ਮੋਦੀ ਦੇ ਸਾਂਬਾ ਦੌਰੇ ਤੋਂ ਪਹਿਲਾਂ ਮੁਕਾਬਲੇ ’ਚ ਜੈਸ਼ ਦੇ ਦੋ ਫਿਦਾਈਨ ਅਤੇ ਸੀਆਈਐੱਸਐੱਫ ਹਲਾਕ

ਜੰਮੂ : ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਅੱਜ ਜੈਸ਼-ਏ-ਮੁਹੰਮਦ ਦੇ ਦੋ ਸ਼ੱਕੀ ਪਾਕਿਸਤਾਨੀ ਦਹਿਸ਼ਤਗਰਦਾਂ ਨੂੰ ਹਲਾਕ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੰਮੂ ਕਸ਼ਮੀਰ ਦੌਰੇ ਤੋਂ ਪਹਿਲਾਂ ਪਾਬੰਦੀਸ਼ੁਦਾ ਦਹਿਸ਼ਤੀ ਗੁੱਟ ਵੱਲੋਂ ਫਿਦਾਈਨ ਹਮਲਾ ਕਰਨ ਦੀ ਯੋਜਨਾ ਨਾਕਾਮ ਕਰ ਦਿੱਤੀ। ਜੰਮੂ ਦੇ ਬਾਹਰਵਾਰ ਸੁੰਜਵਾਂ ਇਲਾਕੇ ਵਿੱਚ ਫੌਜ ਦੇ ਕੈਂਪ ਨੇੜੇ ਤੜਕਸਾਰ ਹੋਏ ਮੁਕਾਬਲੇ ਵਿੱਚ ਸੀਆਈਐੱਸਐੈੱਫ ਦਾ ਇੱਕ ਅਧਿਕਾਰੀ ਦੀ ਮੌਤ ਹੋ ਗਈ ਅਤੇ ਦੋ ਪੁਲੀਸ ਮੁਲਾਜ਼ਮਾਂ ਸਣੇ 9 ਸੁਰੱਖਿਆ ਜਵਾਨ ਜ਼ਖ਼ਮੀ ਹੋਏ ਹਨ। ਉਧਰ ਜੰਮੂ ਕਸ਼ਮੀਰ ਦੇ ਨੌਗਾਮ ਇਲਾਕੇ ਵਿੱਚ ਅੱਜ ਦਹਿਸ਼ਤਗਰਦਾਂ ਨੇ ਗੋਲੀ ਮਾਰ ਕੇ ਦੋ ਪਰਵਾਸੀ ਮਜ਼ਦੂਰਾਂ ਨੂੰ ਜ਼ਖ਼ਮੀ ਕਰ ਦਿੱਤਾ।

ਡੀਜੀਪੀ ਦਿਲਬਾਗ ਸਿੰਘ ਨੇ ਮੁਕਾਬਲੇ ਵਾਲੀ ਥਾਂ ਦਾ ਦੌਰਾ ਕਰਨ ਮਗਰੋਂ ਦੱਸਿਆ ਕਿ ਮਾਰੇ ਗਏ ਦੋਵੇਂ ਦਹਿਸ਼ਤਗਰਦ ਪਾਕਿਸਤਾਨ ਅਧਾਰਿਤ ਜੈਸ਼-ਏ-ਮੁਹੰਮਦ ਦਾ ਹਿੱਸਾ ਸਨ ਅਤੇ ਉਨ੍ਹਾਂ ਦੀ ਘੁਸਪੈਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੰਮੂ ਕਸ਼ਮੀਰ ਦੌਰੇ ਨੂੰ ਸਾਬੋਤਾਜ ਕਰਨ ਦੀ ‘ਵੱਡੀ ਸਾਜ਼ਿਸ਼’ ਹੋ ਸਕਦੀ ਸੀ। ਮੁੱਢਲੀ ਜਾਂਚ ਮੁਤਾਬਕ ਦੋ ਦਹਿਸ਼ਤਗਰਦ ਕੌਮਾਂਤਰੀ ਸਰਹੱਦ ਰਾਹੀਂ ਆਰ.ਐੱਸ. ਪੁਰਾ ਸੈਕਟਰ ਵਿੱਚ ਘੁਸਪੈਠ ਮਗਰੋਂ ਵੀਰਵਾਰ ਨੂੰ ਜੰਮੂ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਦਾਖਲ ਹੋਏ ਅਤੇ ਫੌਜ ਦੇ ਕੈਂਪ ਨੇੜੇ ਇੱਕ ਇਲਾਕੇ ਵਿੱਚ ਸਨ। ਡੀਜੀਪੀ ਨੇ ਦੱਸਿਆ, ‘‘ਲੰਘੀ ਰਾਤ ਅਪਰੇਸ਼ਨ ਵਿੱਚ ਪੁਲੀਸ ਅਤੇ ਹੋਰ ਸੁਰੱਖਿਆ ਬਲ ਸ਼ਾਮਲ ਸਨ, ਜਿਹੜਾ ਕਿ ਪੂਰਾ ਹੋ ਗਿਆ ਹੈ। ਰਿਪੋਰਟਾਂ ਮੁਤਾਬਕ ਦੋਵੇਂ ਦਹਿਸ਼ਤਗਰਦ ਪਾਕਿਸਤਾਨ ਤੋਂ ਚਲਾਏ ਜਾ ਰਹੇ ਜੈਸ਼-ਏ-ਮੁਹੰਮਦ ਦੇ ਫਿਦਾਈਨ ਦਸਤੇ ਨਾਲ ਸਬੰਧਤ ਸਨ, ਜਿਨ੍ਹਾਂ ਨੂੰ ਸੁਰੱਖਿਆ ਬਲਾਂ ਦੇ ਕੈਂਪ ’ਤੇ ਹਮਲਾ ਕਰਨ ਲਈ ਭੇਜਿਆ ਗਿਆ ਸੀ ਤਾਂ ਜੋ ਵੱਡਾ ਨੁਕਸਾਨ ਕੀਤਾ ਜਾ ਸਕੇ।’’ ਦੋਵਾਂ ਦਹਿਸ਼ਤਗਰਦਾਂ ਨੇ ਆਤਮਘਾਤੀ ਬੈਲਟ ਪਹਿਨੀ ਹੋਈ ਸੀ ਅਤੇ ਉਹ ਭਾਰੀ ਮਾਤਰਾ ਵਿੱਚ ਅਸਲੇ ਨਾਲ ਵੀ ਲੈਸ ਸਨ, ਜਿਸ ਤੋਂ ਸੰਕੇਤ ਮਿਲਦਾ ਹੈ ਉਹ ਸੁਰੱਖਿਆ ਬਲਾਂ ਦਾ ਵੱਡਾ ਨੁਕਸਾਨ ਕਰਨ ਆਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਅਪਰੇਸ਼ਨ ਸ਼ੁੱਕਰਵਾਰ ਤੜਕੇ 4.25 ਵਜੇ ਸ਼ੁਰੂ ਹੋਇਆ, ਜਦੋਂ ਫੌਜੀ ਕੈਂਪ ਵੱਲ ਜਾਂਦੇ ਦੋ ਦਹਿਸ਼ਤਗਰਦਾਂ ਨੂੰ ਸੁਰੱਖਿਆ ਬਲਾਂ ਵੱਲੋਂ ਰੋਕਿਆ ਗਿਆ। ਇਸੇ ਦੌਰਾਨ ਦਹਿਸ਼ਤਗਰਦਾਂ ਨੇ ਜੰਮੂ ਹਵਾਈ ਅੱਡੇ ਵੱਲ 15 ਜਵਾਨਾਂ ਨੂੰ ਲੈ ਕੇ ਸੀਆਈਐੇੱਸਐੱਸ ਦੀ ਇੱਕ ਬੱਸ ’ਤੇ ਗ੍ਰਨੇਡ ਸੁੱਟ ਦਿੱਤਾ ਅਤੇ ਫਰਾਰ ਹੋਣ ਤੋਂ ਪਹਿਲਾਂ ਗੋਲੀਆਂ ਵੀ ਚਲਾਈਆਂ ਜਿਸ ਦਾ ਜਵਾਨਾਂ ਨੇ ਢੁੁੱਕਵਾਂ ਜਵਾਬ ਦਿੱਤਾ। ਇਸ ਮਗਰੋਂ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰਾ ਪਾ ਲਿਆ। ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੇੱਸਐੇੱਫ) ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦਹਿਸ਼ਤਗਰਦਾਂ ਨੇ ਬੱਸ ’ਤੇ ਗੋਲੀਆਂ ਚਲਾਈਆਂ ਅਤੇ ਗ੍ਰਨੇਡ ਸੁੱਟਿਆ, ਜਿਸ ਕਾਰਨ ਏਐੱਸਆਈ ਐੇੱਸ.ਪੀ. ਪਾਟਿਲ ਦੀ ਮੌਤ ਹੋ ਗਈ ਅਤੇ ਬੱਸ ਵਿੱਚ ਬੈਠੇ ਦੋ ਹੋਰ ਜਣੇ ਜ਼ਖ਼ਮੀ ਹੋ ਗਏ। ਅਧਿਕਾਰੀਆਂ ਮੁਤਾਬਕ ਸੀਆਈਐੱਸਐੱਫ ਦੇ ਜਵਾਨਾਂ ਵੱਲੋਂ ਕੀਤੀ ਜਵਾਬੀ ਕਾਰਵਾਈ ਮਗਰੋਂ ਦੋਵੇਂ ਦਹਿਸ਼ਤਗਰਦ ਭੱਜ ਕੇ ਮੁਹੰਮਦ ਨਾਮੀ ਵਿਅਕਤੀ ਦੇ ਘਰ ਵੜ ਗਏ, ਜਿੱਥੇ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਉਨ੍ਹਾਂ ਨੂੰ ਮਾਰ ਮੁਕਾਇਆ। ਉਨ੍ਹਾਂ ਦੱਸਿਆ ਕਿ ਦਹਿਸ਼ਤਗਰਦਾਂ ਕੋਲੋਂ ਦੋ ਏਕੇ-47 ਰਾਈਫਲਾਂ, ਇੱਕ ਅੰਡਰ ਬੈਰਲ ਗ੍ਰਨੇਡ ਲਾਂਚਰ ਅਤੇ ਇੱਕ ਸੈਟੇਲਾਈਟ ਫੋਨ ਵੀ ਬਰਾਮਦ ਹੋਇਆ ਹੈ। ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਮਾਰੇ ਗਏ ਦੋਵੇਂ ਦਹਿਸ਼ਤਗਰਦ ਪਾਕਿਸਤਾਨੀ ਨਾਗਰਿਕ ਲੱਗਦੇ ਹਨ।

Leave a Reply

Your email address will not be published. Required fields are marked *