ਕਰੋਨਾ: ਪੰਜਾਬ ਵਿੱਚ ਜਨਤਕ ਥਾਵਾਂ ਉਤੇ ਪਾਉਣਾ ਪਵੇਗਾ ਮਾਸਕ

ਚੰਡੀਗੜ੍ਹ: ਪੰਜਾਬ ਵਿੱਚ ਕਰੋਨਾ ਦੇ ਮਾਮਲੇ ਵਧਣ ਤੋਂ ਬਾਅਦ ਗ੍ਰਹਿ ਵਿਭਾਗ ਨੇ ਲੋਕਾਂ ਨੂੰ ਮੁੜ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ। ਅੱਜ ਕਰੋਨਾ ਨਾਲ ਲੁਧਿਆਣਾ ’ਚ ਇੱਕ ਮੌਤ ਹੋਈ ਹੈ ਤੇ ਸੂਬੇ ’ਚ 23 ਕੇਸ ਆਏ ਹਨ। ਸੂਬੇ ਦੇ ਪ੍ਰਮੁੱਖ ਸਕੱਤਰ (ਗ੍ਰਹਿ) ਅਨੁਰਾਗ ਵਰਮਾ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕਰੋਨਾ ਦੇ ਮਾਮਲੇ ਮੁੜ ਵਧਣੇ ਸ਼ੁਰੂ ਹੋ ਗਏ ਹਨ ਜਿਸ ਕਾਰਨ ਲੋਕਾਂ ਨੂੰ ਮਹਾਮਾਰੀ ਦੀ ਲਾਗ ਤੋਂ ਬਚਣ ਲਈ ਮਾਸਕ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ। ਗ੍ਰਹਿ ਵਿਭਾਗ ਵੱਲੋਂ ਭੀੜ ਵਾਲੀਆਂ ਥਾਵਾਂ ’ਤੇ ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਹਦਾਇਤਾਂ ਲਾਗੂ ਕਰਾਉਣ ਲਈ ਗ੍ਰਹਿ ਵਿਭਾਗ ਵੱਲੋਂ ਸਾਰੇ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਪੁਲੀਸ ਮੁਖੀਆਂ, ਪੁਲੀਸ ਕਮਿਸ਼ਨਰਾਂ ਤੇ ਵਧੀਕ ਡੀਜੀਪੀ (ਕਾਨੂੰਨ ਵਿਵਸਥਾ) ਨੂੰ ਵੀ ਪੱਤਰ ਲਿਖਿਆ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੁਝ ਦਿਨ ਪਹਿਲਾਂ ਹੀ ਜਨਤਕ ਅਤੇ ਭੀੜ ਵਾਲੀਆਂ ਥਾਵਾਂ ’ਤੇ ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਕਰੋਨਾ ਦੀ ਤੀਜੀ ਲਹਿਰ ਦੇ ਤਕਰੀਬਨ ਦਮ ਤੋੜਨ ਤੋਂ ਬਾਅਦ ਪੰਜਾਬ ਵਿੱਚ ਵੀ ਪਿਛਲੇ ਚਾਰ ਕੁ ਦਿਨਾਂ ਤੋਂ ਲਾਗ ਦੇ ਮਾਮਲਿਆਂ ਵਿੱਚ ਵਾਧਾ ਹੋ ਗਿਆ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਸੂਬੇ ਵਿੱਚ ਚੌਥੀ ਲਹਿਰ ਨੇ ਇੱਕ ਤਰ੍ਹਾਂ ਨਾਲ ਦਸਤਕ ਦੇ ਦਿੱਤੀ ਹੈ ਤੇ ਸਮੁੱਚੇ ਸਿਹਤ ਅਮਲੇ ਨੂੰ ਚੌਕਸ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਸੂਬੇ ਵਿੱਚ ਕਰੋਨਾ ਲਾਗ ਦੇ ਰੋਜ਼ਾਨਾ 30 ਕੇਸ ਆ ਰਹੇ ਹਨ। ਪੰਜਾਬ ਵਿੱਚ ਗ੍ਰਹਿ ਵਿਭਾਗ ਵੱਲੋਂ 10 ਮਾਰਚ ਤੋਂ ਪਹਿਲਾਂ ਹੀ ਸਮੁੱਚੀਆਂ ਪਾਬੰਦੀਆਂ ਹਟਾਉਣ ਦਾ ਐਲਾਨ ਕਰ ਦਿੱਤਾ ਗਿਆ ਸੀ।

Leave a Reply

Your email address will not be published. Required fields are marked *