‘ਸ਼ਾਮ ਦੀ ਸ਼ਾਖ ’ਤੇ, ਸੁਹਜ ਅਤੇ ਚਿੰਤਨ ਦਾ ਸੁਮੇਲ-ਰਾਜਵੰਤ ਰਾਜ

ਹੇਵਰਡ: ਬੀਤੇ ਦਿਨੀਂ ਵਿਪਸਾ ਵਲੋਂ ਨਿਊਵਾਰਕ ਦੇ ਮਹਿਰਾਨ ਰੈਸਟੋਰੈਂਟ ਵਿਚ ਡਾ. ਸੁਖਵਿੰਦਰ ਕੰਬੋਜ ਦੀ ਪ੍ਰਧਾਨਗੀ ਹੇਠ ਅਯੋਜਿਤ ਇਕ ਸ਼ਾਨਦਾਰ ਸਾਹਿਤਕ ਸਮਾਗਮ ਵਿੱਚ ਵਿਪਸਾ ਦੇ ਜਨਰਲ ਸਕੱਤਰ ਸ਼ਾਇਰ ਕੁਲਵਿੰਦਰ ਦਾ ਤੀਜਾ ਗ਼ਜ਼ਲ ਸੰਗ੍ਰਹਿ ‘ਸ਼ਾਮ ਦੀ ਸ਼ਾਖ਼ ’ਤੇ ਲੋਕ ਅਰਪਣ ਕੀਤਾ ਗਿਆ। ਸਭ ਤੋਂ ਪਹਿਲਾਂ ਡਾ. ਸੁਖਵਿੰਦਰ ਕੰਬੋਜ ਨੇ ਸਭ ਨੂੰ ਜੀ ਆਇਆਂ ਆਖਿਆ। ਲਾਜ ਨੀਲਮ ਸੈਣੀ ਨੇ ਸਟੇਜ ਦਾ ਕਾਜ-ਭਾਰ ਸੰਭਾਲਦੇ ਪ੍ਰਧਾਨਗੀ ਮੰਡਲ ਵਿਚ ਸ਼ਾਇਰ ਜਸਵਿੰਦਰ ਕੈਨੇਡਾ, ਸੁਰਜੀਤ ਸਖੀ, ਡਾ. ਸੁਖਵਿੰਦਰ ਕੰਬੋਜ, ਡਾ. ਗੁਰਪ੍ਰੀਤ ਧੁੱਗਾ ਅਤੇ ਐਸ ਅਸ਼ੋਕ ਭੌਰਾ ਨੂੰ ਪ੍ਰਧਾਨਗੀ ਮੰਡਲ ਵਿਚ ਸ਼ਸ਼ੋਭਿਤ ਕਰਨ ਉਪਰੰਤ ਕੁਲਵਿੰਦਰ ਦੇ ਸ਼ਿਅਰ, ‘ਮੈਂ ਨਹੀਂ ਸੂਰਜ ਕਿ ਹਰ ਇਕ ਸ਼ਾਮ ਨੂੰ ਢਲਦਾ ਰਹਾਂਗਾ। ਮੈਂ ਬੜਾ ਨਿੱਕਾ ਜਿਹਾ ਦੀਵਾ ਹਾਂ ਪਰ ਬਲਦਾ ਰਹਾਂਗਾ।’ ਨੂੰ ਰੂਪਮਾਨ ਕਰਦੇ ਹੋਏ ਦੀਵਾ ਜਗਾ ਕਿ ਇਸ ਸਮਾਗਮ ਦਾ ਆਗਾਜ਼ ਕਰਨ ਲਈ ਕੁਲਵਿੰਦਰ ਨੂੰ ਦਰਸ਼ਕਾਂ ਦੇ ਰੂ ਬ ਰੂ ਕੀਤਾ।

ਕੁਲਵਿੰਦਰ ਨੇ ਸਭ ਨੂੰ ਜੀਅ ਆਇਆਂ ਕਹਿੰਦੇ ਹੋਏ, ਗ਼ਜ਼ਲ ਮੰਚ ਸਰੀ ਤੋਂ ਉਚੇਚੇ ਤੌਰ ਤੇ ਪੁੱਜੇ ਪ੍ਰਸਿੱਧ ਗ਼ਜ਼ਲਕਾਰ ਜਸਵਿੰਦਰ, ਰਾਜਵੰਤ ਰਾਜ, ਦਵਿੰਦਰ ਗੌਤਮ ਅਤੇ ਪ੍ਰੀਤ ਮਨਪ੍ਰੀਤ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਸ ਨੇ ਹੋਰ ਕਿਹਾ ਕਿ ਇਹ ਗ਼ਜ਼ਲ ਸੰਗ੍ਰਹਿ ਉਸਦੀ ਤੇਰਾਂ ਸਾਲ ਦੀ ਸਾਧਨਾ ਹੈ। ਇਸ ਅਰਸੇ ਵਿਚ ਉਸਨੇ ਕਈ ਬਹਾਰਾਂ ਅਤੇ ਪੱਤਝੜਾਂ ਹੰਢਾਈਆਂ ਪਰ ਉਸਦੀ ਕਲਮ ਨੂੰ ਪੱਤਝੜ ਹੀ ਰਾਸ ਆਈ।

ਇਸ ਉਪਰੰਤ ਸੁਖਦੇਵ ਸਾਹਿਲ ਨੇ ਪੁਸਤਕ ਵਿਚੋਂ ਦੋ ਗ਼ਜ਼ਲਾਂ ਦਾ ਗਾਇਨ ਕਰਕੇ ਸਮੁੱਚੀ ਕਾਇਨਾਤ ਨੂੰ ਝੂਮਣ ਲਗਾ ਦਿੱਤਾ।

ਮੁੱਖ ਮਹਿਮਾਨ ਜਸਵਿੰਦਰ, ਰਾਜਵੰਤ ਰਾਜ, ਪ੍ਰੀਤ ਮਨਪ੍ਰੀਤ, ਦਵਿੰਦਰ ਗੌਤਮ ਅਤੇ ਸਮੂਹ ਪ੍ਰਧਾਨਗੀ ਮੰਡਲ ਨੇ ਪੁਸਤਕ ਲੋਕ ਅਰਪਣ ਕੀਤੀ।

ਪੁਸਤਕ ਵਿਚਾਰ ਚਰਚਾ ਵਿਚ ਸਭ ਤੋਂ ਪਹਿਲਾ ਪਰਚਾ ਹਰਜਿੰਦਰ ਕੰਗ ਨੇ ਬੜੇ ਭਾਵ ਪੂਰਤ ਢੰਗ ਨਾਲ਼ ਪੇਸ਼ ਕਰਦੇ ਕਿਹਾ ਕਿ ਗ਼ਜ਼ਲ ਦੀ ਆਖਰੀ ਤਹਿ ਤੀਕ ਲਹਿਣ ਦੀ ਪਿਆਸ ਲੈ ਕੇ ਸ਼ਾਇਰ ‘ਬਿਰਖਾਂ ਅੰਦਰ ਉੱਗੇ ਖੰਡਰ’ ਅਤੇ ‘ਨੀਲੀਆਂ ਲਾਟਾਂ ਦੇ ਸੇਕ’ ਦੇ ਪੜਾਵਾਂ ਵਿਚੋਂ ਗੁਜ਼ਰ ਕੇ ‘ਸ਼ਾਮ ਦੀ ਸ਼ਾਖ਼ ’ਤੇ’ ਦੇ ਅਗਲੇ ਪੜਾਅ ’ਤੇ ਪੁੱਜਦਾ ਹੈ। ਪੜਾਅ ਦਰ ਪੜਾਅ ਪਿਆਸ ਦਾ ਇਹ ਸਫ਼ਰ ਹੋਰ ਵੀ ਸੂਖਮ ਤੇ ਸੰਵੇਦਨਸ਼ੀਲ ਹੋਇਆ ਹੈ। ਪਿਆਸ, ਰੇਤ ਤੇ ਪਾਣੀ ਦੀ ਇਹ ਯੁਗਾਂਤਰੀ ਕਹਾਣੀ ਕੁਲਵਿੰਦਰ ਦੇ ਸ਼ਿਅਰਾਂ ’ਚ ਵਾਰ-ਵਾਰ ਸੁਣਾਈ ਦਿੰਦੀ ਹੈ ਅਤੇ ਇਹ ਧੁਨੀ ਅੰਤਹੀਣ ਹੈ। ਰਾਜਵੰਤ ਰਾਜ ਨੇ ਕਿਹਾ ਕਿ ‘ਸ਼ਾਮ ਦੀ ਸ਼ਾਖ਼ ’ਤੇ, ਸੁਹਜ ਅਤੇ ਚਿੰਤਨ ਦਾ ਸੁਮੇਲ ਹੈ। ਇਸ ਪੁਸਤਕ ਦੀ ਸ਼ਾਇਰੀ ਨਿੱਜ ਤੋਂ ਨਿਕਲ ਕੇ ਬ੍ਰਹਿਮੰਡ ਤੋਂ ਪਾਰ ਚਲੀ ਜਾਂਦੀ ਹੈ:

ਮੈਂ ਇਕੱਲਾ ਹੀ ਸਫ਼ਰ ਵਿਚ ਹਾਂ, ਨਹੀਂ ਇਉਂ ਤਾਂ ਨਹੀਂ

ਚੱਲ ਰਹੇ ਨੇ ਲੱਖਾਂ ਹੀ ਬ੍ਰਹਿਮੰਡ ਮੇਰੇ ਨਾਲ ਨਾਲ

ਦਵਿੰਦਰ ਗੌਤਮ ਨੇ ਕਿਹਾ ਕਿ ਇਹ ਪੁਸਤਕ ਆਪਣੇ ਆਪ ਵਿਚ ਇਕ ਪ੍ਰਯੋਗਸ਼ਾਲਾ ਹੈ। ਸ਼ਿਅਰਾਂ ਦੇ ਬਹੁ ਅਰਥੀ ਤੇ ਬਹੁ ਪਰਤੀ ਹੋਣ ਦੇ ਨਾਲ਼ ਨਾਲ਼ ਨਵੀਨ ਸ਼ੈਲੀ ਪਾਠਕ ਦੀ ਚੇਤਨਾ ਨੂੰ ਝੰਜੋੜਦੀ ਹੈ। ਪ੍ਰੀਤ ਮਨਪ੍ਰੀਤ ਨੇ ਕਿਹਾ ਕਿ ਪੁਸਤਕ ਵਿਚ ਕੁਦਰਤੀ ਬਿੰਬਾਂ ਅਤੇ ਧਰਾਤਲ ਦੇ ਦ੍ਰਿਸ਼ ਇਕ ਫਿਲਮ ਦੀ ਤਰ੍ਹਾਂ ਚੱਲ ਰਹੇ ਲੱਗਦੇ ਹਨ ਅਤੇ ਹਰ ਸ਼ਿਅਰ ਬਹੁ ਪਰਤੀ ਅਤੇ ਬਹੁ ਅਰਥੀ ਹੋ ਨਿੱਬੜਦਾ ਹੈ। ਡਾ. ਸੁਖਵਿੰਦਰ ਕੰਬੋਜ ਨੇ ਆਪਣੇ ਪੇਪਰ ਤੋਂ ਪਹਿਲਾਂ ਪ੍ਰੋ. ਸੁਰਜੀਤ ਜੱਜ ਦੇ ਪੇਪਰ ਦੀਆਂ ਕੁਝ ਸਤਰਾਂ

ਪੜ੍ਹੀਆਂ। ਉਨ੍ਹਾਂ ਆਪਣੇ ਪਰਚੇ ਵਿਚ ਕਿਹਾ ਕਿ ਕੁਲਵਿੰਦਰ ਦਾ ਨਾਮ ਪੰਜਾਬੀ ਗ਼ਜ਼ਲ ਦੇ ਪੋਟਿਆਂ ’ਤੇ ਗਿਣੇ ਜਾਣ ਵਾਲੇ ਸ਼ਾਇਰਾਂ ਵਿਚ ਸ਼ੁਮਾਰ ਹੈ। ਇਸ ਪੁਸਤਕ ਵਿਚਲੇ ਸ਼ਿਅਰ ਵੱਖ-ਵੱਖ ਰਾਹਾਂ ਅਤੇ ਦਿਸ਼ਾਵਾਂ ਸਿਰਜਦੇ ਸੰਵੇਦਨਸ਼ੀਲਤਾ ਨਾਲ਼ ਪਾਠਕਾਂ ਦੇ ਸਨਮੁੱਖ ਹੁੰਦੇ ਹਨ:

ਤੇਰੇ ਸ਼ਹਿਰ ’ਚ ਮਰਨ ਪਰਿੰਦੇ ਖਾ ਕੇ ਸ਼ਾਹੀ ਭੋਜਨ

ਮੇਰੇ ਪਿੰਡ ’ਚ ਬੋਟ ਹਮੇਸ਼ਾਂ ਮਰਦੇ ਭੁੱਖਾਂ ਨਾਲ

ਇਸ ਤੋਂ ਇਲਾਵਾ ਅਮਰਜੀਤ ਕੌਰ ਪੰਨੂ, ਸੁਰਜੀਤ ਸਖੀ ਅਤੇ ਸੁਰਿੰਦਰ ਸੀਰਤ ਨੇ ਵੀ ਪੁਸਤਕ ਦੀ ਭਰਪੂਰ ਸ਼ਲਾਘਾ ਕੀਤੀ। ਗ਼ਜ਼ਲ ਮੰਚ ਸਰੀ ਵਲੋਂ ਕੁਲਵਿੰਦਰ ਦਾ ਸਨਮਾਨ ਕੀਤਾ ਗਿਆ।

ਵਿਪਸਾ ਵਲੋਂ ਗ਼ਜ਼ਲ ਮੰਚ ਸਰੀ ਦੇ ਸਾਰੇ ਪ੍ਰਤੀਨਿਧ ਸ਼ਾਇਰਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ।

ਪ੍ਰੋਗਰਾਮ ਦਾ ਮੁਲਾਂਕਣ ਕਰਦਿਆਂ ਮੁੱਖ ਮਹਿਮਾਨ ਜਸਵਿੰਦਰ ਨੇ ਹਰ ਬੁਲਾਰੇ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਕੁਲਵਿੰਦਰ ਦੀ ਸ਼ਾਇਰੀ ਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਉਸਨੇ ਭੂਗੋਲਿਕ ਆਲ਼ੇ ਦੁਆਲੇ ਅਤੇ ਪੰਜਾਬੀ ਰਹਿਤਲ ’ਚੋਂ ਲਏ ਬਿੰਬਾਂ ਨੂੰ ਸੱਜਰੇ ਸੰਦਰਭ ’ਚ ਇਸ ਤਰ੍ਹਾਂ ਪੇਸ਼ ਕੀਤਾ ਹੈ ਕਿ ਅਮੂਰਤ ਵਰਤਾਰੇ ਵੀ ਵਜੂਦ ਧਾਰਕੇ ਸਜੀਵ ਹੋ ਜਾਂਦੇ ਹਨ-

‘ਕਿਤੇ ਨੀਲੀ ਝੀਲ ਵਿਚ ਸੂਰਜ ਸਿਰ ਭਾਰ ਡਿੱਗਦਾ ਹੈ, ਕਿਤੇ ਸੂਰਜ ਮੁਸਾਫ਼ਿਰ ਦਾ ਮੁਕਟ ਬਣ ਕੇ ਉਸ ਨੂੰ ਥਲ ਤੋਂ ਪਾਰ ਲੈ ਜਾਂਦਾ ਹੈ, ਕਿਤੇ ਦਰਦ ਦੀ ਵਾਦੀ ’ਚ ਢਲਦੀ ਸ਼ਾਮ ਮਹਿਕ ਉੱਠਦੀ ਹੈ ਅਤੇ ਕਿਤੇ ਸ਼ਾਮ ਦੀ ਸ਼ਾਖ਼ ’ਤੇ ਫੁੱਲਾਂ ਦਾ ਨਗਰ ਬਲ ਰਿਹਾ ਹੁੰਦਾ ਹੈ।

ਦੂਜੇ ਸੈਸ਼ਨ ਵਿਚ, ਕੁਲਵਿੰਦਰ ਅਤੇ ਜਸਵਿੰਦਰ ਦੇ ਲਿਖੇ ਦੋਹੇ ਸੀ ਡੀ ਦੇ ਰੂਪ ਵਿਚ ਅਵਤਾਰਾ ਲਾਖਾ ਅਤੇ ਪ੍ਰਧਾਨਗੀ ਮੰਡਲ ਨੇ ਲੋਕ ਅਰਪਣ ਕੀਤੇ ਗਏ। ਰਾਜਵੰਤ ਰਾਜ ਨੇ ਆਪਣੀਆਂ ਗ਼ਜ਼ਲਾਂ ਨਾਲ਼ ਵਾਹ ਵਾਹ ਖੱਟੀ। ਮਿਸ਼ੀਗਨ ਤੋਂ ਆਈ ਸ਼ਾਇਰਾ ਜਗਦੀਪ ਬਰਾੜ ਨੇ ਖ਼ੂਬਸੂਰਤ ਕਵਿਤਾ ‘ਚਾਨਣ ਦੀ ਪੂਣੀ’ ਪੇਸ਼ ਕੀਤੀ ਅਤੇ ਸੁਖਦੇਵ ਸਾਹਿਲ ਵਲੋਂ ਦੁਬਾਰਾ ਸਜਾਈ ਸੰਗੀਤ ਮਹਿਫ਼ਲ ਵਿਚ ਜਸਵਿੰਦਰ ਦੀ ਗ਼ਜ਼ਲ, ਲੋਕ ਅਰਪਣ ਕੀਤੇ ਦੋਹੇ ਅਤੇ ਹੋਰ ਸੂਫ਼ੀ ਰੰਗ ਬੰਨ੍ਹ ਕੇ ਸੰਗੀਤ ਪ੍ਰੇਮੀਆਂ ਨੂੰ ਗਈ ਰਾਤ ਤੱਕ ਨਾਲ ਜੋੜੀ ਰੱਖਿਆ। ਸਮਾਗਮ ਦੌਰਾਨ ਕੁਝ ਹੋਰ ਨਵੀਆਂ ਪੁਸਤਕਾਂ; ਹਰਦੀਪ ਗਰੇਵਾਲ ਦਾ ਨਾਵਲ ‘ਰਾਧਿਕਾ’, ਹਰਦਮ ਮਾਨ ਦਾ ਗ਼ਜ਼ਲ ਸੰਗ੍ਰਹਿ ‘ਸ਼ੀਸ਼ੇ ਦੇ ਅੱਖਰ’ ਅਨੂਬਾਲਾ ਦਾ ਗ਼ਜ਼ਲ ਸੰਗ੍ਰਹਿ ‘ਕੱਚ ਦਾ ਅੰਬਰ’ ਅਤੇ ਬਿਕਰਮ ਸੋਹੀ ਦਾ ਕਾਵਿ ਸੰਗ੍ਰਹਿ ‘ਸਰਦਲਾਂ’ ਵੀ ਲੋਕ ਅਰਪਣ ਕੀਤੀਆਂ ਗਈਆਂ। ਵਿਪਸਾ ਦੇ ਆਰਗੇਨਾਈਜ਼ਰ ਜਗਜੀਤ ਨੌਸ਼ਿਹਰਵੀ ਨੇ ਪੂਰੇ ਸਮਾਗਮ ਨੂੰ ਆਰਗੇਨਾਈਜ਼ ਕਰਦਿਆਂ, ਮੀਡੀਆ ਦੀ ਜ਼ਿੰਮੇਵਾਰੀ ਨਿਭਾਈ। ਸਮਾਗਮ ਦੇ ਅੰਤ ਵਿਚ ਦੂਰੋਂ ਨੇੜਿਓਂ ਚੱਲ ਕੇ ਸੁਖਪਾਲ ਸੰਘੇੜਾ, ਸੁਰਿੰਦਰ ਧਨੋਆ, ਜਸਵਿੰਦਰ ਧਨੋਆ, ਪਰਮਪਾਲ ਸਿੰਘ, ਦਰਸ਼ਨ ਔਜਲਾ, ਹਰਜੀਤ ਜੀਤੀ, ਆਸ਼ਾ ਸ਼ਰਮਾ, ਹਰਜੀਤ ਹਠੂਰ, ਕੁਲਵੰਤ ਸੇਖੋਂ, ਮਨਦੀਪ ਗੋਰਾ, ਸੰਤੋਖ ਮਿਨਹਾਸ, ਅਵਤਾਰ ਗੌਂਦਾਰਾ, ਸਰਪੰਚ ਮਹਿੰਗਾ ਸਿੰਘ, ਪਰਮਜੀਤ ਸਿੰਘ, ਪ੍ਰੋ. ਸੁਖਦੇਵ ਸਿੰਘ, ਪ੍ਰੋ. ਬਲਜਿੰਦਰ ਸਿੰਘ, ਲਾਲੀ, ਜਸਵੰਤ ਸਰਾਂ, ਅਵਤਾਰ ਲਾਖਾ, ਜਗਤਾਰ ਗਿੱਲ, ਬਲਬੀਰ ਸਿੰਘ ਐਮ.ਏ., ਸ਼ਮਸ਼ੇਰ ਸਰਾਂ, ਜਸਵੰਤ ਸਿੰਘ ਰੰਧਾਵਾ (ਇੰਡੀਆ), ਗਰਦੀਪ, ਰਵਿੰਦਰ ਵਿਰਦੀ ਸਮੇਤ ਆਏ ਸੌ ਤੋਂ ਵੱਧ ਸਾਹਿਤ ਪ੍ਰੇਮੀਆਂ ਦੇ ਹੱਥ ਵਿਚ ਕੁਲਵਿੰਦਰ ਦੀ ਪੁਸਤਕ ਫੜੀ ਹੋਈ ਸੀ।ਇਸ ਸਮੁੱਚੇ ਪ੍ਰੋਗਰਾਮ ਨੂੰ ਜਸਵੀਰ ਭੰਵਰਾ ਨੇ ਕੈਮਰਾ ਬੱਧ ਕੀਤਾ। ਇਹ ਸ਼ਾਨਦਾਰ ਵਿਚਾਰ ਚਰਚਾ ਅਤੇ ਲਾਜ ਨੀਲਮ ਸੈਣੀ ਦੀ ਪੇਸ਼ਕਾਰੀ ਅਜੇ ਤੱਕ ਚਰਚਾ ਵਿਚ ਹੈ।

 

Leave a Reply

Your email address will not be published. Required fields are marked *