ਧੀਆਂ, ਪਿਓ ਤੇ ਪੱਗ-ਅਜੈ ਗੜ੍ਹਦੀਵਾਲਾ
ਗੱਲ ਕੋਈ ਚਾਰ ਕੁ ਸਾਲ ਪੁਰਾਣੀ ਹੈ। ਕਿੰਗ ਐਡਵਰਡ ਸਕੂਲ ਮਾਹਿਲਪੁਰ ਮੈਂ ਗਣਿਤ ਲੈਕਚਰਾਰ ਸਾਂ। ਸਾਲਾਨਾ ਸਮਾਗਮ ਚ ਮੈਂ ਝੂਮਰ ਦੀ ਟੀਮ ਤਿਆਰ ਕਰਨੀ ਸੀ। ਮੇਰੀ ਟੀਮ ਚ 11ਵੀਂ 12ਵੀਂ ਜਮਾਤ ਦੀਆਂ ਕੁੜੀਆਂ ਤੇ ਛੋਟੇ ਬੱਚੇ ਸਨ। ਸਮਾਗਮ ਵਾਲੇ ਦਿਨ ਤਿਆਰੀ ਵੇਲੇ ਮੈਂ ਕੁੜੀਆਂ ਦੇ ਸਿਰ ਤੇ ਪੱਗ ਬੰਨ੍ਹ ਰਿਹਾ ਸੀ। ਜਦੋਂ ਜਦੋਂ ਮੈਂ ਹਰ ਬੱਚੀ ਦੇ ਸਿਰ ਤੇ ਪੱਗ ਦੇ ਲੜ੍ਹ ਚਿਣ ਰਿਹਾ ਸੀ ਤਾਂ ਮੈਨੂੰ ਅਹਿਸਾਸ ਹੋ ਰਿਹਾ ਸੀ ਕਿ ਇਕ ਧੀ ਦਾ ਪਿਓ ਹੋਣਾ ਕਿੰਨੀ ਵੱਡੀ ਜਿੰਮੇਦਾਰੀ ਹੈ। ਉਸਦੇ ਸਿਰ ਤੇ ਧਰੀ ਪੱਗ ਸਾਰੀ ਉਮਰ ਹੰਢਾ ਕੇ ਕਮਾਈ ਪਿਓ ਦੀ ਇੱਜਤ ਹੁੰਦੀ ਹੈ। ਹਰ ਲੜ੍ਹ ਚ ਵਿਸ਼ਾਵਸ ਬੱਝਾ ਹੁੰਦਾ ਹੈ। ਜਦੋਂ ਵੀ ਇਹ ਵਿਸ਼ਵਾਸ਼ ਲੜਖੜਾਉਂਦਾ ਹੈ ਤਾਂ ਪਿਓ ਦਾ ਦਿਲ ਕੰਬ ਉੱਠਦਾ ਹੈ । ਉਸ ਦਿਨ ਮੈਂ ਛੇ ਕੁੜੀਆਂ ਦੇ ਸਿਰ ਤੇ ਪੱਗ ਬੰਨ੍ਹੀ ਸੀ। ਪੱਗ ਬੰਨ੍ਹਦੇ ਹੋਏ ਜਦ ਵੀ ਓਹਨਾਂ ਬੱਚੀਆਂ ਦੀਆਂ ਅੱਖਾਂ ਵਿੱਚ ਵੇਖ ਰਿਹਾ ਸੀ ਤਾਂ ਮੈਨੂੰ ਓਹਨਾਂ ਅੱਖਾਂ ਵਿੱਚ ਇੱਕੋ ਜਿਹਾ ਚਾਅ ਨਜ਼ਰ ਆਇਆ। ਜਿਵੇਂ ਹਰ ਕੁੜੀ ਖੁੱਲ੍ਹੇ ਅੰਬਰ ਨੂੰ ਮਾਣ ਰਹੀ ਹੋਵੇ। ਉਸ ਦਿਨ ਜਿਵੇਂ ਓਹਨਾਂ ਨੂੰ ਕੁੱਲ ਦੁਨੀਆਂ ਆਪਣੇ ਵੱਲ ਜਾਪਦੀ ਹੋਵੇ। ਹਰ ਕੁੜੀ ਦੀਆਂ ਅੱਖਾਂ ਵਿਚ ਉਹਨਾਂ ਦੀਆਂ ਰੀਝਾਂ ਮੈਂ ਸਹਿਜੇ ਹੀ ਪੜ੍ਹ ਸਕਦਾ ਸੀ। ਉਸ ਵੇਲੇ ਮੈਨੂੰ ਇੰਝ ਮਹਿਸੂਸ ਹੋਇਆ ਕਿ ਮੈਂ ਓਹਨਾਂ ਦਾ ਅਧਿਆਪਕ ਨਹੀਂ ਹਾਂ। ਮੈਂ ਕੋਈ ਅਜਿਹਾ ਰਿਸ਼ਤਾ ਮਹਿਸੂਸ ਕੀਤਾ ਜਿਸ ਵਿਚ ਓਹਨਾਂ ਦੀਆਂ ਰੀਝਾਂ ਨੂੰ ਪੂਰਾ ਕਰਨ ਦੀ ਜੱਦੋ ਜਹਿਦ ਹੋਵੇ। ਇਕ ਅਜਿਹਾ ਫ਼ਿਕਰ ਮਹਿਸੂਸ ਕੀਤਾ ਜਿਸ ਵਿਚ ਓਹਨਾਂ ਨੂੰ ਖੋਹ ਦੇਵਣ ਦਾ ਡਰ ਭਰਿਆ ਹੋਇਆ ਸੀ। ਮੈਂ ਇਕ ਅਜਿਹਾ ਪਿਆਰ ਮਹਿਸੂਸ ਕੀਤਾ ਜੋ ਪੱਗ ਦੇ ਹਰ ਲੜ੍ਹ ਨਾਲ ਦੂਣਾ ਹੋ ਰਿਹਾ ਸੀ। ਮੈਂ ਦਿਲੋਂ ਦੁਆ ਕਰ ਰਿਹਾ ਸਾਂ ਕਿ ਇਹ ਕੁੜੀਆਂ ਕਦੇ ਕਿਸੇ ਰਾਹ ਤੇ ਭਟਕ ਨਾ ਜਾਣ। ਓਹ ਅਹਿਸਾਸ ਜੋ ਇਹਨਾਂ ਦੇ ਸਿਰ ਤੇ ਪੱਗ ਬੰਨ੍ਹਦਿਆਂ ਮੈਂ ਮਹਿਸੂਸ ਕੀਤੇ, ਕਿਤੇ ਉਹ ਅਹਿਸਾਸ ਮੈਲੀ ਸੋਚ ਚ ਰੁਲ ਨਾ ਜਾਣ। ਮਾਂ ਬਾਪ ਦੀਆਂ ਇੱਜਤਾਂ ਰੋਲਦੇ ਜਵਾਕ ਅਤੇ ਅੱਜ ਕੱਲ੍ਹ ਦੇ ਮਾਹੌਲ ਤੋਂ ਮੈਂ ਚੰਗੀ ਤਰ੍ਹਾਂ ਜਾਣੂ ਸੀ। ਇਸ ਕਰ ਕੇ ਥੋੜਾ ਜਿਹਾ ਘਬਰਾ ਰਿਹਾ ਸੀ। ਕਿਉਂਕਿ ਓਹਨਾਂ ਪਲਾ ਵਿਚ ਮੈਂ ਓਹਨਾਂ ਕੁੜੀਆਂ ਵਿੱਚ ਆਪਣੀ ਧੀ ਨੂੰ ਵੇਖ ਰਿਹਾ ਸੀ। ਅੱਲ੍ਹੜ ਉਮਰੇ ਧੀਆਂ ਨਾਲ ਮਾਂ ਪਿਓ ਦਾ ਰਿਸ਼ਤਾ ਬਹੁਤ ਹੀ ਨਾਜ਼ੁਕ ਦੌਰ ਵਿਚ ਹੁੰਦਾ ਹੈ। ਉਸ ਸਮੇਂ ਧੀ ਨਾਲ ਮਾਂ ਅਤੇ ਬਾਪ ਨੂੰ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੀਦਾ ਹੈ। ਉਸ ਨਾਲ ਉਸਦੀ ਪੜ੍ਹਾਈ ਲਿਖਾਈ ਤੋਂ ਇਲਾਵਾ ਉਸਦੇ ਚਾਅ ਉਸਦੀਆਂ ਰੀਝਾਂ ਬਾਰੇ ਵੀ ਗੱਲਬਾਤ ਕਰਨੀ ਚਾਹੀਦੀ ਹੈ। ਉਸਨੂੰ ਉਸਦੇ ਦਿਨ ਭਰ ਦੇ ਚੰਗੇ ਮਾੜੇ ਅਨੁਭਵ ਬਾਰੇ ਪੁੱਛਣਾ ਚਾਹੀਦਾ ਹੈ। ਇਹ ਵੀ ਖਿਆਲ ਰੱਖੋ ਕਿ ਧੀ ਨੂੰ ਕਦੇ ਕੋਈ ਗੱਲ ਆਪਣੀ ਮਾਂ ਤੋ ਲੁਕਾਉਣੀ ਨਾ ਪਵੇ। ਆਪਣੇ ਪੁੱਤਾਂ ਨੂੰ ਵੀ ਇਹੋ ਸਬਕ ਸਿਖਾਉਣਾ ਸਾਡੀ ਜਿੰਮੇਦਾਰੀ ਹੈ। ਜਦੋਂ ਧੀ ਜਵਾਨ ਹੁੰਦੀ ਹੈ ਜਾਂ ਪੁੱਤ ਵਿਗੜਦਾ ਹੈ ਤਾਂ ਦੁਨੀਆਂ ਸਾਡੇ ਤੋਂ ਪਹਿਲਾਂ ਜਾਣ ਲੈਂਦੀ ਹੈ। ਇਸ ਲਈ ਆਪਣੇ ਬੱਚਿਆਂ ਨੂੰ ਹਮੇਸ਼ਾ ਬੱਚੇ ਨਾ ਸਮਝੋ। ਓਹਨਾਂ ਦੀਆਂ ਗਲਤੀਆਂ ਨੂੰ ਕਦੇ ਨਜ਼ਰ ਅੰਦਾਜ਼ ਨਾ ਕਰੋ। ਘਰ ਦੀ ਇੱਜਤ ਹੀ ਸਭ ਤੋਂ ਮਹਿੰਗੀ ਜਾਇਦਾਦ ਹੁੰਦੀ ਹੈ। ਇਸਨੂੰ ਕਮਾਉਣ ਲਈ ਇਕ ਉਮਰ ਲੱਗ ਜਾਂਦੀ ਹੈ ਤੇ ਗਵਾਉਣ ਲਈ ਇਕ ਮਿੰਟ। ਉਮੀਦ ਕਰਦਾ ਹਾਂ ਕਿ ਮੇਰੀਆਂ ਇਹਨਾਂ ਗੱਲਾਂ ਤੇ ਓਹਨਾਂ ਬੱਚੀਆਂ ਦੇ ਸਿਰ ਤੇ ਧਰੀ ਪੱਗ ਦੇ ਅਹਿਸਾਸ ਤੁਸੀਂ ਜਰੂਰ ਮਹਿਸੂਸ ਕਰੋਗੇ।
ਅਜੈ ਗੜ੍ਹਦੀਵਾਲਾ
9041527623