ਸਿੱਖਿਆ ਮੰਤਰੀ ਦੀ ਰਿਹਾਇਸ਼ ਅੱਗੇ ਬੇਰੁਜ਼ਗਾਰ ਅਧਿਆਪਕਾਂ ਦੀ ਖਿੱਚ-ਧੂਹ

ਬਰਨਾਲਾ: ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਰਿਹਾਇਸ਼ ਅੱਗੇ ਪ੍ਰਦਰਸ਼ਨ ਕਰ ਰਹੇ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਦੀ ਪੁਲੀਸ ਵੱਲੋਂ ਖਿੱਚ-ਧੂਹ ਕੀਤੀ ਗਈ। ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪ੍ਰਦਰਸ਼ਨ ਕੀਤੇ ਜਾਣ ਦੇ ਮੱਦੇਨਜ਼ਰ ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਪੁਲੀਸ ਸਿੱਖਿਆ ਮੰਤਰੀ ਰਿਹਾਇਸ਼ ਨੇੜੇ ਲਗਾਈ ਹੋਈ ਸੀ ਤੇ ਰਿਹਾਇਸ਼ ਨੂੰ ਜਾਂਦੀ ਗਲੀ ਅੱਗੇ ਬੈਰੀਕੇਡ ਲਗਾਏ ਹੋਏ ਸਨ ਜਿਉਂ ਹੀ ਬੇਰੁਜ਼ਗਾਰ ਅਧਿਆਪਕਾਂ ਦਾ ਕਾਫਿਲਾ ਬੈਰੀਕੇਡ ਨੇੜੇ ਪਹੁੰਚਿਆਂ ਤਾਂ ਪੁਲੀਸ ਵੱਲੋਂ ਬੇਰੁਜ਼ਗਾਰਾਂ ਦੀ ਖਿੱਚ-ਧੂਹ ਕੀਤੀ ਗਈ ਹਾਲਾਂਕਿ ਅੱਜ ਸਿੱਖਿਆ ਮੰਤਰੀ ਬਰਨਾਲਾ ਵਿੱਚ ਨਹੀਂ ਸਨ। ਇਸ ਤੋਂ ਬਾਅਦ ਬੇਰੁਜ਼ਗਾਰ ਅਧਿਆਪਕ ਬੈਰੀਕੇਡ ਅੱਗੇ ਹੀ ਧਰਨਾ ਲਗਾ ਕੇ ਬੈਠ ਗਏ। ਬੇਰੁਜ਼ਗਾਰ ਬੀਐੱਡ ਅਧਿਆਪਕ ਮੰਗ ਕਰ ਰਹੇ ਹਨ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ 4161 ਆਸਾਮੀਆਂ ਦੇ ਦਿੱਤੇ ਇਸ਼ਤਿਹਾਰ ਵਿੱਚ ਪੋਸਟਾਂ ਦਾ ਵਾਧਾ ਕਰਕੇ ਭਰਤੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਅੱਧੀ ਉਮਰ ਪੜ੍ਹਾਈ ਕਰਦਿਆਂ ਲੰਘਾ ਲਈ ਹੈ ਤੇ ਸਰਕਾਰ ਦੇ ਨਿਯਮਾਂ ਅਨੁਸਾਰ ਅਧਿਆਪਕ ਯੋਗਤਾ ਪ੍ਰੀਖਿਆ ਵੀ ਪਾਸ ਕਰ ਲਈ ਹੈ ਪਰ ਅਜੇ ਵੀ ਸਰਕਾਰ ਰੁਜ਼ਗਾਰ ਦੇਣ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰਾਂ ਦੇ ਸੰਘਰਸ਼ ਦੀ ਬਦੌਲਤ ਪਿਛਲੀ ਸਰਕਾਰ ਨੇ 4161 ਆਸਾਮੀਆਂ ਦਾ ਇਸ਼ਤਿਹਾਰ ਜਾਰੀ ਕਰ ਦਿੱੱਤਾ ਪਰ ਬੇਰੁਜ਼ਗਾਰਾਂ ਦੀ ਗਿਣਤੀ ਅੱਗੇ ਇਹ ਆਸਾਮੀਆਂ ਬਹੁਤ ਥੋੜ੍ਹੀਆਂ ਹਨ, ਜਿਸ ਕਾਰਨ ਉਹ ਪੋਸਟਾਂ ਵਧਾਉਣ ਤੇ ਭਰਤੀ ਪ੍ਰਕਿਰਿਆ ਮੁਕੰਮਲ ਕਰਨ ਦੀ ਮੰਗ ਕਰ ਰਹੇ ਹਨ।

ਇਸ ਮੌਕੇ ਬੇਰੁਜ਼ਗਾਰ ਅਧਿਆਪਕ ਆਗੂ ਸੰਦੀਪ ਗਿੱਲ,ਅਮਨ ਸੇਖਾ,ਰਸ਼ਪਾਲ ਸਿੰਘ ਜਲਾਲਾਬਾਦ, ਬਲਰਾਜ ਸਿੰਘ ਮੌੜ,ਕੁਲਵੰਤ ਸਿੰਘ,ਹਰਮੇਸ਼ ਸਿੰਘ,ਸੁਖਪਾਲ ਖਾਨ,ਸੰਦੀਪ ਸਿੰਘ ਮੋਫ਼ਰ,ਬਲਕਾਰ ਸਿੰਘ ਮਘਾਨੀਆ ਡੀਟੀਐਫ ਦੇ ਸੂਬਾ ਮੀਤ ਪ੍ਰਧਾਨ ਰਾਜੀਵ ਕੁਮਾਰ,ਜਿਲ੍ਹਾ ਆਗੂ ਅੰਮ੍ਰਿਤਪਾਲ,ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਨਜੀਤ ਰਾਜ,ਜਨਰਲ ਸਕੱਤਰ ਕੁਲਵੰਤ ਠੀਕਰੀਵਾਲ ਨੇ ਸੰਬੋਧਨ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਦੀ 9 ਜੂਨ ਨੂੰ ਪੈੱਨਲ ਮੀਟਿੰਗ ਤੈਅ ਕਰਵਾਉਣ ਉਪਰੰਤ ਧਰਨਾ ਚੁੱਕ ਦਿੱਤਾ ਗਿਆ।

Leave a Reply

Your email address will not be published. Required fields are marked *