ਹਿਰਦਿਆਂ ਨੂੰ ਠੰਡਕ ਦੇਣ ਵਾਲਾ ਕਲਮੀ-ਝਰਨਾ : ਪ੍ਰਭਜੋਤ ਕੌਰ – ਪ੍ਰੀਤਮ ਲੁਧਿਆਣਵੀ

”ਮੈਂ ਆਪਣੀ ਕੋਈ ਵੀ ਗੱਲ ਕਾਗਜ ਉਤੇ ਲਿਖ ਕੇ ਪਾੜ ਦਿੰਦੀ ਸੀ। ਮਿੱਟੀ ਵਿੱਚ ਵੀ ਲਿਖਦੀ ਸੀ ਤੇ ਦੀਵਾਰਾਂ ਉਤੇ ਸੂਈਆਂ ਨਾਲ ਵੀ। ਪ੍ਰਸ਼ਨਾਂ ਦੇ ਉੱਤਰ ਯਾਦ ਕਰਨ ਲਈ ਇਕ ਵਾਰ ਪੜ ਕੇ ਹੀ ਮਨ ਵਿੱਚ ਮੈਂ ਯਾਦ ਕਰ ਲੈਂਦੀ ਸਾਂ।  ਜਿਥੇ ਭੁੱਲਦੀ, ਫੇਰ ਲਿਖਕੇ ਦੇਖਦੀ ਤਾਂ ਮਨ ਦੀ ਉਲਝਣ ਸੁਲਝ ਜਾਂਦੀ।  ਸ਼ਾਇਦ ਇਸੇ ਆਦਤ ਨੇ ਹੀ ਮੈਨੂੰ ਜਿੰਦਗੀ ‘ਚ ਕਦੇ ਉਲਝਣ ਨਹੀਂ ਦਿੱਤਾ ਅਤੇ ਮਾਲਕ ਨੇ ਮੈਨੂੰ ਕਾਗਜ਼ ਕਲਮ ਜਿਹੇ ਅਨਮੋਲ ਅਤੇ ਕਦੇ ਧੋਖਾ ਨਾ ਦੇਣ ਵਾਲੇ ਹਮਦਰਦ ਤੇ ਹਮਸਫਰ ਦਿੱਤੇ।”  ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਾਲੀ ਲੁਧਿਆਣਾ ਸ਼ਹਿਰ ਦੇ ਕ੍ਰਿਸ਼ਨਾ ਨਗਰ ਦੀ ਜੰਮਪਲ ਦਲਜੀਤ ਕੌਰ (ਮਾਤਾ) ਤੇ ਹਰਜਿੰਦਰ ਸਿੰਘ (ਪਿਤਾ) ਦੀ ਲਾਡਲੀ ਪ੍ਰਭਜੋਤ ਕੌਰ ਦੱਸਦੀ ਹੈ ਕਿ ਉਹ ਅੱਠਵੀਂ ਜਮਾਤ ਤੋਂ ਹੀ ਸਕੂਲ ਵਿੱਚ ਭਾਸ਼ਨ ਤੇ ਗਾਇਨ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲੱਗ ਪਈ ਸੀ, ਜਿਸ ਦੇ ਨਤੀਜਨ ਉਸ ਦੁਆਰਾ ਲਿਖੀ ਸਪੀਚ ਲਈ ਉਸ ਨੂੰ ਸਪੈਸ਼ਲ ਇਨਾਮ ਵੀ ਦਿੱਤਾ ਗਿਆ। ਉਸ ਨੇ ਬਾਰਵੀਂ ਤੱਕ ਦੀ ਪੜਾਈ ਸੀ. ਸੈ. ਸਕੂਲ ਪਿੰਡ ਥਰੀਕੇ ਤੋਂ ਅਤੇ ਗ੍ਰੈਜੂਏਸ਼ਨ ਖਾਲਸਾ ਕਾਲਜ ਫਾਰ ਵੋਮੈਨ ਸਿਵਲ ਲਾਈਨਜ਼ ਲੁਧਿਆਣਾ ਤੋਂ ਪ੍ਰਾਪਤ ਕੀਤੀ।

          ਆਪਣੇ ਜੀਵਨ-ਸਾਥੀ ਸਤਵੀਰ ਸਿੰਘ (ਇਲੈਕਟ੍ਰਾਨਿਕ ਮਕੈਨੀਕਲ ਇੰਜੀਨੀਅਰ) ਅਤੇ ਆਪਣੀ ਗ੍ਰਹਿਸਥੀ ਬਗੀਚੀ  ਦੇ ਦੋ ਫੁੱਲਾਂ ਨਾਲ  ਮੁਹਾਲੀ ਸ਼ਹਿਰ ਵਿਖੇ ਖ਼ੁਸ਼ੀਆਂ ਭਰਿਆ ਜੀਵਨ ਗੁਜ਼ਾਰ ਰਹੀ ਪ੍ਰਭਜੋਤ ਦਾ ਮੰਨਣਾ ਹੈ ਕਿ, ”ਦੁੱਖ ਜ਼ਿੰਦਗੀ ਵਿੱਚ ਆਉਣੇ ਬਹੁਤ ਜ਼ਰੂਰੀ ਹਨ।  ਇਹਨਾਂ ਨਾਲ ਸਾਡਾ ਅਸਿਸਤਵ ਘੜਿਆ ਜਾਂਦਾ ਹੈ। ਸੋਨੇ ਜਾਂ ਹੀਰੇ ਨੂੰ ਵੀ ਚਮਕਣ ਅਤੇ ਆਪਣਾ ਮਾਣ ਵਧਾਉਣ ਲਈ ਅੱਗ ‘ਚ ਤੱਪਣਾ ਪੈਂਦਾ ਹੈ। ਇਵੇਂ ਹੀ ਮੇਰਾ ਹਰ ਪੱਖੋਂ ਰੋਲ-ਮਾਡਲ ਮੇਰੀ ਆਪਣੀ ਜ਼ਿੰਦਗੀ ਰਹੀ ਹੈ। ਅਪਾਹਜ ਕਰਕੇ ਵੀ ਇਸਨੇ ਮੈਨੂੰ ਇਹੀ ਹੌਸਲਾ ਦਿੱਤਾ ਕਿ ਇਨਸਾਨ ਸਰੀਰਕ ਤੌਰ ਤੇ ਅਪਾਹਜ ਹੋ ਜਾਵੇ ਤਾਂ ਜਿਆਦਾ ਮਾਇਨੇ ਨਹੀਂ ਰੱਖਦਾ, ਪਰ ਉਸ ਨੂੰ ਮਾਨਸਿਕ ਤੌਰ ਤੇ ਅਪਾਹਜ ਨਹੀਂ ਹੋਣਾ ਚਾਹੀਦਾ। ਕਿਸੇ ਵੀ ਪਰਸਥਿਤੀ ਵਿੱਚ ਨਾਕਾਰਤਮਕਤਾ ਨਹੀਂ ਅਪਣਾਉਣੀ ਚਾਹੀਦੀ, ਬਲਕਿ ਹਮੇਸ਼ਾ ਆਪਣੇ-ਆਪ ਅਤੇ ਪਰਮ-ਸ਼ਕਤੀ ਪਰਮਾਤਮਾ ਉਤੇ ਭਰੋਸਾ ਰੱਖਣਾ ਚਾਹੀਦਾ।”

          ਪ੍ਰਭਜੋਤ ਨੂੰ ਜਿੱਥੇ ਫੇਸ-ਬੁੱਕ ਦੇ ਬਣਾਏ ਪੇਜ, ”ਮੇਰੇ ਅਹਿਸਾਸ” ਉਤੇ ਲਿਖਦਿਆਂ ਬਹੁਤ ਪਿਆਰ ਤੇ ਹੌਸਲਾ ਅਫਜ਼ਾਈ ਮਿਲ ਰਹੀ ਹੈ, ਉਥੇ ਆਨ ਲਾਈਨ ਪ੍ਰਤੀਯੋਗਤਾ ਵਿੱਚ ਹਿੱਸਾ ਲੈਂਦਿਆਂ ਉਸ ਨੇ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।  ਪ੍ਰਕਾਸ਼ਨਾ ਖੇਤਰ ਵਿਚ ਹਿੰਦੀ ਦੇ ਸਾਂਝੇ ਕਾਵਿ-ਸੰਗ੍ਰਹਿ, ”ਅਲਫਾਜ਼-ਏ-ਅਹਿਸਾਸ”, ਸਤਰੰਗ ਵੈੱਬ ਸਾਂਝਾ ਕਾਵਿ-ਸੰਗ੍ਰਹਿ ਪੰਜਾਬੀ ਆਸਟਰੇਲੀਆ ਅਤੇ ਮਜ਼ਦੂਰ ਕੀ ਵਿਅਥਾ ਕਾਵਿ-ਸੰਗ੍ਰਹਿ ਵਿੱਚ ਉਸਨੂੰ ਰਚਨਾਵਾਂ ਛਪਵਾਉਣ ਦਾ ਮੌਕਾ ਮਿਲਿਆ। ਇਸ ਤੋਂ ਇਲਾਵਾ ਇੰਡੋਟਾਈਮਜ਼ ਕੈਨੇਡਾ, ਲੋਕ-ਰੰਗ ਸਮਾਚਾਰ ਏਕ ਸਾਹਿਤਯ, ਸਾਹਿਤ ਸਰਸਵਤੀ ਜੈਪੁਰ, ਪ੍ਰਖਰ ਗੂੰਜ ਸਾਹਿਤਨਾਮਾ ਰੋਹਿਣੀ ਦਿੱਲੀ, ਵਰਤਮਾਨ ਅੰਕੁਰ (ਨੋਇਡਾ), ਵਿਸ਼ਵ ਹਿੰਦੀ ਲੇਖਿਕਾ ਸੰਘ ਦੀ ਸਾਹਿਤਕ ਅਰਪਣ ਏਕ ਪਹਿਲ, ਸੰਗਨੀ ਪੱਤ੍ਰਿਕਾ, ਜੈ ਵਿਜੈ, ਅਗਰੀਮਾਨ ਪੱਤ੍ਰਿਕਾ (ਮੁੰਬਈ), ਕਲਮ ਲਾਈਵ (ਹਿੰਦੀ), ਦੀਵਾਨ ਮੇਰਾ ਹਿੰਦੀ ਪੱਤ੍ਰਿਕਾ (ਨਾਗਪੁਰ ਮਹਾਂਰਾਸ਼ਟਰ), ਸਰਹੱਦ ਕੇਸਰੀ ਫਾਜ਼ਿਲਕਾ, ਦੈਨਿਕ ਸਵੇਰਾ, ਸਵਰਾਂਜਲੀ ਪੱਤ੍ਰਿਕਾ, ਪ੍ਰਵਾਹਿਤ ਸਾਹਿਤਯ ਛਤੀਸਗੜ, ਦੇਸ਼-ਪ੍ਰਦੇਸ਼ (ਕੈਨੇਡਾ) ਅਤੇ ਲੋਕ ਜੰਗ (ਭੋਪਾਲ) ਆਦਿ ਵਿਚ ਰਚਨਾਵਾਂ ਪ੍ਰਕਾਸ਼ਿਤ ਹੋਣ ਦਾ ਉਸ ਨੂੰ ਮਾਣ ਹਾਸਿਲ ਹੋ ਚੁੱਕਾ ਹੈ। 

          ਹਿਰਦਿਆਂ ਨੂੰ ਠੰਡਕ ਪਹੁੰਚਾਉਣ ਵਾਲੇ ਇਸ ਕਲਮੀ-ਝਰਨੇ ਦੀਆਂ ਗਤੀ-ਵਿਧੀਆਂ ਦੀ ਬਦੌਲਤ ਉਸ ਨੂੰ ਪ੍ਰੇਰਨਾ ਦਰਪਣ ਸਾਹਿਤਿਕ ਅਤੇ ਸੰਸਕ੍ਰਿਤ ਮੰਚ ਦਾਰਾ, ਕਾਵਿਯ-ਰੰਗੋਲੀ ਹਿੰਦੀ ਸਾਹਿਤਿਕ ਪੱਤ੍ਰਿਕਾ ਕਰੀਮਪੁਰ ਖੀਰੀ (ਉੱਤਰ ਪ੍ਰਦੇਸ਼), ਪ੍ਰਖਰ ਗੂੰਜ ਪ੍ਰਕਾਸ਼ਨ ਰਹਿਣੀ ਦਿੱਲੀ ਵੱਲੋਂ (ਦਿਲ ਕਹਿਤਾ ਹੈ ਕਿਤਾਬ ਲਈ), ਸਾਹਿਤਕ ਪੱਤ੍ਰਿਕਾ ਨਾਰੀ-ਸ਼ਕਤੀ ਸਾਗਰ, ਰਾਸ਼ਟਰੀ ਕਵੀ ਚੌਟਾਲਾ ਸ਼ਾਖਾ ਮੈਨਪੁਰੀ (ਉੱਤਰ ਪ੍ਰਦੇਸ਼) ਦੋ ਵਾਰ ਰਮੇਸ਼ਵਰ ਦਿਆਲ ਦੂਬੇ ਸਾਹਿਤਕ ਸਨਮਾਨ ਪੱਤਰ), ਵਿਸ਼ਵ ਹਿੰਦੀ ਲੇਖਿਕਾ ਸੰਘ (ਨਾਰੀ ਸ਼ਕਤੀ-ਸਾਗਰ ਸਨਮਾਨ), ਜਨ ਭਾਸ਼ਾ ਹਿੰਦੀ ਸਾਹਿਤਕ ਮੈਨਪੁਰੀ (ਉੱਤਰ ਪ੍ਰਦੇਸ਼) (ਪ੍ਰਤੀਯੋਗਤਾ ਵਿੱਚੋਂ ਤੀਜਾ ਤੇ ਫੇਰ ਦੂਜਾ ਸਥਾਨ ਹਾਸਿਲ ਹੋਣ ਤੇ) ਆਦਿ ਅੱਡ-ਅੱਡ ਥਾਵਾਂ ਤੋਂ ਸਨਮਾਨ-ਪੱਤਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। 

          -ਪ੍ਰੀਤਮ ਲੁਧਿਆਣਵੀ,  ਚੰਡੀਗੜ, 9876428641

ਸੰਪਰਕ :  ਪ੍ਰਭਜੋਤ ਕੌਰ,  9501654219

Leave a Reply

Your email address will not be published. Required fields are marked *