9 ਵਿਧਾਇਕਾਂ ਸਣੇ ਦੋ ਮੰਤਰੀਆਂ ਤੇ ਮੁੱਖ ਮੰਤਰੀ ਦੇ ਗੜ੍ਹ ’ਚ ‘ਆਪ’ ਦੀ ਹਾਰ ਦੇ ਕਾਰਨ

ਭਗਵੰਤ ਮਾਨ ਵੱਲੋਂ ਕੇਜਰੀ ਦੇ ਇਸ਼ਾਰੇ ’ਤੇ ਪੰਜਾਬ ਸਰਕਾਰ ਚਲਾਉਣ ਦਾ ਪ੍ਰਭਾਵ ਨੇ ਵੀ ਪੰਜਾਬ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ

ਸੰਗਰੂਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਗੜ੍ਹ ਵਜੋਂ ਜਾਣੀ ਜਾਂਦੀ ਸੰਗਰੂਰ ਲੋਕ ਸਭਾ ਸੀਟ ’ਤੇ ਆਮ ਆਦਮੀ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਹਾਰ ਉਦੋਂ ਹੋਰ ਵੀ ਨਾਮੋਸੀ ਭਰੀ ਹੋ ਜਾਂਦੀ ਹੈ ਜਦੋਂ ਲੋਕ ਸਭਾ ਦੇ ਅਧੀਨ ਆਉਣ ਵਾਲੇ 9 ਵਿਧਾਨ ਸਭਾ ਹਲਕਿਆਂ ’ਚ 9 ਵਿਧਾਇਕ ਹੀ ਆਮ ਆਦਮੀ ਪਾਰਟੀ ਦੀ ਹੋਣ, ਜਿਨ੍ਹਾਂ ਵਿਚ ਦੋ ਮੰਤਰੀ ਅਤੇ ਖੁਦ ਮੁੱਖ ਮੰਤਰੀ ਸ਼ਾਮਲ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮਹਿਜ਼ ਤਿੰਨ ਮਹੀਨੇ ਪਹਿਲਾਂ ਪੰਜਾਬ ਦੀਆਂ 117 ਤੋਂ 92 ਵਿਧਾਨ ਸਭਾ ਸੀਟਾਂ ’ਤੇ ਵੱਡੀ ਜਿੱਤ ਦਰਜ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਦੇਸ਼ ਭਰ ਵਿਚੋਂ ਆਪਣੀ ਇਕਲੌਤੀ ਲੋਕ ਸਭਾ ਸੀਟ ਵੀ ਗੁਆਉਣੀ ਪੈ ਗਈ ਹੈ। ਇੱਥੇ 2014 ਅਤੇ 2019 ਵਿਚ ਲਗਾਤਾਰ ਦੋ ਵਾਰ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਚੋਣ ਜਿੱਤ ਚੁੱਕੇ ਹਨ। ਆਮ ਆਦਮੀ ਪਾਰਟੀ ਦੀ ਇਸ ਹਾਰ ਦੇ ਕਈ ਕਾਰਣ ਹਨ ਪਰ ਸੰਗਰੂਰ ਵਿਚ ਜ਼ਿਮਨੀ ਚੋਣ ਹਾਰਣ ਦਾ ਸਭ ਤੋਂ ਵੱਡਾ ਕਾਰਣ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਮੰਨਿਆ ਜਾ ਰਿਹਾ ਹੈ ਕਿਉਂਕਿ ਜਦੋਂ ਪੰਜਾਬ ਸਰਕਾਰ ਵਲੋਂ ਮੂਸੇਵਾਲਾ ਦੀ ਸੁਰੱਖਿਆ ਵਿਚ ਕਟੌਤੀ ਕੀਤੀ ਗਈ ਉਸ ਤੋਂ ਮਹਿਜ਼ ਦੋ ਦਿਨ ਬਾਅਦ ਹੀ ਗੈਂਗਸਟਰਾਂ ਵਲੋਂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ।

ਆਮ ਆਦਮੀ ਪਾਰਟੀ ਦੀ ਹਾਰ ਦੇ ਮੁੱਖ ਕਾਰਨ
ਸਿੱਧੂ ਮੂਸੇਵਾਲਾ ਦਾ ਕਤਲ

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੈਦਾ ਹੋਏ ਹਾਲਾਤ ਨੂੰ ਆਮ ਆਦਮੀ ਪਾਰਟੀ ਦੀ ਹਾਰ ਦਾ ਮੁੱਖ ਕਾਰਣ ਮੰਨਿਆ ਜਾ ਰਿਹਾ ਹੈ ਕਿਉਂਕਿ ਸਿੱਧੂ ਮੂਸੇਵਾਲਾ ਦੇ ਵੱਡੀ ਗਿਣਤੀ ਵਿਚ ਨੌਜਵਾਨ ਫੈਨ ਹਨ ਅਤੇ ਇਸ ਘਟਨਾ ਤੋਂ ਬਾਅਦ ਸਰਕਾਰ ਪ੍ਰਤੀ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੂਸੇਵਾਲਾ ਦਾ ਕਤਲ ਕਾਰਣ ਸਰਕਾਰ ਵਲੋਂ ਘਟਾਈ ਗਈ ਸੁਰੱਖਿਆ ਨੂੰ ਮੰਨਿਆ ਜਾ ਰਿਹਾ ਹੈ ਕਿਉਂਕਿ ਜਦੋਂ ਸਰਕਾਰ ਨੇ ਮੂਸੇਵਾਲਾ ਦੀ ਸੁਰੱਖਿਆ ਘਟਾਈ ਤਾਂ ਇਸ ਦੀ ਜਾਣਕਾਰੀ ਜਨਤਕ ਕਰ ਦਿੱਤੀ ਗਈ, ਜਿਸ ਤੋਂ ਦੋ ਦਿਨ ਬਾਅਦ ਹੀ ਉਸ ਦਾ ਕਤਲ ਹੋ ਗਿਆ। ਇਸ ਕਤਲ ਨੂੰ ਸਰਕਾਰ ਦੀ ਨਾਕਾਮੀ ਵਜੋਂ ਦੇਖਿਆ ਗਿਆ, ਜਿਸ ਦਾ ਖਾਮਿਆਜ਼ਾ ਆਮ ਆਦਮੀ ਪਾਰਟੀ ਨੂੰ ਆਪਣੇ ਮੁੱਖ ਮੰਤਰੀ ਦੇ ਗੜ੍ਹ ਵਿਚ ਮਿਲੀ ਹਾਰ ਤੋਂ ਭਰਨਾ ਪਿਆ ਹੈ।

ਬੇਅਦਬੀ ਦੇ ਮਾਮਲੇ ’ਤੇ ਨਹੀਂ ਹੋਈ ਕੋਈ ਕਾਰਵਾਈ
ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਖਿਆ ਸੀ ਕਿ ਬੇਅਦਬੀ ਦੇ ਸਾਰੇ ਸਬੂਤ ਹਨ ਫਿਰ ਸਰਕਾਰ (ਉਸ ਸਮੇਂ ਦੀ) ਕਾਰਵਾਈ ਕਿਉਂ ਨਹੀਂ ਕਰਦੀ। ਕੇਜਰੀਵਾਲ ਨੇ ਕਿਹਾ ਸੀ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਉਂਦੀ ਹੈ ਤਾਂ 15 ਦਿਨਾਂ ਵਿਚ ਬੇਅਦਬੀ ਦੇ ਮੁਲਜ਼ਮਾਂ ਨੂੰ ਬੇਨਕਾਬ ਕਰਕੇ ਸਲਾਖਾਂ ਪਿੱਛੇ ਕੀਤਾ ਜਾਵੇਗਾ ਪਰ ਸੱਤਾ ਵਿਚ ਆਉਣ ਦੇ ਤਿੰਨ ਮਹੀਨੇ ਬਾਅਦ ਵੀ ਬੇਅਦਬੀ ਮਾਮਲੇ ਵਿਚ ਆਮ ਆਦਮੀ ਪਾਰਟੀ ਕੋਈ ਵੱਡਾ ਕਦਮ ਨਹੀਂ ਚੁੱਕ ਸਕੀ, ਇਸ ਕਾਰਣ ਵੀ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਜੇਲ੍ਹ ਅੰਦਰ ਡੱਕੀ ਰੱਖਣ ਦੀ ਕੇਜਰੀਵਾਲ ਦੀ ਜਿੱਦ ਵੀ ਇੱਕ ਖਾਸ ਫੈਕਟਰ ਰਿਹਾ।

ਨਸ਼ਿਆਂ ਦੇ ਚੱਲਦੇ ਰੋਜ਼ਾਨਾਂ ਹੋ ਰਹੀਆਂ ਮੌਤਾਂ ਕਾਰਣ ਭਾਰੀ ਰੋਸ
ਵਿਧਾਨ ਸਭਾ ਚੋਣਾਂ ਸਮੇਂ ਆਮ ਆਦਮੀ ਪਾਰਟੀ ਨੇ ਨਸ਼ਿਆਂ ਨੂੰ ਮੁੱਦਾ ਬਣਾ ਕੇ ਇਸ ’ਤੇ ਸਖ਼ਤੀ ਨਾਲ ਕਾਰਵਾਈ ਕਰਨ ਦਾ ਦਾਅਵਾ ਕੀਤਾ ਸੀ ਪਰ ਸਰਕਾਰ ਬਣਨ ਦੇ ਬਾਵਜੂਦ ਸਰਕਾਰ ਨਸ਼ਿਆਂ ਦੇ ਵੱਡੇ ਸੌਦਾਗਰਾਂ ਨੂੰ ਨੱਥ ਪਾਉਣ ਵਿਚ ਨਾਕਾਮ ਰਹੀ ਹੈ। ਨਸ਼ੇ ਕਾਰਣ ਰੋਜ਼ਾਨਾ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਨਸ਼ੇ ਦਾ ਕਹਿਰ ਪੰਜਾਬ ਵਿਚ ਇਸ ਕਦਰ ਚੱਲ ਰਿਹਾ ਹੈ ਕਿ ਕੋਈ ਵੀ ਦਿਨ ਅਜਿਹਾ ਨਹੀਂ ਹੁੰਦਾ ਜਦੋਂ ਓਵਰਡੋਜ਼ ਕਾਰਣ ਕਿਸੇ ਨੌਜਵਾਨ ਦੀ ਮੌਤ ਨਾ ਹੋਈ ਹੋਵੇ। ਜਨਤਾ ਦਾ ਦੋਸ਼ ਹੈ ਕਿ ਸਰਕਾਰ ਨੇ ਵਾਅਦੇ ਤਾਂ ਵੱਡੇ ਵੱਡੇ ਕੀਤੇ ਪਰ ਇਨ੍ਹਾਂ ’ਤੇ ਅਮਲ ਨਹੀਂ ਕਰ ਸਕੀ। ਜਿਸ ਕਾਰਣ ਆਏ ਦਿਨ ਘਰਾਂ ਦੇ ਘਰ ਉੱਜੜ ਰਹੇ ਹਨ।

ਭਗਵੰਤ ਮਾਨ ਵੱਲੋਂ ਕੇਜਰੀ ਦੇ ਇਸ਼ਾਰੇ ’ਤੇ ਪੰਜਾਬ ਸਰਕਾਰ ਚਲਾਉਣ ਦਾ ਪ੍ਰਭਾਵ ਨੇ ਵੀ ਪੰਜਾਬ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ

ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਕਾਰਣ ਜਨਤਾ ’ਚ ਭਾਰੀ ਰੋਸ
ਸੰਦੀਪ ਨੰਗਲ ਅੰਬੀਆਂ, ਪਟਿਆਲਾ ਧਾਰਮਿਕ ਹਿੰਸਾ, ਸਿੱਧੂ ਮੂਸੇਵਾਲਾ ਕਤਲ ਕਾਂਡ ਜਿਹੀਆਂ ਅਜਿਹੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਜਿਸ ਕਾਰਣ ਜਨਤਾ ਵਿਚ ਸਰਕਾਰ ਪ੍ਰਤੀ ਰੋਸ ਵੱਧਦਾ ਗਿਆ। ਇਸ ਤੋਂ ਇਲਾਵਾ ਪੰਜਾਬ ਵਿਚ ਲਗਾਤਾਰ ਹੋ ਰਹੇ ਕਤਲੇਆਮ, ਲੁੱਟ-ਖੋਹ,  ਡਕੈਤੀ ਵਰਗੀਆਂ ਘਟਨਾਵਾਂ ਨੇ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਨੂੰ ਵੱਡੀ ਢਾਹ ਲਗਾਈ ਅਤੇ ਲੋਕਾਂ ਵਿਚ ਪੈਦਾ ਹੋਇਆ ਡਰ ਦਾ ਮਾਹੌਲ ਵੀ ਆਮ ਆਦਮੀ ਪਾਰਟੀ ਦੇ ਉਲਟ ਭੁਗਤਿਆ।

ਮੁਫਤ ਬਿਜਲੀ ’ਤੇ ਲਗਾਈਆਂ ਸ਼ਰਤਾਂ ਕਾਰਣ ਜਨਤਾ ਦੀ ਨਾਰਾਜ਼ਗੀ
ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਕਿਹਾ ਸੀ ਕਿ ਹਰ ਘਰ ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ। ਲੋਕ ਇਸ ਨੂੰ ਸਿੱਧੀ ਸਕੀਮ ਸਮਝਦੇ ਰਹੇ ਪਰ ਸਰਕਾਰ ਬਣਦਿਆਂ ਹੀ ‘ਆਪ’ ਨੇ ਸ਼ਰਤਾਂ ਲਗਾ ਦਿੱਤੀਆਂ। ਜਿਸ ਵਿਚ ਇਨਕਮ ਟੈਕਸ, ਐੱਸ. ਸੀ. ਅਤੇ ਜਨਰਲ ਕੈਟਾਗਰੀ ਵਰਗੀਆਂ ਕਈ ਸ਼ਰਤਾਂ ਨੂੰ ਜੋੜ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਇਹ ਵਾਅਦਾ 1 ਜੁਲਾਈ ਤੋਂ ਪੂਰਾ ਕਰਨ ਦੀ ਗੱਲ ਵੀ ਕਹੀ ਗਈ।

ਔਰਤਾਂ ਨਾਲ ਕੀਤਾ ਵਾਅਦਾ ਨਹੀਂ ਹੋਇਆ ਪੂਰਾ
ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਸੀ। ਇਸ ਲਈ ਆਮ ਆਦਮੀ ਪਾਰਟੀ ਨੇ ਬਕਾਇਦਾ ਵੱਡੇ ਪੱਧਰ ’ਤੇ ਔਰਤਾਂ ਤੋਂ ਫਾਰਮ ਵੀ ਭਰਵਾਏ ਸਨ। ਜਦੋਂ ਸਰਕਾਰ ਬਣੀ ਤਾਂ ‘ਆਪ’ ਦੇ ਵਿਧਾਇਕ ਕਹਿਣ ਲੱਗੇ ਕਿ ਖ਼ਜ਼ਾਨੇ ਵਿਚ ਪੈਸਾ ਨਹੀਂ ਹੈ।

ਰਾਜ ਸਭਾ ਮੈਂਬਰਾਂ ਦਾ ਮੁੱਦਾ
ਪੰਜਾਬ ’ਚ 117 ’ਚੋਂ 92 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰ ਬਣਨੇ ਸਨ। ਆਮ ਆਦਮੀ ਪਾਰਟੀ ਵਲੋਂ ਸਭ ਤੋਂ ਪਹਿਲਾਂ 5 ਮੈਂਬਰ ਰਾਜ ਸਭਾ ਭੇਜੇ ਗਏ ਅਤੇ ਇਹ ਪੰਜੇ ਰਾਜ ਸਭਾ ਮੈਂਬਰ ਵਿਵਾਦਾਂ ਵਿਚ ਆ ਗਏ। ਆਮ ਆਦਮੀ ਪਾਰਟੀ ਵਲੋਂ ਰਾਘਵ ਚੱਢਾ, ਡਾ, ਸੰਦੀਪ ਪਾਠਕ, ਹਰਭਜਨ ਸਿੰਘ, ਕਾਰੋਬਾਰੀ ਸੰਜੀਵ ਅਰੋੜਾ ਅਤੇ ਅਸ਼ੋਕ ਮਿੱਤਲ ਨੂੰ ਰਾਜ ਸਭਾ ਭੇਜਿਆ ਗਿਆ। ਇਨ੍ਹਾਂ ਰਾਜ ਸਭਾ ਮੈਂਬਰਾਂ ਨੂੰ ਲੈ ਕੇ ਪੰਜਾਬ ਵਿਚ ਵੱਡਾ ਵਿਵਾਦ ਖੜ੍ਹਾ ਹੋਇਆ। ਭਾਵੇਂ ‘ਆਪ’ ਨੇ ਦੂਜੀ ਵਾਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮਜੀਤ ਸਿੰਘ ਨੂੰ ਰਾਜ ਸਭਾ ਭੇਜ ਕੇ ਮੌਕਾ ਸਾਂਭਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਇਸ ’ਤੇ ਕੁੱਝ ਖਾਸੀ ਤਸੱਲੀ ਨਹੀਂ ਪ੍ਰਗਟਾਈ।

 

Leave a Reply

Your email address will not be published. Required fields are marked *