ਨਾਭਾ ਨੇੜਲਾ ਬੀੜ ਦੁਸਾਂਝ ਲੋਕਾਂ ਲਈ ਸਿਰਦਰਦੀ ਦੀ ਥਾਂ ਰਮਣੀਕ ਥਾਂ ਬਣ ਸਕਦਾ ਹੈ – ਮੇਜਰ ਸਿੰਘ ਨਾਭਾ

ਕਰੋਨਾ ਕੋਵਿਡ-19 ਕਾਰਨ ਦੇਸ਼ ਅੰਦਰ ਲੰਬਾ ਸਮਾਂ ਲਾਕਡਾਊਨ ਰਹਿਣ ਕਰਕੇ ਪ੍ਰਦੂਸ਼ਨ ਘੱਟਣ  ਕਾਰਨ ਕੁਦਰਤੀ ਵਾਤਾਵਰਣ ਪੈਦਾ ਹੋਣਾ ਸ਼ੁਰੂ ਹੋ ਗਿਆ ਸੀ। ਰੁੱਖਾਂ ਦੀ ਘੱਟ ਰਹੀ ਗਿਣਤੀ ਮਨੁੱਖੀ ਜੀਵਨ ਲਈ ਘਾਤਕ ਸਿੱਧ ਹੋ ਸਕਦੀ ਹੈ।ਕੁਦਰਤੀ ਬਨਸਪਤੀ ਦੀ ਮਨੁੱਖ ਦੇ ਜੀਵਨ ਵਿੱਚ ਬਹੁਤ ਮਹੱਤਤਾ ਹੈ।ਵਾਤਾਵਰਣ ਦਾ ਸੰਤੁਲਨ ਰੱਖਣ ਵਿੱਚ ਇਸ ਦੀ ਅਹਿਮ ਭੂਮਿਕਾ ਹੈ।ਜੰਗਲੀ ਜੀਵਾਂ ਦੇ ਨਾਲ ਇਸ ਦਾ ਡੂੰਘਾ ਰਿਸ਼ਤਾ ਹੈ।ਪੰਜਾਬ ਅੰਦਰ ਬਹੁਤ ਥਾਵਾਂ ਤੇ ਬੀੜਾਂ ਨੂੰ ਇਸੇ ਕਰਕੇ ਸੁਰੱਖਿਅਤ ਰੱਖਿਆ ਗਿਆ ਹੈ।   ਇਤਿਹਾਸਕ ਸ਼ਹਿਰ ਨਾਭਾ ਦਾ ਨਾਂ ਇਥੋਂ ਦੇ ਰਿਆਸਤੀ ਰਾਜਿਆਂ ਦੀਆਂ ਅਭੁੱਲ ਯਾਦਾਂ ਕਾਰਨ ਬੜੇ ਮਾਣ ਨਾਲ ਲਿਆ ਜਾਂਦਾ ਹੈ ਇਤਿਹਤਸਕ ਸ਼ਹਿਰ ਨਾਭਾ ਦੇ ਪੂਰਬ ਵੱਲ ਰਾਜਿਆਂ ਵੇਲੇ ਦਾ ‘ਬੀੜ ਦੁਸਾਂਝ’ ਹੈ ।ਇਸ ਵਿੱਚ ਰੋਜ,ਨੀਲ ਗਊ,ਗਿੱਦੜ,ਬਾਂਦਰ ਅਤੇ ਹੋਰ ਜੰਗਲੀ ਜਾਨਵਰ ਰਹਿੰਦੇ ਹਨ।ਅਵਾਰਾ ਤਿੱਖੇ ਤਿੱਖੇ ਸਿੰਗਾਂ ਵਾਲੀਆਂ ਗਊਆਂ,ਸਾਨ੍ਹ ,ਕੁੱਤੇ ਆਦਿ ਵੀ ਜੰਗਲੀ ਬਣ ਚੁੱਕੇ ਹਨ।ਜੌੜੇਪੁਲਾਂ ਘਣੀਵਾਲ,ਭੋੜੇ ਆਦਿ ਪਿੰਡਾਂ ਨੂੰ ਮਿਲਾਉਂਦੀ ਇਹ ਚੌੜੀ ਸੜਕ ਇਸ ਬੀੜ ਵਿੱਚੋਂ ਲੰਘਦੀ ਹੈ।ਇਸੇ ਰੋਡ ਤੇ ਨਾਭੇ ਦੇ ਰਾਜੇ ਵਲੋਂ ਬੀੜ’ਚ ਸ਼ਿਕਾਰ ਕਰਨ ਸਮੇਂ ਠਹਿਰ ਲਈ ਬਣਾਈ ਸ਼ਾਨਦਾਰ ਕਲਾਤਮਿਕ ਲਾਲ ਕੋਠੀ ‘ਚ ਅੱਜਕੱਲ਼੍ਹ ਫਿਲਮਾਂ ਅਤੇ ਪ੍ਰੀ-ਵੈਡਿੰਗ ਦੀ ਸੂਟਿੰਗ ਹੁੰਦੀ ਰਹਿੰਦੀ ਹੈ।ਗੈਸ ਪਲਾਂਟ ਨਾਭਾ ਵਿਖੇ ਹੋਣ ਕਾਰਨ ਇਥੋਂ ਰੋਜ਼ਾਨਾ ਅਨੇਕਾਂ ਸਿਲੰਡਰਾਂ ਨਾਲ ਭਰੇ ਟਰੱਕ ਇਸ ਸੜਕ ਤੋਂ ਲੰਘਦੇ ਹਨ। ਇਸ ਕਰਕੇ ਆਵਾਜਾਈ ਹੋਰ ਵੀ ਵੱਧ ਗਈ ਹੈ।ਸੈਂਕੜੇ ਲੋਕ ਸਵੇਰੇ ਸ਼ਾਮ ਸਰਕਾਰੀ ਮੱਝ ਫਾਰਮ ਜੋ ਇਸੇ ਸੜਕ ਤੇ ਸਥਿਤ ਹੈ ਤੋਂ ਦੁੱਧ ਲੈਣ ਜਾਂਦੇ ਹਨ ਜਿਨ੍ਹਾਂ ਨੂੰ ਡੰਗਰਾਂ ਅਤੇ ਬਾਂਦਰਾਂ ਦੇ ਝੁੰਡਾਂ’ਚੋਂ ਲੰਘਣਾ ਮੁਸ਼ਕਲ ਹੁੰਦਾ ਹੈ।ਇਸੇ ਤਰ੍ਹਾਂ ਇਸ ਸੜਕ ਤੇ ਸੈਰ ਕਰਨ ਵਾਲਿਆਂ ਲਈ ਵੀ ਰਸਤਾ ਸੁਰੱਖਿਅਤ ਨਹੀਂ ਹੈ।ਇਸ ਸੜਕ ਤੋਂ ਲੰਘਣ ਵਾਲਿਆਂ ਦੇ ਇਨ੍ਹਾਂ ਅਵਾਰਾ ਡੰਗਰਾਂ,ਬਾਂਦਰਾਂ ਆਦਿ ਨਾਲ ਅਨੇਕਾਂ ਵਾਰੀ ਐਕਸੀਡੈਂਟ ਹੋ ਚੁੱਕੇ ਹਨ ।ਕਈ ਜਾਨਾਂ ਵੀ ਜਾ ਚੁੱਕੀਆਂ ਹਨ।ਸਕੂਲਾਂ,ਕਾਲਜਾਂ ਵਿੱਚ ਪੜ੍ਹਦੇ ਬੱਚੇ ਮਜਬੂਰੀਵਸ਼ ਰੋਜ਼ਾਨਾ ਇਥੋਂ ਦੀ ਡਰ ਡਰ ਕੇ ਲੰਘਦੇ ਹਨ।ਸਕੂਲ,ਕਾਲਜ / ਟਿਊਸ਼ਨ ਜਾਣ ਵਾਲੀਆਂ ਇੱਕਲੀਆਂ ਲੜਕੀਆਂ ਲਈ ਇਥੋਂ ਦੀ ਲੰਘਣਾ ਹੋਰ ਵੀ ਮੁਸ਼ਕਲ ਹੈ।ਮਾਪਿਆਂ ਦੇ ਆਪਣੇ ਬੱਚਿਆਂ ਦੇ ਸਹੀ ਸਲਾਮਤ ਘਰ ਆਉਣ ਤੱਕ ਸਾਹ ਸੂਤੇ ਰਹਿੰਦੇ ਹਨ।ਭੂਸਰੇ ਸਾਨ੍ਹ  ਅਤੇ ਭੁੱਖੇ ਬਾਂਦਰ ਕਈ ਵਾਰ ਲੰਘ ਰਹੇ ਰਾਹੀਆਂ ਤੇ ਹਮਲਾ ਕਰਕੇ ਜਖ਼ਮੀ ਕਰ ਦਿੰਦੇ ਹਨ।ਦਾਨੀ ਸਜਣ ਬਾਂਦਰਾਂ ਨੂੰ ਖਾਣ ਲਈ ਵਸਤਾਂ ਅਤੇ ਡੰਗਰਾਂ ਲਈ ਚਾਰਾ ਅਕਸਰ ਹੀ  ਸੜਕ ਦੇ ਕਿਨਾਰਿਆਂ ਤੇ ਸੁੱਟ ਜਾਂਦੇ ਹਨ ਜਿਸ ਨਾਲ ਕਈ ਵਾਰੀ ਲੰਘ ਰਹੇ ਰਾਹੀਆਂ ਦੇ ਐਕਸੀਡੈਂਟ ਹੋ ਜਾਂਦੇ ਹਨ ਕਿਉਂਕਿ ਦੂਸਰੀ ਸਾਈਡ ਤੋਂ ਭੁੱਖੇ ਬਾਂਦਰ ਅਤੇ ਡੰਗਰ ਦੌੜ ਕੇ ਖਾਣ ਲਈ ਆਉਂਦੇ ਹਨ।ਲੋਕ ਸ਼ਾਇਦ ਦਾਨ ਪੁੰਨ ਦੀ ਭਾਵਨਾ ਨਾਲ ਖਾਣ ਵਾਲੀਆਂ ਵਸਤਾਂ ਪਾ ਕੇ ਜਾਂਦੇ ਹਨ ਪਰ ਉਹ ਇਹ ਨਹੀਂ ਸੋਚਦੇ ਕਿ ਇਸ ਤਰਾਂ੍ਹ ਸੜਕ ਤੇ ਗੰਦ ਅਤੇ ਆਵਾਜਾਈ’ਚ ਵਿਘਣ ਵੀ ਪੈਂਦਾ ਹੈ ।ਜਿਥੇ ਸਰਕਾਰ ਨੇ ਬੀੜ ਦੇ ਦੁਆਲੇ ਖੇਤਾਂ ਦੇ ਉਜਾੜੇ ਨੂੰ ਰੋਕਣ ਲਈ ਜਾਲੀਦਾਰ ਵਾੜ ਲਗਾਈ ਹੈ ਉਥੇ ਬੀੜ ਦੇ ਏਰੀਏ ਵਿੱਚ ਸੜਕ ਦੇ ਦੋਨਾਂ ਪਾਸੇ ਵੀ ਉੱਚੀ ਜਾਲੀਦਾਰ ਵਾੜ ਲਗਾਈ ਜਾਵੇ ਤਾਂ ਜੋ ਇਹ ਜੰਗਲੀ ਜਾਨਵਰ / ਡੰਗਰ ਸੜਕ ਤੇ ਆ ਕੇ ਰਾਹਗੀਰਾਂ ਲਈ ਪ੍ਰੇਸ਼ਾਨੀ ਪੈਦਾ ਨਾ ਕਰਨ।ਬੀੜ ਦੇ ਨਾਲ ਲਗਦੇ ਚੋਧਰੀ ਮਾਜਰਾ ਪਿੰਡ ਦੇ ਖੇਤਾਂ ਵਾਲੇ ਕਿਸਾਨ ਰਲ ਕੇ ੨੪ ਘੰਟੇ ਡੰਗਰਾਂ ਦੀ ਰਾਖੀ ਤੋਂ ਅੱਤ ਦੀ ਗਰਮੀ ਅਤੇ ਸਰਦੀ ਦੇ ਬਾਵਜੂਦ ਪਹਿਰਾ ਦਿੰਦੇ ਹਨ ਤਾਂ ਜਾ ਕੇ ਫਸਲਾਂ ਬਚਦੀਆ ਹਨ।ਭਾਵੇਂ ਸਰਕਾਰ ਨੇ ਪੰਜਾਬ ਗਊ ਸੇਵਾ ਕਮਿਸ਼ਨ ਐਕਟ,੨੦੧੪ ਅਧੀਨ ‘ਪੰਜਾਬ ਗਊ ਸੇਵਾ ਕਮਿਸ਼ਨ’ ਦੀ ਸਥਾਪਨਾ ਕੀਤੀ ਗਈ ਹੈ ਜਿਸ ਵਿੱਚ ਗਊ,ਸਾਨ੍ਹ, ਬਲਦ,ਵੱਛੇ-ਵੱਛੜੀਆਂ ਦੀ ਸੁਰੱਖਿਆ ਅਤੇ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਸ਼ੌਂਪੀ ਗਈ ਹੈ।ਇਸ ਲਈ ਫੰਡ ਲਈ ਬਜਟ ਦੀ ਵਿਵਸਥਾ ਕੀਤੀ ਗਈ ਹੈ ਜਿਸ ਨਾਲ ਗਊ-ਪਰਿਵਾਰ ਦੀ ਸੰਭਾਲ ਕਰਨੀ ਹੈ ਅਤੇ ਮੱਨੁਖੀ ਅੱਤਿਆਚਾਰ ਤੋਂ ਬਚਾਉਣਾ ਹੈ।ਵਧੇਰੇ ਫੰਡ ਲਈ ਸਥਾਨਕ ਸਰਕਾਰਾਂ ਵਲੋਂ ਗਊ ਸੈੱਸ ਵੀ ਲਾ ਰੱਖਿਆ ਹੈ।ਪਰ ਗਊਧਨ ਦੀ ਸੰਭਾਲ ਲਈ ਕੋਈ ਠੋਸ ਨੀਤੀ ਸਾਹਮਣੇ ਨਹੀਂ ਆਈ ।ਬਾਜ਼ਾਰਾਂ ਵਿੱਚ ਆਮ ਆਵਾਰਾ ਡੰਗਰ ਘੁੰਮ ਰਹੇ ਹਨ ਜੋ ਲੋਕਾਂ ਦਾ ਜਾਨ ਅਤੇ ਮਾਲ ਦਾ ਨੁਕਸਾਨ ਅਕਸਰ ਕਰਦੇ ਰਹਿੰਦੇ ਹਨ।ਸ਼ੋਸ਼ਲ ਮੀਡੀਆ ਤੇ ਲੜਦੇ ਭਿੜਦੇ ਡੰਗਰਾਂ ਨਾਲ ਰਾਹਗੀਰਾਂ ਦੇ ਹੋਏ ਐਕਸ਼ੀਡੈਂਟਾਂ ਦੀਆਂ ਵੀਡੀਉਜ਼ ਅਕਸਰ ਦੇਖਣ ਨੂੰ ਮਿਲਦੀਆਂ ਹਨ।ਹਿੰਦੂ ਸੰਗਠਨ ਵੀ ਅਵਾਰਾ ਗਊਆਂ ਦੇ ਇਸ ਮਸਲੇ ਪ੍ਰਤੀ ਗੰਭੀਰ ਨਹੀਂ ,ਉਨ੍ਹਾਂ ਨੂੰ ਵੀ ਸਰਕਾਰ ਨਾਲ ਤਾਲ ਮੇਲ ਕਰਕੇ ਇਸ ਸਮੱਸਿਆ ਦਾ ਹੱਲ਼ ਕਢਵਾਉਣਾ ਚਾਹੀਦਾ ਹੈ। ਲੋਕਾਂ ਦੀ ਸੁਰੱਖਿਆ ਯਕੀਨੀ ਬਨਾਉਣਾ ਸਰਕਾਰ ਦੀ ਮੁਢਲੀ ਜ਼ਿੰਮੇਵਾਰੀ ਹੈ।
           ਇਨ੍ਹਾਂ ਜੰਗਲੀ ਥਾਵਾਂ ਦੀ ਉੱਚਿਤ ਵਰਤੋਂ ਕਰਕੇ ਦੋਵੇਂ ਮਸਲੇ ਹੱਲ ਕੀਤੇ ਜਾ ਸਕਦੇ ਹਨ।ਇਲਾਕੇ ਦੇ ਬੱਚਿਆਂ ਦੇ ਮਨਪ੍ਰਚਾਵੇ ਲਈ ਇਨ੍ਹਾਂ ਥਾਵਾਂ ਤੇ ਛੋਟਾ ਜਿਹਾ ‘ਚਿੜੀਆ ਘਰ’ ਬਣਾ ਕੇ ਉਨ੍ਹਾਂ ਦੇ ਵਹਿਲੇ ਸਮੇਂ ਨੂੰ ਉਸਾਰੂ ਪਾਸੇ ਲਾਉਣ ਲਈ ਸਮਾਜ ਵਿੱਚ ਪਨਪ ਰਹੀਆਂ ਬੁਰਾਈਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ ਕਿਉਂ ਕਿ ਜੰਗਲੀ ਜੀਵ ਅਤੇ ਜੰਗਲਾਤ ਮੰਤਰੀ ਵੀ ਸਬੱਬ ਨਾਲ ਨਾਭਾ ਹਲਕੇ ਦੇ ਹੀ ਹਨ,ਉਹ ਇਸ ਨੇਕ ਕੰਮ ਨੂੰ ਕਰਵਾ ਕੇ ਹਮੇਸ਼ਾਂ ਲਈ ਹਲਕੇ ਦੇ ਲੋਕਾਂ ਤੋਂ ਵਾਹ ਵਾਹ ਖੱਟ ਸਕਦੇ ਹਨ।ਚੋਧਰੀ ਮਾਜਰਾ ਪੂਲੀ ਤੋਂ ਲੈ ਕੇ ਬੀੜ ਤੱਕ ਸੜਕ ਦੇ ਨਾਲ ਜਾਂਦੇ ਰਜਬਾਹੇ ਨੂੰ ਪੱਕਾ ਕਰਵਾ ਦਿੱਤਾ ਜਾਵੇ ਅਤੇ ਇਸ ਦੀ ਪਟੜੀ  ਸੈਰ ਕਰਨ ਵਾਲਿਆਂ ਲਈ ਪੱਕੀ ਕਰਵਾ ਕੇ ਆਲੇ ਦੁਆਲੇ ਰੰਗ ਦਾਰ ਬੂਟੇ ਲਗਵਾ ਦਿੱਤੇ ਜਾਣ ਤਾਂ ਇਸ ਇਤਿਹਾਸਕ ਸ਼ਹਿਰ ਦੀ ਸ਼ਾਨ ਵੀ ਵੱਧੇਗੀ।ਇਸ ਤਰ੍ਹਾਂ ਲੋਕਾਂ ਲਈ ਸਿਰਦਰਦੀ ਬਣਿਆ ਇਹ ਏਰੀਆ ਲੋਕਾਂ ਲਈ ਰਮਣੀਕ ਬਣ ਸਕਦਾ ਹੈ।  ਮਹਿਕਮੇ ਵਲੋਂ ਸੜਕ ਦੇ ਆਲੇ ਦੁਆਲੇ ਸੁੱਕੇ ਅਤੇ ਨਿਕੰਮੇ ਦਰਖੱਤਾਂ ਦੀ ਕਟਾਈ ਕਰਵਾ ਕੇ ਇਸ ਥਾਂ ਨਵੇਂ ਫਲਦਾਰ ਅਤੇ ਛਾਂਦਾਰ ਕੀਮਤੀ ਲਕੜੀ ਵਾਲੇ ਪੌਦੇ / ਬੂਟੇ ਲਾਏ ਜਾਣ  ਜੋ ਕਿ ਜੰਗਲੀ ਜਾਨਵਰਾਂ ਲਈ ਜੀਵਤ ਰਹਿਣ ਲਈ ਵੀ ਸਹਾਈ ਹੋਣਗੇ।ਇਸ ਤਰ੍ਹਾਂ ਇਨ੍ਹਾਂ ਜਾਨਵਰਾਂ ਦੀ ਸੰਭਾਲ ਵੀ ਕੀਤੀ ਜਾ ਸਕਦੀ ਹੈ ।
ਮੇਜਰ ਸਿੰਘ ਨਾਭਾ ….ਮੋ:੯੪੬੩੫੫੩੯੬੨

Leave a Reply

Your email address will not be published. Required fields are marked *