ਸਿੱਧੂ ਮੂਸੇਵਾਲਾ ਕਤਲ ਕਾਂਡ: ਪੰਜਾਬ ਪੁਲੀਸ ਨੇ ਮੂਸੇਵਾਲਾ  ਦੇ ਕਤਲ ’ਚ ਸ਼ਾਮਲ 2 ਸ਼ੂਟਰਾਂ ਸਣੇ 4 ਦੋਸ਼ੀਆਂ ਦਾ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ  ਲਿਆ ਟਰਾਂਜ਼ਿਟ ਰਿਮਾਂਡ

ਚੰਡੀਗੜ/ਮਾਨਸਾ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਸਖਤ ਯਤਨਾਂ ਤੋਂ ਬਾਅਦ ਪੰਜਾਬ ਪੁਲਿਸ ਨੇ ਸੋਮਵਾਰ ਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋ ਸੂਟਰਾਂ ਸਮੇਤ ਚਾਰ ਵਿਅਕਤੀਆਂ ਦਾ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਪੁਲਿਸ ਨੇ ਪਿ੍ਰਆਬਰਤ ਉਰਫ ਫੌਜੀ (ਮੁੱਖ ਸ਼ੂਟਰ), ਕਸ਼ਿਸ਼ ਉਰਫ ਕੁਲਦੀਪ (ਸੂਟਰ), ਦੀਪਕ ਉਰਫ ਟੀਨੂੰ (ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਹਿਯੋਗੀ ਅਤੇ ਦਿੱਲੀ ਪੁਲਿਸ ਵਲੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਜਾਏ ਗਏ ) ਅਤੇ ਕੇਸ਼ਵ ਕੁਮਾਰ (ਮੁੱਖ ਸ਼ੂਟਰਾਂ ਨੂੰ ਵਾਹਨ ਮੁਹੱਈਆ ਕਰਵਾਉਣ ਅਤੇ ਫਰਾਰ ਕਰਾਉਣ ਵਿਚ ਮਦਦ ਕਰਨ ਵਾਲਾ ) ਦਾ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਹੈ।
ਜਿਕਰਯੋਗ ਹੈ ਕਿ ਵਿਸ਼ੇਸ਼ ਸਰਕਾਰੀ ਵਕੀਲ ਦੁਆਰਾ ਦੋਸ਼ੀ ਵਿਅਕਤੀਆਂ ਨੂੰ ਟਰਾਂਜਿਟ ਰਿਮਾਂਡ ’ ਤੇ ਲਿਆਉਣ ਲਈ ਐੱਫ.ਆਈ.ਆਰ. ਨੰ. 103/2022  ਤਹਿਤ ਸਿਟੀ ਵਨ ਮਾਨਸਾ ਵਲੋਂ ਅਰਜੀ ਦਾਇਰ ਕੀਤੀ ਗਈ ਸੀ।
ਮਾਣਯੋਗ ਕੋਰਟ  ਨੇ ਪਾਇਆ ਕਿ ਗ੍ਰਫਤਾਰ ਕੀਤੇ ਗਏ ਵਿਅਕਤੀਆਂ ਨੇ ਘਿਨਾਉਣਾ ਅਪਰਾਧ ਕੀਤਾ ਹੈ ਇਸ ਲਈ  ਮੁਲਜਮਾਂ ਦਾ ਇੱਕ ਦਿਨ ਦਾ ਟਰਾਂਜਿਟ ਰਿਮਾਂਡ ਪ੍ਰਵਾਨ ਕੀਤਾ ਜਾਂਦਾ ਹੈ ਤਾਂ ਜੋ ਦੋਸ਼ੀਆਂ ਨੂੰ ਸਬੰਧਤ ਕੋਰਟ ਅੱਗੇ ਜਲਦ ਤੋਂ ਜਲਦ ਪੇਸ਼ ਕੀਤਾ ਜਾ ਸਕੇ।
ਹੁਕਮਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ ਦੋਸ਼ੀ ਵਿਅਕਤੀਆਂ ਦੀ ਡਾਕਟਰੀ ਜਾਂਚ ਮਾਨਯੋਗ ਸੁਪਰੀਮ ਕੋਰਟ ਦੁਆਰਾ ਨਿਰਧਾਰਤ ਨਿਯਮਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤੀ ਜਾਵੇ। ਜੇਕਰ ਦੋਸ਼ੀ ਵਿਅਕਤੀਆਂ ਨੂੰ ਕਿਸੇ ਡਾਕਟਰੀ ਸਹੂਲਤ ਦੀ ਲੋੜ ਹੁੰਦੀ ਹੈ, ਤਾਂ ਤਫਤੀਸ਼ੀ ਅਫਸਰ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਦੋਸ਼ੀ ਵਿਅਕਤੀਆਂ ਨੂੰ ਸਮੇਂ ਦੇ ਅੰਦਰ-ਅੰਦਰ ਇਹ ਸਹੂਲਤ ਦਿੱਤੀ ਜਾਵੇ।
ਜ਼ਿਕਰਯੋਗ ਹੈ ਕਿ ਪੁਲਿਸ  ਰਿਕਾਰਡ ਸਮੇਤ  ਅਸਲ ਹੁਕਮ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ। ਤਿਹਾੜ ਅਤੇ ਰੋਹਿਣੀ ਦੇ ਜੇਲ ਸੁਪਰਡੈਂਟਾਂ ਨੂੰ ਵੀ ਉਪਰੋਕਤ ਮੁਲਜਮਾਂ ਦੀ ਹਿਰਾਸਤ ਆਈ.ਓ ਐਸ.ਪੀ ਧਰਮਵੀਰ ਸਿੰਘ/ਡੀ.ਐਸ.ਪੀ ਗੋਬਿੰਦਰ ਸਿੰਘ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਹਨ।

Leave a Reply

Your email address will not be published. Required fields are marked *