ਦੇਸ਼ ’ਚ ਕਰੋਨਾ ਦੇ ਰਿਕਾਰਡ 16922 ਕੇਸ

ਨਵੀਂ ਦਿੱਲੀ : ਭਾਰਤ ਵਿੱਚ ਲੰਘੇ ਚੌਵੀ ਘੰਟਿਆਂ ਅੰਦਰ ਕਰੋਨਾਵਾਇਰਸ ਦੇ ਰਿਕਾਰਡ 16,922 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ 4,73,105 ਹੋ ਗਈ ਜਦਕਿ 418 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 14,894 ਹੋ ਗਿਆ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿੱਚ ਇਸ ਸਮੇਂ ਕਰੋਨਾ ਦੇ 1,86,514 ਸਰਗਰਮ ਕੇਸ ਹਨ ਜਦਕਿ ਹੁਣ ਤੱਕ 2,71,696 ਮਰੀਜ਼ ਠੀਕ ਹੋਏ ਹਨ। ਦੇਸ਼ ਵਿੱਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਦਰ 57.43 ਫੀਸਦ ਹੋ ਗਈ ਹੈ। ਮਹਾਰਾਸ਼ਟਰ, ਤਾਮਿਲ ਨਾਡੂ, ਦਿੱਲੀ, ਗੁਜਰਾਤ ਤੇ ਉੱਤਰ ਪ੍ਰਦੇਸ਼ ਦੇਸ਼ ਦੇ ਸਭ ਤੋਂ ਵੱਧ ਕਰੋਨਾ ਪੀੜਤ ਸੂਬੇ ਹਨ। ਸਿਹਤ ਮੰਤਰਾਲੇ ਅਨੁਸਾਰ ਕਰੋਨਾ ਕਾਰਨ ਮਹਾਰਾਸ਼ਟਰ ’ਚ ਹੁਣ ਤੱਕ 6,739, ਦਿੱਲੀ ’ਚ 2,365, ਗੁਜਰਾਤ ’ਚ 1,735, ਤਾਮਿਲ ਨਾਡੂ ’ਚ 866, ਯੂਪੀ ’ਚ 596, ਪੱਛਮੀ ਬੰਗਾਲ ’ਚ 591, ਮੱਧ ਪ੍ਰਦੇਸ਼ ’ਚ 534, ਹਰਿਆਣਾ ’ਚ 188, ਜੰਮੂ ਕਸ਼ਮੀਰ ’ਚ 88, ਹਿਮਾਚਲ ਪ੍ਰਦੇਸ਼ ’ਚ 8, ਚੰਡੀਗੜ੍ਹ ’ਚ 6 ਮੌਤਾਂ ਹੋ ਚੁੱਕੀਆਂ ਹਨ।
-ਪੀਟੀਆਈ
ਹੌਟਸਪੌਟ ਖੇਤਰਾਂ ’ਚ ਸੀਮਤ ਤਾਲਾਬੰਦੀ ’ਤੇ ਵਿਚਾਰ ਕਰੇ ਭਾਰਤ’
ਨਵੀਂ ਦਿੱਲੀ: ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦੇ ਡਾਇਰੈਕਟਰ ਰਣਦੀਪ ਗੁਲੇਰੀਆ ਦਾ ਕਹਿਣਾ ਹੈ ਕਿ ਕੋਵਿਡ-19 ਕੇਸਾਂ ਵਿੱਚ ਹੋ ਰਿਹਾ ਵਾਧਾ ਰੋਕਣ ਲਈ ਸੂਖਮ-ਯੋਜਨਾ ਦੇ ਨਾਲ-ਨਾਲ ਹੌਟਸਪੌਟ ਖੇਤਰਾਂ ਵਿੱਚ ਸੀਮਤ ਤਾਲਾਬੰਦੀ ਅਤੇ ਸੰਪਰਕਾਂ ਦੀ ਤੇਜ਼ੀ ਨਾਲ ਭਾਲ ਕਰਨ ’ਤੇ ਵੀ ਵਿਚਾਰ ਕਰਨਾ ਚਾਹੀਦਾ ਹੈ ਤਾਂ ਜੋ ਲਾਗ ਦਾ ਬਾਕੀ ਖੇਤਰਾਂ ਵਿੱਚ ਫੈਲਾਅ ਨਾ ਹੋਣ ਦਿੱਤਾ ਜਾਵੇ। ਊਨ੍ਹਾਂ ਕਿਹਾ ਕਿ ਭਾਰਤ ਵਿੱਚ ਇਸ ਮਹਾਮਾਰੀ ਦੀ ਦੂਜੀ ਲਹਿਰ ਵੀ ਆ ਸਕਦੀ ਹੈ। ਏਜੰਸੀ ਨਾਲ ਇੰਟਰਵਿਊ ਮੌਕੇ ਸ੍ਰੀ ਗੁਲੇਰੀਆ ਨੇ ਕਿਹਾ ਕਿ ਕੋਵਿਡ ਦੇ ਨਵੇਂ ਕੇਸ ਜੁਲਾਈ ਦੇ ਅੰਤ ਜਾਂ ਅਗਸਤ ਦੇ ਸ਼ੁਰੂ ਵਿੱਚ ਘਟਣੇ ਸ਼ੁਰੂ ਹੋ ਸਕਦੇ ਹਨ। ਊਨ੍ਹਾਂ ਭਾਰਤ ਦਾ ਮੁਕਾਬਲਾ ਇਟਲੀ ਅਤੇ ਸਪੇਨ ਜਿਹੇ ਯੂਰਪੀ ਮੁਲਕਾਂ ਨਾਲ ਨਾ ਕਰਨ ਦੀ ਬੇਨਤੀ ਕੀਤੀ। ਊਨ੍ਹਾਂ ਕਿਹਾ ਕਿ ਦੇਸ਼ ਦੇ 10 ਸ਼ਹਿਰਾਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਜਿੱਥੇ ਸੰਘਣੀ ਅਬਾਦੀ ਕਾਰਨ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਊਨ੍ਹਾਂ ਕਿਹਾ ਕਿ ਜਦੋਂ ਕੇਸ ਘਟਣੇ ਸ਼ੁਰੂ ਹੋ ਗਏ, ਊਦੋਂ ਵੀ ਲੋਕਾਂ ਨੂੰ ਘੱਟੋ-ਘੱਟ ਇੱਕ ਸਾਲ ਲਈ ਸਮਾਜਿਕ ਦੂਰੀ, ਮਾਸਕ ਪਹਿਨਣ ਸਣੇ ਹੋਰ ਸਾਵਧਾਨੀਆਂ ਵਰਤਣ ਦੀ ਲੋੜ ਹੈ ਤਾਂ ਜੋ ਕਰੋਨਾ ਦੀ ਦੂਜੀ ਲਹਿਰ ਤੋਂ ਬਚਿਆ ਜਾ ਸਕੇ।