ਗੁਰੂ ਗੋਬਿੰਦ ਸਿੰਘ ਦੀ ਬਾਣੀ ਤੋੜ ਮਰੋੜ ਕੇ ਪੇਸ਼ ਕਰਨ ’ਤੇ ਅਨੁਪਮ ਖੇਰ ਘਿਰਿਆ

ਚੰਡੀਗੜ੍ਹ/ਨਵੀਂ ਦਿੱਲੀ : ਫਿਲਮ ਅਦਾਕਾਰ ਅਤੇ ਭਾਜਪਾ ਦੀ ਵਿਚਾਰਧਾਰਾ ਦੇ ਕੱਟੜਵਾਦੀ ਸਮਰਥਕ ਅਨੁਪਮ ਖੇਰ ਵੱਲੋਂ ਭਾਜਪਾ ਦੇ ਤਰਜਮਾਨ ਸੰਬਿਤ ਪਾਤਰਾ ਦੇ ਕਸੀਦੇ ਪੜ੍ਹਨ ਲਈ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੇ ਪਾਵਨ ਸ਼ਬਦ ਵਰਤਣ ਕਾਰਨ ਸਿੱਖਾਂ ’ਚ ਰੋਹ ਫੈਲ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਅਨੁਪਮ ਖੇਰ ਨੂੰ ਕਾਨੂੰਨੀ ਨੋਟਿਸ ਭੇਜ ਕੇ ਇਸ ਕੁਤਾਹੀ ਲਈ ਤੁਰੰਤ ਮੁਆਫੀ ਮੰਗਣ ਅਤੇ ਵਿਵਾਦਗ੍ਰਸਤ ਟਵੀਟ ਡਿਲੀਟ ਕਰਨ ਲਈ ਆਖਿਆ ਹੈ। ਜ਼ਿਕਰਯੋਗ ਹੈ ਕਿ ਅਨੁਪਮ ਖੇਰ ਨੇ ਗੁਰੂ ਗੋਬਿੰਦ ਸਿੰਘ ਨਾਲ ਜੁੜੇ ਉਸਤਤ ਦੇ ਦੋਹੇ ‘ਸਵਾ ਲਾਖ ਸੇ ਏਕ ਲੜਾਊਂ’ ਨੂੰ ਤੋੜ ਮਰੋੜ ਕੇ ਇਸ ਨੂੰ ‘ਸਵਾ ਲਾਖ ਸੇ ਏਕ ਭਿੜਾ ਦੂੰ’ ਕਰਦਿਆਂ ਸੰਬਿਤ ਪਾਤਰਾ ਦੀ ਤਸਵੀਰ ਨੱਥੀ ਕੀਤੀ ਸੀ। ਕੁਝ ਆਗੂਆਂ ਨੇ ਅਨੁਪਮ ਦੀ ਪਤਨੀ ਅਤੇ ਭਾਜਪਾ ਦੀ ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਨੂੰ ਪਾਰਟੀ ’ਚੋਂ ਕੱਢਣ ਦੀ ਮੰਗ ਵੀ ਕੀਤੀ ਹੈ।

ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅਨੁਪਮ ਖੇਰ ਦੀ ਸਖ਼ਤ ਆਲੋਚਨਾ ਕੀਤੀ ਹੈ। ਅਨੁਪਮ ਖੇਰ ਵੱਲੋਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਲਈ ਕੀਤੀ ਇਸ ਘਿਣਾਉਣੀ ਹਰਕਤ ਦੇ ਬਾਵਜੂਦ ਭਾਜਪਾ ਨਾਲ ਨਹੁੰ-ਮਾਸ ਦਾ ਰਿਸ਼ਤਾ ਰੱਖਣ ਵਾਲੀ ਭਾਈਵਾਲ ਪਾਰਟੀ ਵੱਲੋਂ ਚੁੱਪ ਵੱਟਣ ’ਤੇ ਸ੍ਰੀ ਰੰਧਾਵਾ ਨੇ ਅਕਾਲੀਆਂ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ,‘‘ਆਖਿਰ ਅਕਾਲੀ ਕਦੋਂ ਤੱਕ ਪੰਜਾਬੀਆਂ ਅਤੇ ਸਿੱਖਾਂ ਦੇ ਨਿਰਾਦਰ ਕਰਨ ਵਾਲਿਆਂ ਦੀ ਸੁਰ ਵਿੱਚ ਸੁਰ ਵਿੱਚ ਮਿਲਾਉਂਦੇ ਰਹਿਣਗੇ। ਸ੍ਰੀ ਖੇਰ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਸਿੱਖਾਂ ਦੇ ਜਜ਼ਬਾਤ ’ਤੇ ਸੱਟ ਮਾਰਨ ਦੀ ਘਟੀਆ ਹਰਕਤ ਕੀਤੀ ਹੈ ਜਿਸ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।’’ ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਲਗਾਤਾਰ ਘੱਟ-ਗਿਣਤੀਆਂ, ਸੰਘੀ ਢਾਂਚੇ ਅਤੇ ਖਾਸ ਤੌਰ ’ਤੇ ਕਿਸਾਨਾਂ ਨੂੰ ਤਬਾਹ ਕਰਨ ’ਤੇ ਤੁਲੀ ਹੋਈ ਹੈ।

ਦਿੱਲੀ ਗੁਰਦੁਆਰਾ ਕਮੇਟੀ ਦੇ ਘੱਟ ਗਿਣਤੀ ਸੈੱਲ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਰਾਹੀਂ ਅਨੁਪਮ ਖੇਰ ਨੂੰ ਨੋਟਿਸ ਪੇਜ ਕੇ ਵਿਵਾਦਗ੍ਰਸਤ ਟਵੀਟ ਤੁਰੰਤ ‘ਡਿਲੀਟ’ ਕਰਨ ਤੇ ਸਿੱਖ ਕੌਮ ਤੋਂ ਮੁਆਫੀ ਮੰਗਣ ਲਈ ਆਖਿਆ ਹੈ। ਕਮੇਟੀ ਮੁਤਾਬਕ ਜੇਕਰ ਅਨੁਪਮ ਖੇਰ ਲਿਖਤੀ ਤੌਰ ’ਤੇ ਸਿੱਖ ਕੌਮ ਤੋਂ ਮੁਆਫੀ ਨਹੀਂ ਮੰਗਦੇ ਤਾਂ ਉਨ੍ਹਾਂ ਖਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *