ਚੀਨ ਵੱਲੋਂ ਨਵੇਂ ਕੈਂਪ ਸਥਾਪਿਤ, ਭਾਰਤ ਨੇ ਪੂਰਬੀ ਲੱਦਾਖ ’ਚ ਫੌਜੀ ਨਫ਼ਰੀ ਵਧਾਈ

ਨਵੀਂ ਦਿੱਲੀ : ਅਸਲ ਕੰਟਰੋਲ ਰੇਖਾ ’ਤੇ ਬਣੀ ਤਲਖੀ ਨੂੰ ਘਟਾਉਣ ਲਈ ਭਾਰਤ ਤੇ ਚੀਨ ਦਰਮਿਆਨ ਫੌਜੀ ਤੇ ਕੂਟਨੀਤਕ ਪੱਧਰ ਦੀ ਹੋਈ ਗੱਲਬਾਤ ਦੇ ਸਕਾਰਾਤਮਕ ਢੰਗ ਨਾਲ ਖ਼ਤਮ ਹੋਣ ਅਤੇ ਫੌਜਾਂ ਨੂੰ ਪੜਾਅਵਾਰ ਪਿੱਛੇ ਹਟਾਉਣ ਦੀ ਦਿੱਤੀ ਸਹਿਮਤੀ ਦੇ ਬਾਵਜੂਦ ਪੂਰਬੀ ਲੱਦਾਖ ਵਿੱਚ ਤਣਾਅ ਵਾਲੇ ਚਾਰ ਅਹਿਮ ਖੇਤਰਾਂ ਗਲਵਾਨ ਵਾਦੀ, ਹੌਟ ਸਪਰਿੰਗਜ਼, ਡੈਪਸਾਂਗ ਤੇ ਪੈਂਗੌਂਗ ਝੀਲ ’ਚ ਹਾਲਾਤ ਅਜੇ ਵੀ ਕਾਫ਼ੀ ਨਾਜ਼ੁਕ ਹਨ। ਸੂਤਰਾਂ ਮੁਤਾਬਕ ਚੀਨੀ ਫੌਜ ਨੇ ਗਲਵਾਨ ਦੇ ਉੱਤਰ ਵਿੱਚ ਪੈਂਦੇ ਪਠਾਰੀ ਇਲਾਕੇ ਡੈਪਸਾਂਗ ਉਭਾਰ ਵਿੱਚ ਨਵਾਂ ਫਰੰਟ ਖੋਲ੍ਹ ਦਿੱਤਾ ਹੈ। ਭਾਰਤ ਨੇ ਜਿੱਥੇ ਅਸਲ ਕੰਟਰੋਲ ਰੇਖਾ ਦੇ ਨਾਲ ਫੌਜਾਂ ਦੀ ਨਫ਼ਰੀ ਵਧਾਉਣ ਦੇ ਨਾਲ ਸ੍ਰੀਨਗਰ ਤੇ ਲੇਹ ਸਮੇਤ ਹੋਰ ਅਹਿਮ ਫੌਜੀ ਹਵਾਈ ਅੱਡਿਆਂ ’ਤੇ ਜੰਗੀ ਜਹਾਜ਼ਾਂ ਦੀ ਤਾਇਨਾਤੀ ਕਰ ਦਿੱਤੀ ਹੈ।

ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵਾ ਨੇ ਵਰਚੁਅਲ ਪੱਤਰਕਾਰ ਮਿਲਣੀ ਦੌਰਾਨ ਪੂਰਬੀ ਲੱਦਾਖ਼ ਵਿੱਚ ਦੋਵਾਂ ਮੁਲਕਾਂ ਦੀਆਂ ਫੌਜਾਂ ਦਰਮਿਆਨ ਬਣੀ ਤਲਖੀ ਲਈ ਪੇਈਚਿੰਗ ਸਿਰ ਭਾਂਡਾ ਭੰਨਿਆ ਹੈ। ਸ੍ਰੀਵਾਸਤਵਾ ਨੇ ਕਿਹਾ ਕਿ 15 ਜੂਨ ਨੂੰ ਗਲਵਾਨ ਘਾਟੀ ਹਿੰਸਾ ਲਈ ਚੀਨ ਪੂਰੀ ਤਰ੍ਹਾਂ ਜ਼ਿੰਮੇਵਾਰ ਸੀ। ਉਨ੍ਹਾਂ ਕਿਹਾ ਕਿ ਮਈ ਦੀ ਸ਼ੁਰੂਆਤ ਵਿੱਚ ਚੀਨੀ ਫੌਜਾਂ ਨੇ ਗਲਵਾਨ ਘਾਟੀ ਖੇਤਰ ’ਚ ਭਾਰਤ ਵੱਲੋਂ ਪੁਰਾਣੀਆਂ ਰਵਾਇਤਾਂ ਮੁਤਾਬਕ ਕੀਤੀ ਜਾਂਦੀ ਗਸ਼ਤ ’ਤੇ ਉਜਰ ਜਤਾਇਆ ਤੇ ਮੱਧ ਮਈ ਵਿੱਚ ਪੱਛਮੀ ਸੈਕਟਰ ਵਿੱਚ ਐੱਲਏਸੀ ਦੇ ਨਾਲ ਮੌਜੂਦਾ ਸਥਿਤੀ ਨੂੰ ਬਦਲਣ ਦਾ ਯਤਨ ਕੀਤਾ। ਸ੍ਰੀਵਾਸਤਵਾ ਨੇ ਕਿਹਾ, ‘ਅਸੀਂ ਕੂਟਨੀਤਕ ਤੇ ਫੌਜੀ ਚੈਨਲਾਂ ਜ਼ਰੀਏ ਆਪਣਾ ਰੋਸ ਜਤਾਉਂਦਿਆਂ ਸਾਫ਼ ਕਰ ਦਿੱਤਾ ਸੀ ਕਿ ਮੌਜੂਦਾ ਸਥਿਤੀ ’ਚ ਫੇਰਬਦਲ ਕਿਸੇ ਵੀ ਕੀਮਤ ’ਤੇ ਸਵੀਕਾਰ ਨਹੀਂ ਹੋਵੇਗਾ।’ 6 ਜੂਨ ਦੀ ਮੀਟਿੰਗ ਵਿੱਚ ਸੀਨੀਅਰ ਕਮਾਂਡਰਾਂ ਨੇ ਤਲਖੀ ਘਟਾਉਣ ਤੇ ਫੌਜਾਂ ਦੇ ਪਿੱਛੇ ਹਟਣ ਦੀ ਸਹਿਮਤੀ ਦਿੱਤੀ ਸੀ, ਪਰ ਜਦੋਂ ਚੀਨੀ ਫੌਜਾਂ ਨੇ 15 ਜੂਨ ਨੂੰ ਸਮਝੌਤੇ ਤੋਂ ਪਿੱਛੇ ਪੈਰੀ ਹੁੰਦਿਆਂ ਐੱਲਏਸੀ ’ਤੇ ਊਸਾਰੀ ਦਾ ਯਤਨ ਕੀਤਾ ਤਾਂ ਹਿੰਸਕ ਝੜਪ ਹੋ ਗਈ। ਉਨ੍ਹਾਂ ਕਿਹਾ ਕਿ ਚੀਨ ਮਈ ਤੋਂ ਐੱਲਏਸੀ ’ਤੇ ਫੌਜੀ ਨਫਰੀ ਵਧਾ ਰਿਹਾ ਹੈ, ਜੋ ਕਿ ਦੋਵਾਂ ਮੁਲਕਾਂ ਵਿਚਾਲੇ ਹੋਏ ਦੁਵੱਲੇ ਸਮਝੌਤਿਆਂ ਦਾ ਉਲੰਘਣ ਹੈ। ਇਸ ਦੌਰਾਨ ਸੂਤਰਾਂ ਨੇ ਕਿਹਾ ਕਿ ਪੈਂਗੌਂਗ ਝੀਲ ਖੇਤਰ ਵਿੱਚ ਚੀਨੀ ਫੌਜਾਂ ਫਿੰਗਰ ਫੋਰ ਤਕ ਵਧ ਆਈਆਂ ਹਨ। ਚੀਨੀ ਸਲਾਮਤੀ ਦਸਤੇ ਇਥੇ 120 ਤੋਂ ਵੱਧ ਵਾਹਨ ਤੇ ਦਰਜਨ ਦੇ ਕਰੀਬ ਕਿਸ਼ਤੀਆਂ ਲੈ ਕੇ ਪੁੱਜੇ ਹੋਏ ਹਨ। ਚੀਨੀ ਫੌਜਾਂ ਨੇ ਡੈਪਸਾਂਗ ਖੇਤਰ ਵਿੱਚ ਨਵੇਂ ਕੈਂਪਾਂ ਦੀ ਉਸਾਰੀ ਦੇ ਨਾਲ ਵਾਹਨ ਤੇ ਹੋਰ ਨਫ਼ਰੀ ਤਾਇਨਾਤ ਕੀਤੀ ਹੈ। ਸੂਤਰਾਂ ਮੁਤਾਬਕ ਗੱਲਬਾਤ ਦੌਰਾਨ ਚੀਨੀ ਫੌਜ ਤੇ ਕੂਟਨੀਤਕਾਂ ਨੇ ਰੱਖਿਆ ਢਾਂਚੇ ਨੂੰ ਹਟਾਉਣ ਦੀ ਸਹਿਮਤੀ ਦਿੱਤੀ, ਪਰ ਚੀਨੀ ਫੌਜ ਨੇ ਗਲਵਾਨ ਘਾਟੀ ਵਿੱਚ ਗਸ਼ਤੀ ਪੁਆਇੰਟ 14, ਕੌਂਗਕਾ ਲਾ ਦੇ ਗਸ਼ਤੀ ਪੁਆਇੰਟ 15 ਤੇ ਹੌਟ ਸਪਰਿੰਗਜ਼ ਦੇ ਗਸ਼ਤੀ ਪੁਆਇੰਟ 17 ’ਤੇ ਊਸਾਰੀ ਦਾ ਕੰਮ ਮੁੜ ਸ਼ੁਰੂ ਕਰ ਦਿੱਤਾ। ਸੂਤਰਾਂ ਦੀ ਮੰਨੀਏ ਤਾਂ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਬਿਲਕੁਲ ਉਸੇ ਥਾਂ ਜਿੱਥੇ 15 ਜੂਨ ਨੂੰ ਭਾਰਤੀ ਫੌਜਾਂ ਨਾਲ ਹਿੰਸਕ ਝੜਪ ਹੋਈ ਸੀ, ਤੰਬੂ ਗੱਡਣ ਦੇ ਨਾਲ ਨਿਗਰਾਨੀ ਚੌਕੀ ਸਥਾਪਤ ਕੀਤੀ ਸੀ। ਚੀਨੀ ਵੱਲੋਂ ਇਥੋਂ ਪਿੱਛੇ ਹਟਣ ਤੇ ਤੰਬੂ ਉਖਾੜ ਲੈਣ ਦੀ ਦਿੱਤੀ ਸਹਿਮਤੀ ਦੇ ਬਾਵਜੂਦ ਚੀਨੀ ਫੌਜਾਂ ਸਗੋਂ ਹੋਰ ਵੱਡੇ ਲਾਮ ਲਸ਼ਕਰ ਨਾਲ ਪਰਤ ਆਈਆਂ। ਸੂਤਰਾਂ ਨੇ ਕਿਹਾ ਕਿ ਭਾਰਤ ਸਰਕਾਰ ਲਈ ਇਸ ਵੇਲੇ ਵੱਡੀ ਫਿਕਰਮੰਦੀ ਚੀਨੀ ਫੌਜਾਂ ਦੀ ਤਾਇਨਾਤੀ ਹੈ, ਪਰ ਭਾਰਤੀ ਸਲਾਮਤੀ ਦਸਤੇ ਪੂਰਬੀ ਲੱਦਾਖ ਵਿੱਚ ਕਿਸੇ ਵੀ ਸਥਿਤੀ ਦੇ ਟਾਕਰੇ ਲਈ ਪੂਰੀ ਤਰ੍ਹਾਂ ਤਿਅਾਰ ਹਨ।

ਭਾਰਤ ਤੇ ਚੀਨ ਮੱਤਭੇਦ ਦੂਰ ਕਰਨ ਦੇ ਇੱਛੁਕ ਤੇ ਸਮਰੱਥ: ਵੇਡਨ

ਨਵੀਂ ਦਿੱਲੀ: ਪੂਰਬੀ ਲੱਦਾਖ ’ਚ ਸਥਿਤੀ ਚਿੰਤਾਜਨਕ ਹੋਣ ਤੋਂ ਬਾਅਦ ਹੁਣ ਸੁਰ ਨਰਮ ਕਰਨ ਵਾਲੇ ਚੀਨ ਨੇ ਕਿਹਾ ਕਿ ਉਹ ਭਾਰਤ ਨਾਲ ਸਰਹੱਦੀ ਵਿਵਾਦ ਦਾ ਹੱਲ ਕਰਨ ਲਈ ਕੰਮ ਕਰਨ ਵਾਸਤੇ ਤਿਆਰ ਹੈ ਹਾਲਾਂਕਿ ਉਸ ਨੇ ਇਹ ਵੀ ਕਿਹਾ ਕਿ ‘ਸੰਦੇਹ ਤੇ ਟਕਰਾਅ’ ਗਲਤ ਰਾਹ ਹੈ, ਜੋ ਦੋਵਾਂ ਮੁਲਕਾਂ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਵਿਰੁੱਧ ਹੋਵੇਗਾ। ਏਜੰਸੀ ਨੂੰ ਦਿੱਤੀ ਇੱਕ ਇੰਟਰਵਿਊ ’ਚ ਚੀਨ ਦੇ ਰਾਜਦੂਤ ਸੁਨ ਵੇਡਨ ਨੇ ਕਿਹਾ ਕਿ ਭਾਰਤ ਤੇ ਚੀਨ ਆਪਣੇ ਮੱਤਭੇਦਾਂ ਦਾ ਹੱਲ ਕਰਨ ਦੇ ਸਮਰੱਥ ਹਨ ਤੇ ਉਨ੍ਹਾਂ ਨਵੀਂ ਦਿੱਲੀ ਨੂੰ ਕੋਈ ਅਜਿਹੀ ਕਾਰਵਾਈ ਨਾ ਕਰਨ ਲਈ ਕਿਹਾ ਜਿਸ ਨਾਲ ਕਿ ਪੂਰਬੀ ਲੱਦਾਖ ’ਚ ਸਥਿਤੀ ਖਰਾਬ ਹੋਵੇ। ਇਸ ਦੌਰਾਨ ਚੀਨ ਨੇ ਇੱਕ ਵਾਰ ਮੁੜ ਦਾਅਵਾ ਕੀਤਾ ਕਿ ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਨਾਲ ਹਿੰਸਕ ਕਾਰਵਾਈ ਦਾ ਕਾਰਨ ਭਾਰਤ ਵੱਲੋਂ ਸਮਝੌਤਾ ਤੋੜਨ ਤੇ ਇੱਕਤਰਫ਼ਾ ਉਕਸਾਹਟ ਦਾ ਨਤੀਜਾ ਸੀ ਤੇ ਇਹ ਚੀਨ ਦੀ ਸਰਜ਼ਮੀਨ ’ਚ ਹੀ ਵਾਪਰਿਆ ਸੀ। ਚੀਨ ਦਾ ਇਹ ਦਾਅਵਾ ਭਾਰਤ ਵੱਲੋਂ ਕੀਤੇ ਗਏ ਦਾਅਵੇ ਦੇ ਬਿਲਕੁਲ ਉਲਟ ਹੈ।
-ਪੀਟੀਆਈ/ਆਈਏਐੱਨਐੱਸ

ਬਰਤਾਨੀਆ ਵੱਲੋਂ ਭਾਰਤ ਚੀਨ ਨੂੰ ਗੱਲਬਾਤ ਦੀ ਅਪੀਲ

ਲੰਡਨ: ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਪੂਰਬੀ ਲੱਦਾਖ ’ਚ ਬਣੇ ਤਣਾਅ ਨੂੰ ਗੰਭੀਰ ਤੇ ਚਿੰਤਾ ਵਾਲੀ ਸਥਿਤੀ ਦੱਸਦਿਆਂ ਭਾਰਤ ਤੇ ਚੀਨ ਨੂੰ ਆਪਣੀਆਂ ਸੀਮਾਵਾਂ ਦੇ ਮਸਲੇ ਸੁਲਝਾਉਣ ਲਈ ਗੱਲਬਾਤ ਦਾ ਸੱਦਾ ਹੈ। ਉਨ੍ਹਾਂ ਕਿਹਾ ਕਿ ਬਰਤਾਨੀਆ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਹਾਊਸ ਆਫ ਕਾਮਨਜ਼ ’ਚ ਅੱਜ ਪ੍ਰਧਾਨ ਮੰਤਰੀ ਨਾਲ ਹਫ਼ਤਾਵਾਰੀ ਸਵਾਲ ਜਵਾਬ ਦੌਰਾਨ ਜੌਹਨਸਨ ਦਾ ਪਹਿਲਾ ਅਧਿਕਾਰਤ ਬਿਆਨ ਆਇਆ ਹੈ। ਜੌਹਨਸਨ ਨੇ ਪੂਰਬੀ ਲੱਦਾਖ ’ਚ ਤਣਾਅ ਨੂੰ ਬਹੁਤ ਹੀ ਗੰਭੀਰ ਤੇ ਚਿੰਤਾ ਵਾਲੀ ਸਥਿਤੀ ਦੱਸਿਆ ਹੈ। ਉਨ੍ਹਾਂ ਕਿਹਾ, ‘ਸਭ ਤੋਂ ਚੰਗੀ ਗੱਲ ਮੈਂ ਕਹਿ ਸਕਦਾ ਹਾਂ ਕਿ ਅਸੀਂ ਦੋਵਾਂ ਧਿਰਾਂ ਨੂੰ ਸਰਹੱਦੀ ਮੁੱਦੇ ਸੁਲਝਾਉਣ ਲਈ ਗੱਲਬਾਤ ਲਈ ਪ੍ਰੇਰਿਤ ਕਰ ਰਹੇ ਹਾਂ।’ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਫਲਿਕ ਡਰੁਮੰਡ ਨੇ ਇੱਕ ਰਾਸ਼ਟਰ ਮੰਡਲ ਮੁਲਕ ਤੇ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਵਿਚਾਲੇ ਵਿਵਾਦ ਨਾਲ ਬਰਤਾਨੀਆ ਦੇ ਹਿੱਤਾਂ ’ਤੇ ਪੈਣ ਵਾਲੇ ਅਸਰ ਬਾਰੇ ਸਵਾਲ ਕੀਤਾ ਸੀ

Leave a Reply

Your email address will not be published. Required fields are marked *