ਮਹਾਰਾਸ਼ਟਰ ਪਬਲਿਕ ਸਰਵਿਸ ਕਮਿਸ਼ਨ ਦੇ ਮਹਿਲਾ ਟਾਪਰਜ਼ ਦੀ ਲਿਸਟ ‘ਚ ਤੀਜੇ ਨੰਬਰ ‘ਤੇ ਬਣਾਈ ਜਗ੍ਹਾ

ਨਾਂਦੇੜ : ਔਕੜਾਂ ਇਨਸਾਨ ਨੂੰ ਜੁਝਾਰੂ ਤੇ ਸਖ਼ਤ ਰਾਹਾਂ ‘ਤੇ ਚੱਲਣ ਦੇ ਯੋਗ ਬਣਾਉਂਦੀਆਂ ਹਨ। ਇਹ ਕੁੱਝ ਦੇਰ ਲਈ ਤੁਹਾਡੇ ਸਫ਼ਰ ਨੂੰ ਮੁਸ਼ਕਲ ਭਾਵੇਂ ਬਣਾ ਦੇਣ, ਪਰ ਤੁਹਾਨੂੰ ਮੰਜ਼ਲ ‘ਤੇ ਪਹੁੰਚਣ ਤੋਂ ਰੋਕ ਨਹੀਂ ਸਕਦੀਆਂ। ਜਿਨ੍ਹਾਂ ਦੇ ਹੌਂਸਲੇ ਬੁਲੰਦ ਹੁੰਦੇ ਹਨ, ਉਹ ਔਖੇ ਪੈਡਿਆਂ ਨੂੰ ਵੀ ਸੌਖ ਨਾਲ ਪਾਰ ਕਰ ਜਾਂਦੇ ਹਨ। ਔਕੜਾਂ ਵਿਚੋਂ ਹੀ ਔਖੇ ਪੈਡਿਆਂ ਦੀ ਸਹੀ ਰਾਹ ਨਿਕਲਦੀ ਹੈ।ਅਜਿਹੇ ਹੀ ਔਕੜਾਂ ਭਰੇ ਪੈਡਿਆਂ ਦੀ ਸਫ਼ਲ ਰਾਹੀਂ ਹੈ, ਨਾਂਦੇੜ ਦੀ ਵਾਸੀ ਵਸੀਮਾ ਸੇਖ਼, ਜਿਸ ਨੇ ਲੱਖ ਔਕੜਾਂ ਦੇ ਹੁੰਦਿਆਂ ਹੋਇਆ ਵੀ ਅਪਣੀ ਸਖ਼ਤ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨਾਲ ਉਹ ਮੁਕਾਮ ਹਾਸਲ ਕੀਤਾ ਹੈ, ਜੋ ਅਜਿਹੀਆਂ ਔਕੜਾਂ ਦੇ ਹੁੰਦਿਆਂ ਨਾਮੁਮਕਿਨ ਹੀ ਜਾਪਦਾ ਹੈ। ਮਹਾਰਾਸ਼ਟਰ ਪਬਲਿਕ ਸਰਵਿਸ ਕਮਿਸ਼ਨ (ਐਮ.ਪੀ.ਐਸ.ਸੀ.) ਦੇ ਮਹਿਲਾ ਟਾਪਰਜ਼ ਦੀ ਲਿਸਟ ‘ਚ ਤੀਜਾ ਸਥਾਨਕ ਹਾਸਲ ਕਰਨ ਵਾਲੀ ਵਸੀਮਾ ਸੇਖ਼ ਹੁਣ ਡਿਪਟੀ ਕਲੈਕਟਰ ਦੇ ਉੱਚ ਅਹੁਦੇ ‘ਤੇ ਬਿਰਾਜਮਾਨ ਹੋਣ ਜਾ ਰਹੀ ਹੈ।ਇਸ ਸਮੇਂ ਸੇਲਸ ਟੈਕਸ ਇੰਸਪੈਕਟਰ ਦੇ ਅਹੁਦੇ ‘ਤੇ ਤੈਨਾਤ ਵਸੀਮਾ ਸੇਖ਼ ਦਾ ਅਤੀਤ ਔਕੜਾਂ ਤੇ ਦਿੱਕਤਾਂ ਨਾਲ ਭਰਿਆ ਪਿਆ ਸੀ। ਉਸ ਨੂੰ ਅਪਣੀ ਪੜ੍ਹਾਈ ਦੌਰਾਨ ਭਾਵੇਂ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ, ਪਰ ਉਹ ਦ੍ਰਿੜ੍ਹ ਇਰਾਦੇ ਤੇ ਬੁਲੰਦ ਹੌਂਸਲੇ ਕਾਰਨ ਅਪਣੀ ਮੰਜ਼ਿਲ ਵੱਲ ਵੱਧਦੀ ਗਈ। ਉਸ ਦੇ ਸੁਪਨਿਆਂ ਨੂੰ ਪਰਵਾਜ਼ ਦੇਣ ‘ਚ ਉਸ ਦੇ ਭਰਾ ਦਾ ਵੱਡਾ ਯੋਗਦਾਨ ਹੈ।ਵਸੀਮਾ ਦੇ ਪਰਵਾਰ ਦੀ ਆਰਥਿਕ ਹਾਲਤ ਕੋਈ ਬਹੁਤੀ ਚੰਗੀ ਨਹੀਂ ਸੀ। ਉਸ ਦੇ ਭਰਾ ਨੇ ਵਸੀਮਾ ਨੂੰ ਪੜ੍ਹਾਉਣ ਲਈ ਰਿਕਸ਼ਾ ਵੀ ਚਲਾਇਆ। ਵਸੀਮਾ ਦਾ ਭਰਾ ਖੁਦ ਵੀ ਐਮਪੀਐਸਸੀ ਦੀ ਤਿਆਰੀ ਕਰ ਚੁੱਕਾ ਹੈ, ਪਰ ਮਾਇਕੀ ਕਮਜ਼ੋਰੀ ਕਾਰਨ ਉਹ ਇਹ ਪ੍ਰੀਖਿਆ ਨਹੀਂ ਸੀ ਦੇ ਸਕਿਆ। ਪਰ ਉਸ ਨੇ ਅਪਣੀ ਭੈਣ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਪੂਰੀ ਵਾਹ ਲਾਈ, ਜਿਸ ਦੇ ਫਲਸਰੂਪ ਵਸੀਮਾ ਨੇ ਸਾਲ 2018 ‘ਚ ਵੀ ਐਮਸੀਐਸਸੀ ਦੀ ਪ੍ਰੀਖਿਆ ਪਾਸ ਕੀਤੀ ਅਤੇ ਸੇਲਸ ਇੰਸਪੈਕਟਰ ਬਣ ਗਈ।ਵਸੀਮਾ ਦੀ ਨੌਕਰੀ ਨਾਲ ਬਾਅਦ ਇਸ ਪਰਵਾਰ ਨੂੰ ਗ਼ਰੀਬੀ ‘ਚੋਂ ਨਿਕਲਣ ‘ਚ ਮੱਦਦ ਮਿਲੀ। ਵਸੀਮਾ ਅਪਣੀ ਸਾਰੀ ਸਫ਼ਲਤਾ ਦਾ ਸਿਹਰਾ ਅਪਣੇ ਭਰਾ ਅਤੇ ਮਾਂ ਨੂੰ ਦਿੰਦੀ ਹੈ। ਵਸੀਮਾ ਦਾ ਪਰਵਾਰ ਨਾਂਦੇੜ ਜ਼ਿਲ੍ਹੇ ਦੇ ਜੋਸ਼ੀ ਸਾਂਘਵੀ ਨਾਂ ਦੇ ਇਕ ਛੋਟੇ ਜਿਹੇ ਪਿੰਡ ‘ਚ ਰਹਿੰਦਾ ਹੈ। ਵਸੀਮਾ ਅਪਣੇ 6 ਭੈਣ-ਭਰਾਵਾਂ ਵਿਚੋਂ ਚੌਥੇ ਨੰਬਰ ‘ਤੇ ਹੈ। ਵਸੀਮਾ ਦਾ ਪਿਤਾ ਮਾਨਸਿਕ ਤੌਰ ‘ਤੇ ਬਿਮਾਰ ਹਨ ਜਦਕਿ ਮਾਤਾ ਦੂਜਿਆਂ ਦੇ ਖੇਤਾਂ ‘ਚ ਕੰਮ ਕਰ ਕੇ ਘਰ ਚਲਾਉੁਂਦੀ ਸੀ। ਵਸੀਮਾ ਦਾ ਕਹਿਣਾ ਹੈ ਕਿ ਮੈਂ ਅਪਣੇ ਆਲੇ-ਦੁਆਲੇ, ਪਰਵਾਰ ਅਤੇ ਇਲਾਕੇ ‘ਚ ਗ਼ਰੀਬੀ ਅਤੇ ਔਕੜਾਂ ਨੂੰ ਨੇੜਿਓ ਵੇਖਿਆ ਤੇ ਹੰਡਾਇਆ ਹੈ। ਇਕ ਪਾਸੇ ਸਰਕਾਰ ਅਤੇ ਉਸ ਦੇ ਸਾਧਨ ਹਨ, ਦੂਜੇ ਪਾਸੇ ਗ਼ਰੀਬ ਜਨਤਾ ਹੈ। ਇਨ੍ਹਾਂ ਵਿਚਕਾਰ ਵਿਚੋਲੇ ਦੀ ਲੋੜ ਸੀ, ਜੋ ਮੈਂ ਬਣਨਾ ਚਾਹੁੰਦੀ ਹਾਂ।

Leave a Reply

Your email address will not be published. Required fields are marked *