ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਡੀਜੀਪੀ ਵੱਲੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ

ਅੰਮ੍ਰਿਤਸਰ: ਆਗਾਮੀ ਛੇ ਜੂਨ ਨੂੰ ਮਨਾਏ ਜਾ ਰਹੇ ਘੱਲੂਘਾਰਾ ਦਿਵਸ ਤੋਂ ਪਹਿਲਾਂ ਅੱਜ ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਵੀਕੇ ਭਾਵੜਾ, ਏਡੀਜੀਪੀ ਅਰਪਿਤ ਸ਼ੁਕਲਾ ਅਤੇ ਆਈਜੀ ਇਨਟੈਲੀਜੈਂਸ ਜਤਿੰਦਰ ਸਿੰਘ ਔਲਖ ਨੇ ਇਥੇ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਹੈ।

ਡੀਜੀਪੀ ਵੱਲੋਂ ਅੱਜ ਇਥੇ ਦੋ ਮੀਟਿੰਗਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ ਪਹਿਲੀ ਮੀਟਿੰਗ ਅੰਮ੍ਰਿਤਸਰ ਪੁਲੀਸ ਲਾਈਨ ਵਿੱਚ ਕੀਤੀ ਗਈ। ਮੀਟਿੰਗ ਵਿੱਚ ਪੁਲੀਸ ਕਮਿਸ਼ਨਰੇਟ ਦੇ ਕਮਿਸ਼ਨਰ ਅਰੁਣਪਾਲ ਸਿੰਘ, ਬਾਰਡਰ ਰੇਂਜ ਦੇ ਆਈਜੀ ਮੋਨੀਸ਼ ਚਾਵਲਾ ਤੇ ਹੋਰ ਅਧਿਕਾਰੀ ਸ਼ਾਮਲ ਸਨ। ਦੂਜੀ ਮੀਟਿੰਗ ਜਲੰਧਰ ਵਿੱਚ ਕੀਤੀ ਗਈ, ਜਿਸ ਵਿੱਚ ਜਲੰਧਰ ਰੇਂਜ ਦੇ ਪੁਲੀਸ ਅਧਿਕਾਰੀ ਸ਼ਾਮਲ ਹੋਏ।

ਡੀਜੀਪੀ ਨੇ ਅਧਿਕਾਰੀਆਂ ਨੂੰ ਅਤਿਵਾਦੀ ਗਤੀਵਿਧੀਆਂ, ਗੈਂਗਸਟਰ ਅਤੇ ਨਸ਼ੇ ਦੇ ਕਾਰੋਬਾਰ ਨਾਲ ਸਬੰਧਤ ਗਤੀਵਿਧੀਆਂ ਨੂੰ ਰੋਕਣ ਲਈ ਸਖ਼ਤੀ ਨਾਲ ਕਾਰਵਾਈ ਕਰਨ ਅਤੇ ਇਨ੍ਹਾਂ ਮਾਮਲਿਆਂ ਨੂੰ ਤਰਜੀਹ ਨਾਲ ਹੱਲ ਕਰਨ ਲਈ ਆਖਿਆ। ਉਨ੍ਹਾਂ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ।

ਮੁਹਾਲੀ ਹਮਲੇ ਤੋਂ ਬਾਅਦ ਪੁਲੀਸ ਨੂੰ ਵਧੇਰੇ ਚੌਕਸ ਕੀਤਾ ਜਾ ਰਿਹਾ ਹੈ। ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ੇ ਦੀ ਤਸਕਰੀ ਨੂੰ ਰੋਕਣ ਲਈ ਵੀ ਵਧੇਰੇ ਚੌਕਸੀ ਵਰਤਣ ਲਈ ਆਖਿਆ ਹੈ। ਇਥੇ ਦੱਸਣਯੋਗ ਹੈ ਕਿ ਛੇ ਜੂਨ ਨੂੰ ਆ ਰਹੇ ਘੱਲੂਘਾਰਾ ਦਿਵਸ ਦੇ ਮੌਕੇ ਪੰਜਾਬ ਸਰਕਾਰ ਵੱਲੋਂ ਕੇਂਦਰ ਤੋਂ ਕੇਂਦਰੀ ਸੁਰੱਖਿਆ ਬਲਾਂ ਦੀ ਮੰਗ ਕੀਤੀ ਗਈ ਹੈ ਤਾਂ ਜੋ ਸੂਬੇ ਵਿੱਚ ਅਮਨ ਸ਼ਾਂਤੀ ਨੂੰ ਹਰ ਹੀਲੇ ਕਾਇਮ ਰੱਖਿਆ ਜਾ ਸਕੇ। ਡੀਜੀਪੀ ਨੇ ਪੁਲੀਸ ਅਧਿਕਾਰੀਆਂ ਨੂੰ ਆਖਿਆ ਕਿ ਉਹ ਸਰਹੱਦ ਪਾਰਲੀਆਂ ਦੇਸ਼ ਤੇ ਸੂਬਾ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਬਾਰੇ ਵੀ ਵਧੇਰੇ ਚੌਕਸੀ ਵਰਤੀ ਜਾਵੇ।

Leave a Reply

Your email address will not be published. Required fields are marked *