ਰਾਜਧਾਨੀ ਦੇ ਪੰਜ ਤਾਰਾ ਹੋਟਲ ਬਣੇ ਹਸਪਤਾਲ

ਨਵੀਂ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਆਸ਼ਰਮ ਨੇੜੇ ਦਿੱਲੀ ਵਿੱਚ ਸੂਰੀਆ ਹੋਟਲ ਦਾ ਦੌਰਾ ਕੀਤਾ ਤੇ ਇਸ ਆਲੀਸ਼ਾਨ ਹੋਟਲ ਵਿੱਚ ਕੋਵਿਡ-19 ਮਰੀਜ਼ਾਂ ਲਈ ਵੱਖਰੇ ਵਾਰਡ ਵਿੱਚ ਤਬਦੀਲ ਕੀਤੇ ਜਾਣ ਵਾਲੇ ਕਮਰਿਆਂ ਦਾ ਜਾਇਜ਼ਾ ਲਿਆ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਅਗਲੇ ਦੋ-ਤਿੰਨ ਦਿਨਾਂ ਦੌਰਾਨ 120 ਬਿਸਤਰੇ ਦੀ ਸਹੂਲਤ ਸ਼ੁਰੂ ਹੋ ਜਾਵੇਗੀ ਤੇ ਹੌਲੀ-ਹੌਲੀ 250-300 ਬਿਸਤਰੇ ਤੱਕ ਸਹੂਲਤ ਵਧ ਸਕੇਗੀ। ਦਿੱਲੀ ਵਿੱਚ 30-35 ਹੋਟਲ ਹੋਰ ਮੰਗ ਕੇ 3000-3500 ਬਿਸਤਰੇ ਵਧਾਉਣ ਬਾਰੇ ਵੀ ਉਨ੍ਹਾਂ ਜਾਣਕਾਰੀ ਦਿੱਤੀ। ਦਿੱਲੀ ਹਾਈ ਕੋਰਟ ਵਿੱਚ ਸੁਣਵਾਈ ਤੋਂ ਬਾਅਦ ਅਰਵਿੰਦ ਕੇਜਰੀਵਾਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਨਾਲ ਤਿਆਰੀ ਵੇਖਣ ਲਈ ਸੂਰੀਆ ਹੋਟਲ ਗਏ। ਸੂਰੀਆ ਹੋਟਲ ਕੋਵਿਡ -19 ਦੇ ਮਰੀਜ਼ਾਂ ਨੂੰ 90 ਕਮਰੇ ਸਮਰਪਿਤ ਕਰ ਰਿਹਾ ਹੈ। ਇਹ ਰੋਗੀ ਜਾਂ ਤਾਂ ਹਲਕੇ ਲੱਛਣ ਵਾਲੇ ਜਾਂ ਅਸਿਮੋਟੋਮੈਟਿਕ ਹੋਣਗੇ। ਸਰਕਾਰ ਨੇ ਕਮਰੇ ਦੇ ਚਾਰਜ ਵੀ ਹੋਟਲ ਦੇ ਅਨੁਸਾਰ ਤੈਅ ਕੀਤੇ ਹਨ। 

  ਇੱਕ ਮਰੀਜ਼ ਨੂੰ ਪ੍ਰਤੀ ਰਾਤ 5000 ਤੋਂ ਵੱਧ ਟੈਕਸ ਵਸੂਲਿਆ ਜਾਵੇਗਾ ਜਿਸ ਵਿੱਚ ਤਿੰਨ ਭੋਜਨ ਅਤੇ ਹੋਟਲ ਦੀਆਂ ਹੋਰ ਸੇਵਾਵਾਂ ਸ਼ਾਮਿਲ ਹੋਣਗੀਆਂ। ਹੋਟਲ ਨੂੰ ਹੁਣ ਹੋਲੀ ਫੈਮਲੀ ਹਸਪਤਾਲ ਨਾਲ ਜੋੜਿਆ ਜਾਵੇਗਾ ਜੋ ਕਿ ਸਿਰਫ 500 ਮੀਟਰ ਦੀ ਦੂਰੀ ’ਤੇ ਹੈ ਅਤੇ ਇਸ ਲਈ ਸਿਰਫ ਹਸਪਤਾਲ ਦੇ ਮਰੀਜ਼ਾਂ ਨੂੰ ਹੋਟਲ ਰੈਫਰ ਕੀਤਾ ਜਾਵੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੰਗਲਵਾਰ ਨੂੰ ਸੂਰੀਆ ਹੋਟਲ ਦਾ ਦੌਰਾ ਕੀਤਾ। ਹਾਈ ਕੋਰਟ ਵੱਲੋਂ ਮਰੀਜ਼ਾਂ ਦੇ ਇਲਾਜ ਲਈ ਹੋਟਲ ਨੂੰ ਹੋਲੀ ਫੈਮਲੀ ਹਸਪਤਾਲ ਨਾਲ ਜੋੜਨ ਦੀ ਇਜਾਜ਼ਤ ਦੇ ਦਿੱਤੀ ਗਈ।  ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ 29 ਮਈ ਨੂੰ ਇੱਕ ਆਦੇਸ਼ ਰਾਹੀਂ ਚਾਰ ਤੇ ਪੰਜ ਤਾਰਾ-ਹੋਟਲ ਨੂੰ ਵੱਡੇ ਹਸਪਤਾਲਾਂ ਨਾਲ ਜੋੜਿਆ ਸੀ ਜੋ ਕਿ ਕਰੋਨਵਾਇਰਸ ਦੇ ਮਰੀਜ਼ਾਂ ਦੇ ਇਲਾਜ ਵਿੱਚ ਸ਼ਾਮਲ ਹਨ। 

ਸਤਿੰਦਰ ਜੈਨ ਨੂੰ ਬੁਖ਼ਾਰ, ਕਰੋਨਾ ਜਾਂਚ ਨੈਗੇਟਿਵ

ਨਵੀਂ ਦਿੱਲੀ (ਪੱਤਰ ਪ੍ਰੇਰਕ):ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੂੰ ਸਾਹ ਲੈਣ ਵਿੱਚ ਤਕਲੀਫ ਤੇ ਬੁਖ਼ਾਰ ਹੋਣ ਦੀ ਸ਼ਿਕਾਇਤ ਮਗਰੋਂ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਸ੍ਰੀ ਜੈਨ ਦਾ ਕਰੋਨਾਵਾਇਰਸ ਦਾ ਟੈਸਟ ਵੀ ਕੀਤਾ ਗਿਆ ਜੋ ਨੈਗੇਟਿਵ ਆਇਆ। ਸੂਤਰਾਂ ਮੁਤਾਬਕ ਉਨ੍ਹਾਂ ਦੀ ਹਾਲਤ ਸਥਿਰ ਹੈ ਪਰ ਉਨ੍ਹਾਂ ਨੂੰ ਬੁਖ਼ਾਰ ਖ਼ਬਰ ਲਿਖੇ ਜਾਣ ਤਕ ਸੀ। ਡਾਕਟਰਾਂ ਦੀ ਨਿਗਰਾਨੀ ਹੇਠ ਹਸਪਤਾਲ ਅਮਲੇ ਵੱਲੋਂ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਆਕਸੀਜਨ ਵੀ ਦਿੱਤੀ ਗਈ। 55 ਸਾਲਾਂ ਦੇ ‘ਆਪ’ ਦੇ ਤੀਜੀ ਵਾਰ ਵਿਧਾਇਕ ਚੁਣੇ ਗਏ ਤੇ ਦਿੱਲੀ ਦੇ ਸਿਹਤ ਮੰਤਰੀ ਵਜੋਂ ਉਹ ਬੀਤੇ ਦੋ ਮਹੀਨੇ ਤੋਂ ਲਗਾਤਾਰ ਸਰਗਰਮ ਹਨ। ਸ੍ਰੀ ਜੈਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਉਹ ਉੱਚ ਤਾਪਮਾਨ ਦੇ ਬੁਖ਼ਾਰ ਤੋਂ ਪੀੜਤ ਹਨ ਤੇ ਅਚਾਨਕ ਉਨ੍ਹਾਂ ਦੇ ਸਰੀਰ ਦਾ ਆਕਸੀਜਨ ਦਾ ਪੱਧਰ ਡਿੱਗ ਗਿਆ। ਬੀਤੀ ਰਾਤ ਉਨ੍ਹਾਂ ਨੂੰ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਬੀਤੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਸਾਹ ਲੈਣ ਦੀ ਤਕਲੀਫ਼ ਕਾਰਨ ਇਲਾਜ ਕਰਵਾਉਣਾ ਪਿਆ ਸੀ ਪਰ ਉਨ੍ਹਾਂ ਦਾ ਕੋਵਿਡ-19 ਟੈਸਟ ਵੀ ਨੈਗੇਟਿਵ ਆਇਆ ਸੀ। ਉਨ੍ਹਾਂ ਦੇ ਬਿਮਾਰ ਹੋਣ ਮਗਰੋਂ ਕਈ ਅਹਿਮ ਬੈਠਕਾਂ ਰੱਦ ਕਰਨੀਆਂ ਪਈਆਂ। ਸ੍ਰੀ ਜੈਨ ਕਰੋਨਾਵਾਇਰਸ ਕਾਰਨ ਰੋਜ਼ਾਨਾ ਕਈ ਅਹਿਮ ਬੈਠਕਾਂ ਸਿਹਤ ਮਹਿਕਮੇ ਦੇ ਅਧਿਕਾਰੀਆਂ ਨਾਲ ਲਗਾਤਾਰ ਕਰਦੇ ਆ ਰਹੇ ਹਨ ਤੇ ਦੇਰ ਰਾਤ ਤਕ ਕਾਰਜਸ਼ੀਲ ਰਹਿੰਦੇ ਹਨ।

ਤਾਜ ਮਾਨਸਿੰਘ ਹੋਟਲ ਹੁਣ ਗੰਗਾ ਰਾਮ ਹਸਪਤਾਲ ਨਾਲ ਜੁੜੇਗਾ

ਦਿੱਲੀ ਦਾ 5-ਤਾਰਾ ਤਾਜ ਮਾਨਸਿੰਘ ਹੋਟਲ ਹੁਣ ਸਰ ਗੰਗਾ ਰਾਮ ਹਸਪਤਾਲ ਨਾਲ ਜੁੜੇਗਾ ਤਾਂ ਜੋ ਸ਼ਹਿਰ ਨੂੰ ਵਧ ਰਹੇ ਕਰੋਨਾਵਾਇਰਸ ਕੇਸਾਂ ਨਾਲ ਨਜਿੱਠਣ ਵਿਚ ਸਹਾਇਤਾ ਕੀਤੀ ਜਾ ਸਕੇ।   ਹੋਟਲ ਮਰੀਜ਼ਾਂ ਨੂੰ ਕਮਰੇ ਤੇ ਭੋਜਨ ਮੁਹੱਈਆ ਕਰਾਉਣ ਦੀ ਜ਼ਿੰਮੇਵਾਰੀ ਨਿਭਾਏਗਾ। ਹਸਪਤਾਲ ਹੋਟਲ ਵਿਚ ਸਟਾਫ ਦੀ ਘਾਟ ਦੀ ਪੂਰਤੀ ਕਰੇਗਾ ਤੇ ਇਲਾਜ ਅਤੇ ਐਂਬੂਲੈਂਸ ਸੇਵਾਵਾਂ ਦੇਣ ਦਾ ਇੰਚਾਰਜ ਹੋਵੇਗਾ। ਮਰੀਜ਼ਾਂ ਨੂੰ ਹਸਪਤਾਲ ਨੂੰ ਭੁਗਤਾਨ ਕਰਨਾ ਪਏਗਾ। ਸਰਕਾਰ ਦੇ ਫੈਸਲੇ ਅਨੁਸਾਰ ਪੰਜ ਤਾਰਾ ਵਾਲੇ ਹੋਟਲ ਵਿਚ ਕਮਰੇ ਦਾ ਕਿਰਾਇਆ ਇਕ ਦਿਨ ਵਿਚ 5000 ਰੁਪਏ ਹੋਵੇਗਾ। ਮੈਡੀਕਲ ਸੇਵਾਵਾਂ ਲਈ ਦਿਨ ਵਿਚ ਵੱਧ ਤੋਂ ਵੱਧ 5000 ਰੁਪਏ ਵਸੂਲ ਕੀਤੇ ਜਾ ਸਕਦੇ ਹਨ ਜੋ ਆਕਸੀਜਨ ਨੂੰ ਛੱਡ ਕੇ ਸਾਰੇ ਸ਼ਾਮਲ ਹੋਣਗੇ। ਆਕਸੀਜਨ ਸਿਲੰਡਰ ਦੀ ਵਿਵਸਥਾ ਕਰਨ ਲਈ ਪ੍ਰਤੀ ਦਿਨ 2 ਹਜ਼ਾਰ ਰੁਪਏ ਵਾਧੂ ਵਸੂਲ ਕੀਤੇ ਜਾ ਸਕਦੇ ਹਨ। ਸਰਕਾਰ ਦੇ ਨਵੇਂ ਨਿਯਮਾਂ ਤਹਿਤ ਤਾਜ ਮਾਨਸਿੰਘ ਸਟਾਫ ਨੂੰ ਰੱਖਿਅਕ ਤੇ ਮੁੱਢਲੀ ਸਿਖਲਾਈ ਦਿੱਤੀ ਜਾਵੇਗੀ। ਜੇ ਹਸਪਤਾਲ ਚਾਹੇ ਤਾਂ ਇਸ ਦੇ ਡਾਕਟਰ, ਨਰਸਾਂ ਤੇ ਹੋਰ ਪੈਰਾ ਮੈਡੀਕਲ ਸਟਾਫ ਹੋਟਲ ਵਿਚ ਰਹਿ ਸਕਦੇ ਹਨ ਪਰ ਹਸਪਤਾਲ ਨੂੰ ਇਸ ਦੀ ਕੀਮਤ ਸਹਿਣੀ ਪਵੇਗੀ। ਹੋਟਲਾਂ ਨੂੰ ਹਸਪਤਾਲਾਂ ਨਾਲ ਜੋੜਨ ਦਾ ਫੈਸਲਾ ਦਿੱਲੀ ਸਰਕਾਰ ਨੇ ਸ਼ਹਿਰ ਵਿੱਚ ਬਿਸਤਰੇ ਦੀ ਘਾਟ ਨੂੰ ਵੇਖਦਿਆਂ ਲਿਆ, ਜਿਸ ਨੂੰ ਸਰਕਾਰ ਕਹਿੰਦੀ ਹੈ ਕਿ ਜੁਲਾਈ ਦੇ ਅੰਤ ਤੱਕ 5.5 ਲੱਖ ਕਰੋਨਾਵਾਇਰਸ ਦੇ ਕੇਸ ਹੋਣ ਦੀ ਉਮੀਦ ਹੈ। ਉਸ ਸਮੇਂ ਤਕ ਦਿੱਲੀ ਨੂੰ 80,000 ਬਿਸਤਰੇ ਦੀ ਜ਼ਰੂਰਤ ਹੋਵੇਗੀ।

ਦਿੱਲੀ ਵਿੱਚ ਕਰੋਨਾ ਮਹਾਂਮਾਰੀ  ਨਾਲ 1400 ਮੌਤਾਂ

ਨਵੀਂ ਦਿੱਲੀ (ਪੱਤਰ ਪ੍ਰੇਰਕ):ਦਿੱਲੀ ਕਰੋਨਾ ਮਹਾਂਮਾਰੀ ਦੀ ਮਾਰ ਸਹਿ ਰਹੀ ਹੈ। ਬੀਤੇ 24 ਘੰਟਿਆਂ ਦੌਰਾਨ ਦਿੱਲੀ ਵਿੱਚ 1647 ਮਾਮਲੇ ਸਾਹਮਣੇ ਆਏ ਹਨ ਤੇ ਕੁੱਲ ਮੌਤਾਂ ਦੀ ਗਿਣਤੀ 1400 ਦੇ ਪਾਰ ਚਲੀ ਗਈ ਹੈ। ਇਸੇ ਦੌਰਾਨ ਦਿੱਲੀ ਦੇ ਆਨੰਦ ਵਿਹਾਰ ਰੇਲਵੇ ਸਟੇਸ਼ਨ ਵਿੱਚ ਕਰੀਬ 300 ਕਰੋਨਾ ਕੇਅਰ ਆਈਸੋਲੈਸ਼ਨ ਰੇਲ ਡੱਬੇ ਕੇਂਦਰ ਸਰਕਾਰ ਵੱਲੋਂ ਤਿਆਰ ਕਰਵਾਏ ਗਏ ਹਨ। ਉੱਤਰੀ ਰੇਲਵੇ ਦੇ ਸੂਚਨਾ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਲੱਛਣਾਂ ਵਾਲੇ ਜਾਂ ਘੱਟ ਲੱਛਣਾਂ ਵਾਲੇ ਮਰੀਜ਼ਾਂ ਨੂੰ ਇਨ੍ਹਾਂ ਡੱਬਿਆਂ ਵਿਚ ਰੱਖਿਆ ਜਾਵੇਗਾ ਤੇ ਇਨ੍ਹਾਂ ਡੱਬਿਆਂ ਦੀ ਦੇਖਭਾਲ ਦਿੱਲੀ ਸਰਕਾਰ ਕਰੇਗੀ। ਅਜਿਹਾ ਹੀ ਉਪਰਾਲਾ ਸ਼ਕੂਰਬਸਤੀ ਰੇਲਵੇ ਸਟੇਸ਼ਨ ਵਿੱਚ ਬੀਤੇ ਹਫ਼ਤੇ ਸ਼ੁਰੂ ਕੀਤਾ ਗਿਆ ਸੀ। 

ਦਿੱਲੀ ਸਰਕਾਰ ਵੱਲੋਂ ਕਰੋਨਾ ਖ਼ਿਲਾਫ਼ ਜੰਗ ਜਾਰੀ

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਖ਼ਿਲਾਫ਼ ਜੰਗ ਜਾਰੀ ਹੈ ਤੇ ਮਰੀਜ਼ਾਂ ਦੀ ਤਦਾਦ ਵਧਣ ਦੇ ਖਦਸ਼ਿਆਂ ਦੌਰਾਨ ਬਿਸਤਰਿਆਂ ਦੀ ਗਿਣਤੀ ਵਧਾਉਣ ਉਪਰ ਮੁੱਖ ਮੰਤਰੀ ਸਮੇਤ ਸਾਰੇ ਵਿਧਾਇਕ ਤੇ ਸਮੁੱਚਾ ਪ੍ਰਸ਼ਾਸਨ ਲੱਗਿਆ ਹੋਇਆ ਹੈ। ਸੂਬਾ ਸਰਕਾਰ ਵੱਲੋਂ ਸਟੇਡੀਅਮਾਂ, ਬੈਂਕੁਇਟ ਹਾਲਾਂ ਵਿੱਚ ਬਿਸਤਰੇ ਵਧਾਉਣ ਦੀ ਯੋਜਨਾ ਉਪਰ ਕਾਰਜ ਸ਼ੁਰੂ ਕੀਤਾ ਹੋਇਆ ਹੈ। ਕਈ ਸਟੇਡੀਅਮਾਂ ਤੇ ਬੈਂਕੁਇਟ ਹਾਲਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿੱਥੇ ਕਰੋਨਾ ਦੇ ਮਰੀਜ਼ਾਂ ਨੂੰ ਰੱਖਿਆ ਜਾਵੇਗਾ। ਜਿਉਂ-ਜਿਉਂ ਲੋੜ ਪਵੇਗੀ ਤਾਂ ਸਰਕਾਰ ਵੱਲੋਂ ਆਰਜ਼ੀ ਪ੍ਰਬੰਧ ਕੀਤੇ ਜਾਣਗੇ।

Leave a Reply

Your email address will not be published. Required fields are marked *