ਮਿੰਨੀ ਬੱਸ ਪਰਮਿਟਾਂ ਲਈ ਅਪਲਾਈ ਕਰਨ ਦੀ ਤਰੀਕ 15 ਜੁਲਾਈ ਤਕ


ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਐਲਾਨ ਕਰਦਿਆਂ ਮਿੰਨੀ ਬੱਸ ਪਰਿਮਟਾਂ ਲਈ ਅਪਲਾਈ ਕਰਨ ਦੀ ਆਖ਼ਰੀ ਤਰੀਕ ਵਧਾਉਂਦਿਆਂ 15 ਜੁਲਾਈ ਕਰ ਦਿਤੀ। ਇਹ ਯੋਜਨਾ ਜੋ ਮੌਜੂਦਾ ਬੱਸ ਆਪਰੇਟਰਾਂ ਦੀ ਅਜਾਰੇਦਾਰੀ ਨੂੰ ਤੋੜਨ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਉਤੇ ਕੇਂਦਰਿਤ ਹੈ, ਤਹਿਤ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 30 ਜੂਨ ਸੀ। ਸੂਬਾ ਸਰਕਾਰ ਵਲੋਂ 1400 ਤੋਂ ਵੱਧ ਪੇਂਡੂ ਰੂਟਾਂ ਨੂੰ ਕਵਰ ਕਰਨ ਲਈ ਪਰਮਿਟ ਦੇਣ ਵਾਸਤੇ ਅਰਜ਼ੀਆਂ ਮੰਗੀਆਂ ਗਈਆਂ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੰਗਲਵਾਰ ਨੂੰ ਪੰਜਾਬ ਸਰਕਾਰ ਵਲੋਂ ਨਵੇਂ ਮਿੰਨੀ ਬੱਸ ਪਰਮਿਟ ਜਾਰੀ ਕਰਨ ਸਬੰਧੀ ਅਰਜ਼ੀਆਂ ਲੈਣ ਉਤੇ ਰੋਕ ਲਗਾਉਣ ਦੀ ਮੌਜੂਦਾ ਮਿੰਨੀ ਬੱਸ ਅਪਰੇਟਰਾਂ ਦੀ ਬੇਨਤੀ ਨੂੰ ਖਾਰਜ ਕਰ ਦਿਤਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਆਖ਼ਰੀ ਮਿਤੀ ਵਿਚ ਵਾਧਾ ਕਰਨ ਦਾ ਐਲਾਨ ਨੂੰ ਕੈਪਟਨ ਨੂੰ ਪੁੱਛੋ ਫ਼ੇਸਬੁੱਕ ਲਾਈਵ ਸੈਸ਼ਨ ਦੌਰਾਨ ਬਠਿੰਡਾ ਦੇ ਇਕ ਬੇਰੁਜ਼ਗਾਰ ਨੌਜਵਾਨ ਦੇ ਸਵਾਲ ਦੇ ਜਵਾਬ ਦੌਰਾਨ ਕੀਤਾ ਜਿਸ ਵਿਚ ਨੌਜਵਾਨ ਨੇ ਕਿਹਾ ਕਿ ਉਹ ਮਿੰਨੀ ਬੱਸ ਚਲਾਉਣ ਲਈ ਪਰਮਿਟ ਚਾਹੁੰਦਾ ਹੈ ਜਿਵੇਂ ਕਿ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ।ਗੌਰਤਲਬ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ 5000 ਮਿੰਨੀ ਬੱਸ ਪਰਮਿਟ ਜਾਰੀ ਕਰਨ ਦਾ ਐਲਾਨ ਕੀਤਾ ਸੀ ਜਿਸ ਅਨੁਸਾਰ ਟਰਾਂਸਪੋਰਟ ਵਿਭਾਗ ਨੇ ਇਹ ਪਰਮਿਟ ਦੇਣ ਸਬੰਧੀ ਅਰਜ਼ੀਆਂ ਦੀ ਮੰਗ ਲਈ ਜਨਤਕ ਨੋਟਿਸ ਜਾਰੀ ਕੀਤੇ ਸਨ। ਇਸ ਪ੍ਰਕਿਰਿਆ ਦੀ ਸ਼ੁਰੂਆਤ ਮਾਰਚ 2020 ਦੇ ਸ਼ੁਰੂ ਵਿਚ ਇਕ ਜਨਤਕ ਮੁਹਿੰਮ ਜ਼ਰੀਏ ਕੀਤੀ ਗਈ ਸੀ।

Leave a Reply

Your email address will not be published. Required fields are marked *