਚਨਬੱਧ ਹਾਂ।’ -ਪੀਟੀਆਈ

ਪਾਕਿ ਸਫ਼ੀਰ ਤਲਬ

ਨਵੀਂ ਦਿੱਲੀ: ਪਾਕਿਸਤਾਨੀ ਏਜੰਸੀਆਂ ਵੱਲੋਂ ਇਸਲਾਮਾਬਾਦ ਵਿੱਚ ਭਾਰਤੀ ਮਿਸ਼ਨ ਦੇ ਦੋ ਜੂਨੀਅਰ ਅਧਿਕਾਰੀਆਂ ਨੂੰ ‘ਅਗਵਾ’ ਕਰਕੇ ‘ਤਸ਼ੱਦਦ’ ਢਾਹੇ ਜਾਣ ਤੋਂ ਇਕ ਦਿਨ ਮਗਰੋਂ ਭਾਰਤ ਨੇ ਅੱਜ ਇਥੇ ਪਾਕਿਸਤਾਨ ਹਾਈ ਕਮਿਸ਼ਨ ਦੇ ਸਫ਼ੀਰ ਹੈਦਰ ਸ਼ਾਹ ਨੂੰ ਤਲਬ ਕਰਕੇ ਸਖ਼ਤ ਲਹਿਜੇ ਵਿੱਚ ਰੋਸ ਜਤਾਇਆ।

ਚੀਨ ਨੇ ਭਾਰਤੀ ਫ਼ੌਜ ’ਤੇ ਸਰਹੱਦ ਉਲੰਘਣ ਦਾ ਦੋਸ਼ ਲਾਇਆ

ਪੇਈਚਿੰਗ: ਚੀਨ ਨੇ ਦੋਸ਼ ਲਾਇਆ ਹੈ ਕਿ ਭਾਰਤੀ ਫ਼ੌਜ ਨੇ 15 ਜੂਨ ਨੂੰ ਦੋ ਵਾਰ ਅਸਲ ਕੰਟਰੋਲ ਰੇਖਾ ਪਾਰ ਕੀਤੀ ਹੈ। ਇਹ ਸਭ ‘ਗ਼ੈਰਕਾਨੂੰਨੀ ਢੰਗ ਨਾਲ ਚੀਨੀ ਜਵਾਨਾਂ ਨੂੰ ਭੜਕਾਉਣ ਤੇ ਉਨ੍ਹਾਂ ’ਤੇ ਹੱਲਾ ਬੋਲਣ ਲਈ ਕੀਤਾ ਗਿਆ।’ ਉਨ੍ਹਾਂ ਮੁਤਾਬਕ ਦੋਵਾਂ ਧਿਰਾਂ ਵਿਚਾਲੇ ਗੰਭੀਰ ਟਕਰਾਅ ਦਾ ਇਹੀ ਕਾਰਨ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਅਾਨ ਨੂੰ ਜਦ ਵਿਵਾਦਤ ਸਰਹੱਦ ਉਤੇ ਭਾਰਤ ਦੇ ਹੋਏ ਨੁਕਸਾਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ‘ਮੈਨੂੰ ਤੁਹਾਡੇ ਵੱਲੋਂ ਦਿੱਤੀ ਜਾ ਰਹੀ ਜਾਣਕਾਰੀ ਬਾਰੇ ਪਤਾ ਨਹੀਂ ਹੈ।’ ਲਿਜਿਆਨ ਨੇ ਕਿਹਾ ਕਿ ਤਣਾਅ ਘਟਾਉਣ ਲਈ ਦੋਵਾਂ ਧਿਰਾਂ ਨੇ ਉੱਚ ਪੱਧਰੀ ਮੀਟਿੰਗ ਕਰ ਕੇ ਸਹਿਮਤੀ ਕਾਇਮ ਕੀਤੀ ਸੀ ਪਰ 15 ਜੂਨ ਨੂੰ ਭਾਰਤੀ ਫ਼ੌਜ ਨੇ ਇਸ ਦੀ ਉਲੰਘਣਾ ਕੀਤੀ। ਉਨ੍ਹਾਂ ਕਿਹਾ ਕਿ ਚੀਨ ਨੇ ਭਾਰਤ ਕੋਲ ਰੋਸ ਦਰਜ ਕਰਵਾਇਆ ਹੈ ਤੇ ਗੁਆਂਢੀ ਮੁਲਕ ਨੂੰ ਬਣਾਈ ਗਈ ਸਹਿਮਤੀ ’ਤੇ ਖ਼ਰਾ ਉਤਰਨ ਲਈ ਕਿਹਾ ਹੈ। 

ਰਾਜਨਾਥ ਵੱਲੋਂ ਜੈਸ਼ੰਕਰ, ਸੀਡੀਐੱਸ ਤੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਨਾਲ ਮੀਟਿੰਗ

ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੂਰਬੀ ਲੱਦਾਖ ਵਿਚ ਬਣ ਰਹੀ ਸਥਿਤੀ ਬਾਰੇ ਅੱਜ ਇਕ ਤੋਂ ਬਾਅਦ ਇਕ ਮੀਟਿੰਗ ਕੀਤੀ। ਪਹਿਲੀ ਮੀਟਿੰਗ ਉਨ੍ਹਾਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐੱਸ) ਜਨਰਲ ਬਿਪਿਨ ਰਾਵਤ ਅਤੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਨਾਲ ਕੀਤੀ ਤੇ ਸਥਿਤੀ ਦੀ ਵਿਆਪਕ ਸਮੀਖ਼ਿਆ ਕੀਤੀ। ਇਸ ਮੌਕੇ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਭਾਰਤੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਭਾਰਤ ਨੇ ਪੈਂਗੌਂਗ ਝੀਲ, ਗਲਵਾਨ ਵਾਦੀ, ਡੇਮਚੋਕ ਤੇ ਦੌਲਤ ਬੇਗ਼ ਓਲਡੀ ਵਿਚ ਫ਼ੌਜੀ ਤਾਕਤ ’ਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਸੂਤਰਾਂ ਮੁਤਾਬਕ ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਨੇ ਆੋਪਣਾ ਪਠਾਨਕੋਟ ਬੇਸ ਦਾ ਦੌਰਾ ਰੱਦ ਕਰ ਕੇ ਰੱਖਿਆ ਮੰਤਰੀ ਨੂੰ ਸੋਮਵਾਰ  ਰਾਤ ਦੇ ਟਕਰਾਅ ਬਾਰੇ ਵਿਆਪਕ ਰਿਪੋਰਟ ਸੌਂਪੀ ਹੈ। ਦੂਜੀ ਮੀਟਿੰਗ ਵਿਚ ਜੈਸ਼ੰਕਰ, ਨਰਵਾਣੇ ਤੇ ਸੀਡੀਐੱਸ ਰਾਵਤ ਹਾਜ਼ਰ ਸਨ। ਰਾਜਨਾਥ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਟਕਰਾਅ ਤੇ ਪੂਰਬੀ ਲੱਦਾਖ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੱਤੀ ਹੈ।

Leave a Reply

Your email address will not be published. Required fields are marked *