ਪੰਜਾਬੀ ਰੰਗਮੰਚ ਦੀ ਪਹਿਲੀ ਅਭਿਨੇਤਰੀ- ਸੰਜੀਵਨ ਸਿੰਘ

ਬਾਰਾਂ ਸਾਲ ਦੀ ਬਾਲੜੀ ਉਮਰੇ ਪਹਿਲੀ ਅਭਿਨੇਤਰੀ ਦੇ ਤੌਰ ’ਤੇ ਪੰਜਾਬੀ ਰੰਗਮੰਚ ਉਪਰ ਪਹਿਲਾਂ ਕਦਮ ਧਰਨਾ, ਨਾਟਕ ਵਿਚ ਆਪਣੇ ਭਰਾ ਨਾਲ ਉਸ ਦੀ ਪ੍ਰੇਮਿਕਾ ਦਾ ਰੋਲ ਕਰਨਾ, ਇਹ ਕਿਸੇ ਹਾਰੀ-ਸਾਰੀ ਦੇ ਵੱਸ ਦਾ ਕੰਮ ਨਹੀਂ।ਉਹ ਵੀ ਉਨਾਂ ਸਮਿਆਂ ਵਿਚ ਜਦੋਂ ਕੁੜੀਆਂ ਦਾ ਸਟੇਜ ਉਪਰ ਤਾਂ ਕੀ, ਸਟੇਜ ਦੇ ਨੇੜੇ ਜਾਣ ਨੂੰ ਵੀ ਚੰਗਾ ਨਹੀ ਸੀ ਸਮਝਿਆ ਜਾਂਦਾ।ਇਹ ਬਾਲੜੀ ਸੀ ਸੁਹਿਰਦ ਅਤੇ ਗੰਭੀਰ ਯਤਨਾਂ ਨਾਲ ਹਿੰਦ-ਪਾਕਿ ਦੀ ਬਰੂਹਾਂ ’ਤੇ ਪ੍ਰੀਤ ਨਗਰ ਵਸਾਉਣ ਵਾਲੇ ਸੁਪਨਸਾਜ਼ ਗੁਰਬਖਸ਼ ਸਿੰਘ ‘ਪ੍ਰੀਤਲੜੀ’ ਹੋਰਾਂ ਦੀ ਧੀ ਉਮਾ।ਨਾਟਕ ਸੀ “ਰਾਜਕੁਮਾਰੀ ਲਤਿਕਾ” ਨਾਟਕ ਦੇ ਲੇਖਕ ਤੇ ਨਿਰਦੇਸ਼ਕ ਸਨ ਗੁਰਬਖਸ਼ ਸਿੰਘ ‘ਪ੍ਰੀਤਲੜੀ’।ਉਸ ਸਮੇਂ ਤੱਕ ਨਾਟਕਾਂ ਵਿਚ ਲੜਕੀਆਂ ਦੇ ਰੋਲ ਲੜਕੇ ਹੀ ਕਰਦੇ ਸਨ।ਪੰਜਾਬੀ ਰੰਗਮੰਚ ਨੂੰ ਪਹਿਲੀ ਅਭਿਨੇਤਰੀ ਦਿੱਤੀ ਗੁਰਬਖਸ਼ ਸਿੰਘ ‘ਪ੍ਰੀਤਲੜੀ’ ਹੋਰਾਂ ਆਪਣੀ ਧੀ ਉਮਾ ਤੇ ਉਹ ਵੀ ਨਾਟਕ ਵਿਚ ਆਪਣੇ ਪੁੱਤਰ ਨਵਤੇਜ ਦੀ ਪ੍ਰਮਿਕਾ ਦੇ ਰੂਪ ਵਿਚ।ਇਹ ਜਿੱਥੇ ਗੁਰਬਖਸ਼ ਸਿੰਘ ‘ਪ੍ਰੀਤਲੜੀ’ ਦੀ ਅਨੂੱਠੀ ਤੇ ਅਦਭੁੱਤ ਪਹਿਲੀ-ਕਦਮੀ ਤਾਂ ਹੀ ਸੀ, ਉਥੇ ਹੀ ਉਮਾ ਹੋਰਾਂ ਦੀ ਵੀ ਜੁਰਅੱਤ ਤੇ ਦਲੇਰੀ ਵੀ ਸੀ।

                ਉਮਾ ਜੀ ਦਾ ਜਨਮ 27 ਜੁਲਾਈ 1927, ਖਨਾਈ, ਬਲੋਚਿਸਤਾਨ (ਪਾਕਿਸਤਾਨ) ਵਿਚ ਹੋਇਆ।ਉਨਾਂ ਬਿਨ੍ਹਾਂ ਥਿੜਕੇ ਰੰਗਮੰਚੀ ਸਫਰ ਉਪਰ ਤੁਰਨਾ ਨਿਰਅੰਤਰ ਜਾਰੀ ਰੱਖਿਆ।ਗੁਰੂ ਨਾਨਕ ਦੇਵ ਜੀ ਦਾ ਰਚਿਆ ਭਾਵਪੂਰਤ ਸ਼ਬਦ “ਗਗਨ ਮੇ ਥਾਲ” ਤੇ ਡਾਕਟਰ ਇਕਬਾਲ ਦੀ ਰਾਸ਼ਟਰਵਾਦੀ ਰਚਨਾ “ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ” ਆਪਣੀਆਂ ਸਾਥਣਾਂ ਨਾਲ ਮਿਲ ਕੇ ਪੰਡਿਤ ਜਵਾਹਰ ਲਾਲ ਨਹਿੂਰ ਦੀ ਮੌਜੂਦਗੀ ਵਿਚ ਗਾਏ, ਜਦੋ ਉਹ 1942 ਵਿਚ ਪ੍ਰੀਤ ਨਗਰ ਵੇਖਣ ਆਏ। ਇਸ ਤੋਂ ਇਲਾਵਾ ‘ਪ੍ਰੀਤ ਮੁਕਟ’, ‘ਪ੍ਰੀਤ ਮਣੀ’ ਅਤੇ ‘ਸਾਡੀ ਹੋਣੀ ਦਾ ਲਿਸ਼ਕਾਰਾ’ ਵਿਚ ਅਦਾਕਾਰੀ ਤੋਂ ਇਲਾਵਾ ਤੇਰਾ ਸਿੰਘ ਚੰਨ ਦੇ ਨਾਟਕਾਂ ‘ਲੱਕੜ ਦੀ ਲੱਤ’ ਤੇ  ‘ਅਮਰ ਪੰਜਾਬ’ ਤੇ ਜੋਗਿੰਦਰ ਬਾਹਰਲਾ ਦੇ ਓਪੇਰੇ ‘ਹਾੜੀਆਂ ਸੌਣੀਆਂ’ ਦੇ ਅਨੇਕਾਂ ਮੰਚਣ ਇਪਟਾ ਦੇ ਕਾਰਕੁਨ ਸੁਰਿੰਦਰ ਕੌਰ (ਲੋਕ-ਗਾਇਕਾ), ਅਮਰਜੀਤ ਗੁਰਦਾਸਪੁਰੀ, ਜਗਦੀਸ਼ ਫਰਿਆਦੀ, ਨਿਰੰਜਣ ਸਿੰਘ ਮਾਨ, ਜੋਗਿੰਦਰ ਬਾਹਰਲਾ, ਸ਼ੀਲਾ ਦੀਦੀ, ਹੁਕਮ ਚੰਦ ਖਲੀਲੀ, ਪ੍ਰੀਤ ਮਾਨ, ਗੁਰਚਰਨ ਬੋਪਾਰਾਏ, ਸਵਰਣ ਸੰਧੂ, ਡਾ. ਪ੍ਰਿਥੀਪਾਲ ਸਿੰਘ ਮੈਣੀ, ਦਲਬੀਰ ਕੌਰ, ਰਾਜਵੰਤ ਕੌਰ ਮਾਨ ‘ਪ੍ਰੀਤ’, ਕੰਵਲਜੀਤ ਸਿੰਘ ਸੂਰੀ, ਡਾ. ਇਕਬਾਲ ਕੌਰ, ਓਰਮਿਲਾ ਆਨੰਦ ਹੋਰਾਂ ਨਾਲ ਮਿਲਕੇ ਪੰਜਾਬ ਭਰ ਕੀਤੇ।

                ਮੁੱਢੋਂ ਹੀ ਸੱਚ ਤੇ ਵਿਰੋਧ ਹਾਕਿਮ ਕਦੇ ਵੀ ਬਰਦਾਸ਼ਤ ਨਹੀ ਕਰਦਾ।ਇਸੇ ਲਈ ਉਮਾ ਜੀ ਨੂੰ ‘ਹੱਲੇ ਹੁਲਾਰੇ’ ਦੀਆਂ ਕੁੱਝ ਸਤਰਾਂ ‘ਕੱਢ ਦਿਓ ਬਾਹਰ ਫਰੰਗੀ ਨੂੰ, ਕਰ ਦਿਓ ਪਾਰ ਫਰੰਗੀ ਨੂੰ’ ਫਰੰਗੀ ਨੂੰ ਚੁੱਭਣ ਕਾਰਣ ਆਪਣੀਆਂ ਭੈਣਾਂ ਉਰਿਮਲਾ ਤੇ ਪ੍ਰਤਿਮਾ ਅਤੇ ਸ਼ਕੁੰਤਲਾ, ਸ਼ੀਲਾ ਸੰਧੂ ਤੇ ਸੁਰਜੀਤ ਕੌਰ ਸਮੇਤ ਜਰਾਇਮ ਪੇਸ਼ਾ ਔਰਤਾਂ ਲਈ ਰਾਖਵੇਂ ਵਾਰਡ ਮਹੀਨਾ ਕੈਦ ਰਹੇ।ਪਰ ਉਥੇ ਵੀ ਅਜ਼ਾਦੀ ਦੇ ਤਰਾਨੇ ਗਾਉਂਦੀਆਂ ਰਹੀਆਂ।        

                1947 ਦੀ ਵੰਡ ਤੋਂ ਬਾਅਦ ਵੱਗੀ ਫਿਰਕੂ ਹਨੇਰੀ ਵਿਚ ਵੀ ਸੰਵੇਦਨਸ਼ੀਲ ਉਮਾ ਜੀ ਨੇ ਇਨਸਾਨੀ ਫਰਜ਼ਾਂ ਉਪਰ ਡੱਟ ਕੇ ਪਹਿਰਾਂ ਦਿੰਦੇ ਹੋਏ ਆਪਣੇ ਸਾਥੀਆ ਨਾਲ ਰਲ ਕੇ ਆਲੇ-ਦੁਆਲੇ ਪਿੰਡਾਂ ਦੇ ਮੁਸਲਮਾਨ ਪ੍ਰੀਵਾਰਾਂ ਨੂੰ ਪ੍ਰੀਤ ਨਗਰ ਵਿਚ ਰੱਖਕੇ ਹਿਫਾਜ਼ਤ ਵੀ ਕੀਤੀ ਤੇ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ।ਵਕਤ ਦੇ ਮਾਰੇ ਬੇਕਸੂਰ ਲੋਕਾਂ ਨੂੰ ਪਾਕਿਸਤਾਨੀ ਫੌਜ ਦੇ ਹਵਾਲੇ ਕਰਕੇ ਸੁਰਖਿਅਤ ਥਾਵਾਂ ’ਤੇ ਪਹੁੰਚਾਇਆ।ਉਸ ਵੇਲੇ ਉਨਾਂ ਦੀ ਉਮਰ ਸਿਰਫ ਵੀਹ ਸਾਲ ਸੀ।              

                ਕਹਿੰਦੇ ਨੇ ਬੋਹੜ ਹੇਠ ਕੋਈ ਹੋਰ ਬੂਟਾ ਨਾ ਹੀ ਪਣਪ ਸਕਦਾ ਹੈ ਤੇ ਨਾ ਹੀ ਵਿਗਸ ਸਕਦਾ ਹੈ ਪਰ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਵਰਗੇ ਪੰਜਾਬੀ ਸਾਹਿਤ ਦੇ ਬੋਹੜ ਹੇਠ ਇਕ ਨਹੀਂ ਨਵਤੇਜ, ਉਮਾ, ਉਰਮਿਲਾ, ਪ੍ਰਤਿਮਾ, ਹਿਰਦੈਪਾਲ, ਸੁਮੀਤ ਵਰਗੇ ਕਈ ਬੂਟੇ ਨਾ ਕੇਵਲ ਪ੍ਰਵਾਨ ਚੜੇ ਬਲਕਿ ਉਨਾਂ ਆਪਣੀ ਕਲਾ ਤੇ ਦਿਆਨਤਦਾਰੀ ਦੀਆਂ ਮਹਿਕਾਂ ਨਾਲ ਆਪਣਾ ਆਲਾ-ਦੁਆਲਾ ਮਹਿਕਾਇਆ।ਆਪਣੇ ਰੌਸ਼ਨ ਖਿਆਲਾਂ ਨਾਲ ਸਮਾਜ ਰੁਸ਼ਨਾਇਆ।

                ਮੇਰੇ ਤਾਇਆਂ ਜੀ ਸੰਤੋਖ ਸਿੰਘ ਧੀਰ ਪ੍ਰੀਤ ਨਗਰ ਦਾ ਜ਼ਿਕਰ ਅਕਸਰ ਕਰਦੇ, ਕੁੱਝ ਸਮਾਂ ਉਹ ਪ੍ਰੀਤ ਨਗਰ ਰਹੇ ਵੀ, ਉੱਥੇ ਪੱਕਾ ਵੱਸਣ ਦੀ ਵੀ ਰੀਝ ਸੀ ਪਰ ਆਰਥਿਕਤਾ ਨੇ ਉਨਾਂ ਰੀਝ ਪੂਰੀ ਨਾ ਹੋਣ ਦਿੱਤੀ।ਪ੍ਰੀਤ ਨਗਰ ਨਾਲ ਪ੍ਰੀਤ ਤਾਂ ਮੇਰੀ ਬਾਲ ਉਮਰੇ ਬਾਲ ਸੰਦੇਸ਼ ਰਾਹੀਂ ਹੀ ਪੈ ਗਈ ਸੀ ਤੇ ਫੇਰ ਪ੍ਰੀਤ ਲੜੀ ਰਾਂਹੀਂ ਨਿਰੰਤਰ ਜਾਰੀ ਰਹੀ।ਪ੍ਰੀਤ ਨਗਰ ਦੀ ਮਿੱਟੀ ਦੀ ਸੁਗੰਧੀਆਂ ਵਿਚ ਰਚਣ-ਮਿਚਣ ਦਾ ਪਹਿਲੀ ਵਾਰ ਸਬੱਬ ਤਕਰੀਬਨ ਵੀਹ-ਪੰਚੀ ਸਾਲ ਪਹਿਲਾਂ ਪਿਤਾ ਰਿਪੁਦਮਨ ਸਿੰਘ ਰੂਪ,ਭਰਾ ਰੰਜੀਵਨ ਤੇ ਤਾਇਆਂ ਸੰਤੋਖ ਸਿੰਧ ਧੀਰ ਦੇ ਪੁੱਤਰ ਨਵਰੀਤ ਨਾਲ ਬਣਿਆਂ।ਪਹਿਲੀ ਵਾਰ ਉਮਾ ਜੀ, ਹਿਰਦੈਪਾਲ ਹੋਰਾਂ ਨਾਲ ਮੁਲਾਕਾਤ ਹੋਈ।ਉਸ ਵਕਤ ਨਹੀਂ ਸੀ ਪਤਾ ਪੰਜਾਬੀ ਰੰਗਮੰਚ ਦੀ ਪਹਿਲੀ ਸਿਰੜੀ ਤੇ ਹੱਠੀ ਅਭਿਨੇਤਰੀ ਨਾਲ ਮਿਲ ਰਿਹਾਂ ਹਾਂ।ਉਨਾਂ ਦੀ ਮਹਿਮਾਨ ਨਿਵਾਜ਼ੀ ਤੇ ਆਓ ਭਗਤ ਨੇ ਮੰਨ ਮੋਹ ਲਿਆ।

                ਸਰਦਾਰ ਗੁਰਬਖਸ਼ ਸਿੰਘ ‘ਪ੍ਰੀਤ ਲੜੀ’ ਤੇ ਨਾਨਕ ਸਿੰਘ ਦੀਆਂ ਸਮਾਧਾਂ ਨੂੰ ਨਮਨ ਕਰਨ ਤੋਂ ਬਾਅਦ ਪ੍ਰੀਤ ਲੜੀ ਦਾ ਪਹਿਲਾਂ ਛਾਪਾ ਖਾਨਾ ਵੇਖਿਆ ਤੇ ਗੁਰਬਖਸ਼ ਸਿੰਘ-ਨਾਨਕ ਸਿੰਘ ਫਾਊਡੇਸ਼ਨ ਵੀ ਗਏ।ਜਿਥੇ ਆਡੀਟੋਰੀਅਮ, ਓਪਨ ਏਅਰ ਥੀਏਟਰ, ਸੈਮੀਨਾਰ ਹਾਲ ਤੇ ਲੇਖਕਾਂ ਤੇ ਕਲਾਕਾਰਾਂ ਦੇ ਰਹਿਣ ਵਾਸਤੇ ਕੁੱਝ ਕਮਰੇ ਸਨ।ਇਹ ਸਾਰਾ ਸਰਦਾਰ ਗੁਰਬਖਸ਼ ਸਿੰਘ ‘ਪ੍ਰੀਤ ਲੜੀ’ ਹੋਰਾਂ ਦੇ ਪ੍ਰੀਵਾਰ ਨੇ ਬਿਨ੍ਹਾਂ ਸਰਕਾਰੀ ਮਦਦ ਦੇ ਆਪਣੇ ਜਾਂ ਕਲਾ ਪ੍ਰੇਮੀਆਂ ਦੇ ਵਿੱਤੀ ਸਹਿਯੋਗ ਨਾਲ ਨੇਪਰੇ ਚਾੜਿਆ।ਬੇਸ਼ਕ ਕਿਸੇ ਵੀ ਸਰਕਾਰ ਨੇ ਕਦੇ ਵੀ ਇਸ ਸਾਹਿਤਕਾਰਾਂ ਤੇ ਕਲਾਕਰਾਂ ਦੇ ਇਸ ਮੱਕੇ ਦੀ ਸਾਰ ਨਹੀਂ ਲਈ।ਪਰ ਫੇਰ ਵੀ ਸਾਹਿਤਕ, ਰੰਗਮੰਚੀ ਤੇ ਸਭਿਆਚਾਰਕ ਸਰਗਰਮੀਆਂ ਲਗਾਤਾਰ ਹੋ ਰਹੀਆਂ ਹਨ।ਪ੍ਰੀਤ ਨਗਰ ਤੋਂ ਵਿਦਾ ਹੋਣ ਤੱਕ ਸਮਾਂ ਉਮਾ ਜੀ ਤੇ ਹਿਰਦੈਪਾਲ ਜੀ ਸਾਡੇ ਨਾਲ ਰਹੇ।

                ਫੇਰ ਪ੍ਰੀਤ ਨਗਰ ਨਾਟਕ ਵੀ ਕੀਤਾ।ਇਪਟਾ, ਪੰਜਾਬ ਦੀਆਂ ਦੋ ਸੁਬਾਈ ਸਾਮਗਮ ਵੀ।ਇਨਾਂ ਮੌਕਿਆਂ ਉਮਾ  ਜੀ ਤੇ ਹਿਰਦੈਪਾਲ ਹੋਰਾਂ ਨਾਲ ਬਹੁੱਤ ਹੀ ਨੇੜਿਓ ਵਿਚਰਣ ਦਾ ਮੌਕਾ ਮਿਲਿਆ।ਉਨਾਂ ਮੁਤਾਬਿਕ ਇਪਟਾ, ਪੰਜਾਬ ਦੇ ਮੁੱਢਲੇ ਦੌਰ ਵਿਚ ਕਾਫੀ ਸਾਲਾਂ ਤੱਕ ਦਾਰ ਜੀ ਦੀ ਸਰਪ੍ਰਸਤੀ ਹੇਠ ਪ੍ਰੀਤ ਨਗਰ ਵਿਖੇ ਇਪਟਾ ਦੀਆਂ ਸਭਿਆਚਾਰਕ ਤੇ ਰੰਗਮੰਚੀ ਗਤੀਵਿਧੀਆਂ ਤੋਂ ਬਾਅਦ ਹੁਣ ਇਪਟਾ, ਪੰਜਾਬ ਦੀਆਂ ਸਰਗਰਮੀਆਂ ਪ੍ਰੀਤ ਨਗਰ ਵਿਖੇ ਹੀ ਮੁੜ ਸ਼ੂਰੁ ਹੋਣ ਨਾਲ ਜਿਥੇ ਸਾਨੂੰ ਖੁਸ਼ੀ ਤੇ ਤੱਸਲੀ ਹੈ, ਉਥੇ ਹੀ ਦਾਰ ਜੀ ਆਤਮਾ ਨੂੰ ਸਕੂਨ ਮਿਲ ਰਿਹਾ ਹੋਵੇਗਾ।ਇਨਾਂ ਸਮਾਗਮਾਂ ਦੌਰਾਨ ਉਮਾ ਜੀ ਤੇ ਹਿਰਦੈਪਾਲ ਹੋਰਾਂ ਨੇ ਵੱਡੀ ਗਿਣਤੀ ਵਿਚ ਇਪਟਾ ਦੇ ਕਾਰਕੁਨਾ ਤੇ ਕਲਾਕਾਰਾਂ ਦੀ ਨਿੱਕੀ ਤੋਂ ਨਿੱਕੀ ਜ਼ਰੂਰਤ ਦਾ ਖਿਆਲ ਵੀ ਖੁੱਦ ਰੱਖਣਾਂ।

                ਪਿਛਲੇ ਸਾਲ ਦਸੰਬਰ ਦੇ ਅਖੀਰਲੇ ਹਫਤੇ ਇਪਟਾ, ਪੰਜਾਬ ਦੀ ਸੂਬਾਈ ਕਾਨਫਰੰਸ (ਜੋ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪੁਰਬ ਨੂੰ ਸਮਰਪਿਤ ਸੀ) ਦਾ ਆਗ਼ਾਜ਼ ਉਮਾ ਜੀ ਨੇ ਕੀਤਾ।ਬਿਰਧ ਅਵਸਥਾ ਕਾਰਣ ਹਿਰਦੈਪਾਲ ਹੋਰਾਂ ਦੀ ਪਤਨੀ ਪ੍ਰਵੀਨ ਜੀ ਬੜੀ ਮੁਸ਼ਕਿਲ ਨਾਲ ਲੈਕੇ ਆਏ।ਠੰਡ ਬਹੁਤ ਜ਼ਿਆਦਾ ਹੋਣ ਕੁੱਝ ਦੇਰ ਬਾਅਦ ਉਨਾਂ ਨੂੰ ਲੈ ਕੇ ਚੱਲੇ ਗਏ।ਰਾਤ ਨੂੰ ਸਮਾਗਮ ਦੀ ਸਮਾਪਤੀ ਉਪਰੰਤ ਹਿਰਦੈਪਾਲ ਜੀ ਨੇ ਸਵੇਰ ਦਾ ਨਾਸ਼ਤਾ ਘਰ ਇੱਕਠੇ ਕਰਨ ਲਈ ਕਿਹਾ।

                ਦੂਜੇ ਦਿਨ ਰੁਝੇਵੇਂ ਕਰਕੇ ਅਸੀਂ ਜਲਦੀ-ਜਲਦੀ ਤਿਆਰ ਹੋ ਕੇ ਚਾਲੇ ਪਾਅ ਦਿਤੇ।ਹਿਰਦੈਪਾਲ ਜੀ ਦਾ ਫੋਨ ਆਇਆ, ਕਹਿਣ ਲੱਗੇ, “ਕਿਥੇ ਓ?” ਮੈਂ ਕਿਹਾ,“ਅਸੀਂ ਤਾਂ ਜੀ ਅਮ੍ਰਿਤਸਰ ਪਹੁੰਚਣ ਵਾਲੇ ਆਂ।” ਉਨਾਂ ਕਿਹਾ,“ ਨਾਸ਼ਤਾ ਨਹੀਂ ਸੀ ਕਰਨਾ, ਉਮਾਂ ਭੈਣ ਜੀ ਉਡੀਕ ਰਹੇ ਨੇ।” ਮੈਂ ਜਲਦੀ ਆਉਣ ਦੀ ਵਜਹ ਦੱਸ ਕੇ ਮੁਆਫੀ ਮੰਗੀ, ਜਦ ਫੇਰ ਆਏ ਉਮਾਂ ਭੈਣ ਜੀ ਨੂੰ ਘਰ ਆ ਕੇ ਮਿਲਣ ਦਾ ਵਾਅਦਾ ਕੀਤਾ।ਪਰ ਇਹ ਨਹੀ ਸੀ ਪਤਾ ਉਹ ਕਦੇ, ਹੁਣ ਕਦੇ ਵੀ ਨਹੀਂ ਆਉਣੀ।

                ਵੱਧ ਸੰਭਾਵਨਾਵਾਂ ਤੇ ਮੌਕਿਆਂ ਵਿਚ ਤਲਾਸ਼ ਵਿਚ ਮਨੁੱਖ ਹਰ ਵੇਲੇ ਰਹਿੰਦਾ ਹੈ ਪਰ ਉਮਾ ਜੀ ਪ੍ਰੀਤ ਨਗਰ ਦੀ  ਮਿੱਟੀ ਨਾਲ ਮੋਹ ਤੇ ਰੰਗਮੰਚ ਨਾਲ ਇਸ਼ਕ ਕਿਸੇ ਨਾ ਕਿਸੇ ਸ਼ਕਲ ਵਿਚ ਅੰਤਿਮ ਸਾਹਾ ਤੱਕ ਨਿਭਿਆ, ਉਨਾਂ ਲਈ ਨਾ ਕਦੇ ਮਿੱਟੀ ਮਤਰੇਈ ਹੋਈ ਤੇ ਰੰਗਮੰਚ ਓਪਰਾ।ਉਮਾ ਜੀ ਦੀਆਂ ਰੰਗਮੰਚ ਦੇ ਬਿਖੜੇ ਪੰਧ ’ਤੇ ਪਈਆਂ ਨਿੱਘਰ ਪੈੜਾਂ, ਰੰਗਮੰਚ ਦੀਆਂ ਆਉਣ ਵਾਲੀਆਂ ਨਸਲਾਂ ਦੀਆਂ ਰਾਹ ਦਸੇਰਾ ਬਣੀਆਂ ਰਹਿਣਗੀਆਂ।

Leave a Reply

Your email address will not be published. Required fields are marked *