ਮੈਂ ਬਠਿੰਡੇ ਵਾਲਾ ਥਰਮਲ ਬੋਲਦਾਂ…ਇੰਜ. ਦਰਸ਼ਨ ਸਿੰਘ ਭੁੱਲਰ

ਤੁਸੀਂ ਭੁੱਲ ਗਏ ਹੋਵੋਂਗੇ ਮੈਂ ਨਹੀ। ਮੇਰੇ ਸਾਹ ਸੂਤਣ ਲਈ ‘ਬਿਜਲੀ ਖਰੀਦ ਸਮਝੌਤਿਆਂ’ ਦੀ ਦਿੱਤੀ ਜ਼ਹਿਰ ਅਸਰ ਦਿਖਾ ਰਹੀ ਸੀ। ਜਦੋਂ ਮੇਰੇ ਹਮਦਰਦ ਪੁਲ ਥੱਲੇ ਬੈਠੇ ਮੇਰੀ ਨਬਜ਼ ਟਟੋਲ ਰਹੇ ਸਨ, ਵੋਟਾਂ ਦੀ ਰੁੱਤ ਵਿਚ ਮੇਰੀਆਂ ਚਿਮਨੀਆਂ ਵਿਚੋਂ ਧੂੰਆਂ ਕੱਢਣ ਦੀ ਸਹੁੰ ਖਾਧੀ ਗਈ ਸੀ। ਮੈਨੂੰ ਤਾਂ ਪਤਾ ਸੀ, ਬਈ ਇਹ ਸਭ ਝੂਠੀਆਂ ਸਹੁੰਆਂ ਨੇ। ਆਹ ਦੇਖ ਲੋ, ਮੇਰੀਆਂ ਚਿਮਨੀਆਂ ਚੋਂ ਤਾਂ ਨਾ ਸਹੀ ਪਰ ਬਿਜਲੀ ਦੇ ਮੋਟੇ ਮੋਟੇ ਬਿਲਾਂ ਨੇ ਲੋਕਾਂ ਦੀਆਂ ਨਾਸਾਂ ਵਿਚੋਂ ਤਾਂ ਧੂੰਆਂ ਕੱਢ ਹੀ ਦਿੱਤਾ! ਹੁਣ ਇਨ੍ਹਾਂ ਚਿਮਨੀਆਂ ਤੇ ਬੁਲਡੋਜਰ ਫਿਰੂਗਾ। ਮੈਨੂੰ ਮੇਰੇ ਮਰਨ ਨਾਲੋਂ ਇਸ ਗੱਲ ਦਾ ਜ਼ਿਆਦਾ ਦੁੱਖ ਹੈ ਕਿ ਇਹ ਹੱਡ ਮਾਸ ਦੇ ਨਾਸ਼ਵਾਨ ਪੁਤਲੇ ਆਪਣੇ ਸੁਆਰਥਾਂ ਲਈ ਇੱਕ ਦੂਜੇ ਤੇ ਤਾਂ ਤੋਹਮਤਾਂ ਲਾਉਦੇ ਸੁਣੇ ਸੀ ਪਰ ਇਨ੍ਹਾਂ ਨੇ ਤਾਂ ਗਾਰੇ ਮਿੱਟੀ ਅਤੇ ਲੋਹੇ ਤੋਂ ਬਣੀਆਂ ਮੇਰੀਆਂ ਮਸ਼ੀਨਾਂ ਤੇ ਵੀ ਤੋਹਮਤਾਂ ਲਾ ਧਰੀਆਂ। ਲੋਕੋ! ਮੈਂ ਕਲੰਕੀ ਹੋ ਕੇ ਨਹੀਂ ਮਰਨਾ! ਮੈਂ ਗੁੰਗਾ ਨਹੀਂ, ਤੁਸੀਂ ਹੋਵੋਗੇ। ਮੈਂ ਬੋਲਾਂਗਾ। …

ਇਹ ਕਹਿੰਦੇ ਨੇ ਕਿ ਇਹ ਬੁੱਢਾ ਹੋ ਗਿਆ। ਹੋ ਤਾਂ ਮੈਂ ਗਿਆ ਪਰ ਕੇਂਦਰ ਸਰਕਾਰ ਨੇ ਵੱਡੇ ਮਹਾਂਰਥੀਆਂ ਤੋਂ ਸਲਾਹ ਮੰਗੀ ਕਿ ਘੱਟ ਪੈਸੇ ਖਰਚ ਕੇ ਬਿਜਲੀ ਉਤਪਾਦਨ ਕਿਵੇਂ ਵਧ ਸਕਦਾ। ਉਨ੍ਹਾਂ ਰਾਇ ਦਿੱਤੀ ਕਿ ਪੁਰਾਣੇ ਪਲਾਂਟਾਂ ’ਤੇ ਥੋੜ੍ਹੇ ਪੈਸੇ ਖਰਚ ਕੇ ਨਵੇਂ ਵਾਂਗ ਕੰਮ ਲਿਆ ਜਾ ਸਕਦਾ। ਇਸ ਸਕੀਮ ਨੂੰ ਐਕਸਲੇਰੇਟਡ ਜੈਨਰੇਸ਼ਨ ਅਤੇ ਪਾਵਰ ਸਪਲਾਈ ਕਿਹਾ ਗਿਆ। ਇਸ ਕੰਮ ਲਈ ਤੁਹਾਡੇ ਕੋਲੋਂ ਲਏ ਟੈਕਸਾਂ ਵਿਚੋਂ 750 ਕਰੋੜ ਰੁਪਏ ਖਰਚ ਕੇ ਮੇਰੇ ਸਾਰੇ ਅੰਗ ਨਵੇਂ ਨਕੋਰ ਕਰ ਦਿੱਤੇ ਸਨ। ਹੁਣ ਮੈਂ ਤੁਹਾਡੀ ਸੇਵਾ ਲਈ ਨੌ-ਬਰ-ਨੌ ਸੀ। ਮੈਨੂੰ ਪੁਨਰਜੀਵ ਕਰਨ ਵਾਲਿਆਂ ਨੇ ਮੇਰੀ ਕਾਰਗੁਜ਼ਾਰੀ ਨੂੰ ਚੈੱਕ ਕੀਤਾ, ਇਹ ਅੱਵਲ ਦਰਜੇ ਦੀ ਸੀ, ਆਸ ਤੋਂ ਵੀ ਵੱਧ।। ਮੇਰੇ ਪਹਿਲੇ ਯੂਨਿਟ 2025 ਅਤੇ ਅਗਲੇ ਦੋ 2030/31 ਤੱਕ ਚੱਲਣੇ ਸਨ। ਇਸ ਖੁਸ਼ੀ ਵਿਚ ਮੇਰਾ ਚਾਅ ਨਹੀ ਸੀ ਚੁੱਕਿਆ ਜਾਂਦਾ ਕਿ ਮੈਂ ਤੁਹਾਡੀ ਗਾੜ੍ਹੀ ਕਮਾਈ ਦਾ ਮੁੱਲ ਮੋੜੂੰਗਾ।

ਪਰ ਭਾਈ ਲੋਕੋ, ਇੰਨੇ ਵਿਚ ਮੇਰੇ ਸ਼ਰੀਕ ਜੰਮ ਪਏ; ਸ਼ਰੀਕ ਵੀ ਤਕੜੇ। ਲੋੜ ਤਾਂ ਸਿਰਫ 2000 ਮੈਗਾਵਾਟ ਦੀ ਸੀ ਅਤੇ ਸਕੀਮ ਬਣ ਗਈ 9280 ਮੈਗਾਵਾਟ ਦੀ। ਗਿੱਦੜਬਾਹਾ 2640 ਮੈਗਾਵਾਟ, ਗੋਬਿੰਦਪੁਰਾ 1320 ਮੈਗਾਵਾਟ, ਕੋਟਸ਼ਮੀਰ 1320 ਮੈਗਾਵਾਟ, ਤਲਵੰਡੀ ਸਾਬੋ 1980 ਮੈਗਾਵਾਟ, ਰਾਜਪੁਰਾ 1400 ਮੈਗਾਵਾਟ ਅਤੇ ਗੋਇੰਦਵਾਲ ਸਾਹਿਬ 540 ਮੈਗਾਵਾਟ! ਰੱਬ ਜਾਣੇ ਬਾਕੀਆਂ ਦਾ ਕੀ ਬਣਿਆ ਪਰ ਪਿਛਲੇ ਤਿੰਨ 3920 ਮੈਗਾਵਾਟ ਦੇ ਤਾਂ ਗੱਭਰੂ ਹੋ ਗਏ। ਰੱਬ ਜਾਣੇ ਉਨ੍ਹਾਂ ਨਾਲ ਕੀ ਅੱਟੀ-ਸੱਟੀ ਲੱਗੀ, ਉਹ ਦਿਨ ਰਾਤ ਚੱਲਣ ਲੱਗੇ ਪਰ ਮੇਰੀ ਵਾਰੀ ਤਾਂ ਲੰਗੇ-ਡੰਗ ਹੀ ਆਉਂਦੀ ਸੀ। 2011-12 ਵਿਚ ਮੈਂ 82.21% ਚੱਲਿਆ। ਸ਼ਰੀਕਾਂ ਨੇ ਪਤਾ ਨਹੀ ਸਰਕਾਰਾਂ ਦੇ ਸਿਰ ਵਿਚ ਕੀ ਘੋਲ ਕੇ ਪਾਇਆ, ਮੇਰੀ ਤਾਂ ਬਾਤ ਹੀ ਪੁੱਛਣੋਂ ਹਟ ਗਏ। ਦਸੰਬਰ 2017 ਤੱਕ ਤਾਂ ਮੇਰਾ ਚੱਲਣਾ ਘਟ ਕੇ 9.92% ਹੀ ਰਹਿ ਗਿਆ ਪਰ ਮੈਂ ਹਰ ਵਕਤ ਸਾਲ ਦੇ 365 ਦਿਨ 99.66% ਪੱਬਾਂ ਭਾਰ ਰਿਹਾ ਕਿ ਜਦੋਂ ਮਰਜ਼ੀ ਚਲਾ ਲਉ।

ਮੇਰੇ ਬੰਦ ਹੋਣ ਦੀ ਚੁੰਝ ਚਰਚਾ ਨੇ ਮੈਨੂੰ ਤਰੇਲੀਆਂ ਲਿਆ ਦਿੱਤੀਆਂ। ਮੇਰੇ ਹਮਦਰਦ ਮੇਰੇ ਗੇਟ ਤੇ ਇਕੱਠੇ ਹੋਣ ਲੱਗੇ। ਚੋਣਾਂ ਵੀ ਨੇੜੇ ਹੀ ਸਨ। ਫਸਲੀ ਬਟੇਰਿਆਂ ਵਾਂਗ ਵੋਟਾਂ ਬਟੋਰਨ ਵਾਲੇ ਵੀ ਮੇਰੇ ਗੇਟ ਤੇ ਇਕੱਠੇ ਹੋਏ ਹਮਦਰਦੀਆਂ ਵਿਚ ਬੈਠਣ ਲੱਗੇ। ਮੈਂ ਗੱਲ ਸ਼ੁਰੂ ਕਰਨ ਵੇਲੇ ਤੁਹਾਨੂੰ ਦੱਸ ਹੀ ਦਿੱਤਾ ਕਿ ਮੇਰੀਆਂ ਚਿਮਨੀਆਂ ਵਿਚੋਂ ਧੂੰਆਂ ਕੱਢਣ ਦੀ ਸਹੁੰ ਖਾਧੀ ਗਈ। ਉਹ ਸੱਚੀ-ਮੁੱਚੀ ਸਹੁੰ ਖਾ ਗਏ ਜਦੋਂ ‘ਉੱਚ ਪੱਧਰੀ ਕਮੇਟੀ’ ਨੇ ਮੇਰੀ ਮੌਤ ਦੇ ਫਰਮਾਨ ਤੇ ਮੋਹਰ ਲਾਈ। 2018 ਦੇ ਪਹਿਲੇ ਹੀ ਦਿਨ ਨਵੇਂ ਸਾਲ ਦੇ ਤੋਹਫੇ ਵਜੋਂ ਮੇਰੇ ਗੇਟ ਬੰਦ ਕਰ ਦਿੱਤੇ। ਮੇਰੇ ਤੇ ਬੜੇ ਇਲਜ਼ਾਮ ਲਾਏ ਗਏ। ਕਿਹਾ ਗਿਆ ਕਿ ਇਹਦੀ ਬਿਜਲੀ ਤਾਂ 13 ਰੁਪਏ ਯੂਨਿਟ ਪੈਂਦੀ ਹੈ।

ਮੇਰੇ ਹਮਦਰਦੀਆਂ ਨੇ ਫਿਰ ਹੋਰ ਹੱਥ-ਪੈਰ ਮਾਰੇ ਕਿ ਕੋਈ ਕੋਈ ਮੋੜਾ ਪੈ ਜਾਵੇ। ਮੇਰੀ ਥਾਂ ਕੋਈ ਹੋਰ ਬੂਟਾ ਲੱਗ ਜਾਵੇ। ਮੇਰੀ ਰਾਖ ਵਾਲੀ ਥਾਂ ਤੇ 100 ਮੈਗਾਵਾਟ ਦਾ ਸੂਰਜੀ ਪਲਾਂਟ ਲਾਉਣ ਦੀ ਸਕੀਮ ਬਣਾਈ ਗਈ। ਬੜੀ ਸਸਤੀ ਬਿਜਲੀ। ਕੇਵਲ 2.25 ਰੁਪਏ ਪ੍ਰਤੀ ਯੂਨਿਟ ਮਿਲਣੀ ਸੀ। ਇਹ ਸਕੀਮ ਸਿਰੇ ਨਾ ਲੱਗੀ ਕਿਉਂਕਿ ਇਨ੍ਹਾਂ ਨੂੰ ਤਾਂ 8 ਰੁਪਏ ਪ੍ਰਤੀ ਯੂਨਿਟ ਵਾਲੀ ਸੁਆਦ ਲੱਗਦੀ। ਮੇਰੇ ਹਮਦਰਦ ਫਿਰ ਨਹੀਂ ਟਿਕੇ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਅਰਾਮ ਨਹੀ ਬਹਿੰਦੇ। ਫਿਰ ਮੈਨੂੰ ਝੋਨੇ ਦੀ ਪਰਾਲੀ ਤੇ ਚਲਾਉਣ ਦੀ ਸਕੀਮ ਬਣਾਈ ਗਈ। ਚਾਰ ਲੱਖ ਟਨ ਪਰਾਲੀ ਬਾਲ ਕੇ 60 ਮੈਗਾਵਾਟ ਬਿਜਲੀ ਦੇਣੀ ਸੀ। ਕਿਸਾਨਾਂ ਤੋਂ ਮੈਂ 1.30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਰਾਲੀ ਖਰੀਦਣੀ ਸੀ। ਕਟਾਈ ਦਾ ਖਰਚਾ ਕੱਢ ਕੇ ਘੱਟੋ-ਘੱਟ 1000 ਰੁਪਏ ਪ੍ਰਤੀ ਏਕੜ ਬਣਦਾ ਕਿਸਾਨਾਂ ਨੂੰ। ਇਹਦੀ ਬਿਜਲੀ ਦੀ ਕੀਮਤ ਵੀ 4 ਰੁਪਏ ਪ੍ਰਤੀ ਯੂਨਿਟ ਬਣਦੀ ਸੀ ਜਦੋਂ ਕਿ ਸਰਕਾਰ ਪਰਾਲੀ ਵਾਲੀ ਬਿਜਲੀ 8.16 ਰੁਪਏ ਪ੍ਰਤੀ ਯੂਨਿਟ ਤੇ ਸਲਾਨਾ 5% ਦੇ ਵਾਧੇ ਨਾਲ ਖਰੀਦ ਰਹੀ ਹੈ। ਪਲਾਂਟ ਤੇ ਖਰਚਾ ਵੀ ਸਿਰਫ 150 ਕਰੋੜ ਹੀ ਆਉਣਾ ਸੀ ਜਦੋਂ ਕਿ ਅਜਿਹੇ ਨਵੇਂ ਪਲਾਂਟ ਤੇ ਖਰਚਾ ਤਕਰੀਬਨ 500 ਕਰੋੜ ਰੁਪਏ ਆਉਂਦਾ। ਨਾਲੇ ਬਠਿੰਡੇ ਦੇ ਆਲੇ-ਦੁਆਲੇ ਦੇ 40 ਪਿੰਡਾਂ ਦੀ ਪਰਾਲੀ ਫੂਕਣ ਦੀ ਸਮੱਸਿਆ ਤੋਂ ਨਿਜਾਤ ਮਿਲਣੀ ਸੀ। ਇਹ ਸਕੀਮ ਬਿਜਲੀ ਮਹਿਕਮੇ ਦੇ ਪ੍ਰਬੰਧਕਾਂ ਅਤੇ ਪੰਜਾਬ ਸਰਕਾਰ ਦੇ ਚੰਗੀ ਸੋਚ ਰੱਖਣ ਵਾਲੇ ਅਫਸਰਾਂ ਨੂੰ ਵੀ ਬੜੀ ਪਸੰਦ ਆਈ। ਉਨ੍ਹਾਂ ਨੇ ਇਸ ਤੇ ਸਹੀ ਪਾ ਕੇ ਸਰਕਾਰ ਦੀ ਸਹਿਮਤੀ ਲਈ ਭੇਜ ਦਿੱਤਾ ਪਰ ਜਿਨ੍ਹਾਂ ਦੇ ਮਨ ਖੋਟੇ ਹੋਣ, ਉਹ ਕਿੱਥੇ ਪਰਾਂ ਤੇ ਪਾਣੀ ਪੈਣ ਦਿੰਦੇ ਆ। ਰੱਬ ਜਾਣੇ ਇਹ ਸਕੀਮ ਕਿਹੜੀ ਰੱਦੀ ਦੀ ਟੋਕਰੀ ਵਿਚ ਪਾਈ, ਬੱਸ ਭਾਫ ਨਹੀਂ ਨਿਕਲਣ ਦਿੱਤੀ।

ਦੋ ਸਾਲ ਬੀਤ ਗਏ ਸੀ। ਰੱਬ ਜਾਣੇ ਕੀ ਹੌਲ ਉਠਿਆ; ਜੂਨ ਦੇ ਤਿੰਨ ਹਫਤੇ ਬੀਤੇ ਨਹੀਂ, ਮੈਂ ਸੁਣਿਆਂ ਕਿਸੇ ਕੈਬਨਿਟ ਕਮੇਟੀ ਨੇ ਮੇਰੇ ਤੇ ਬਲਡੋਜਰ ਫੇਰਨ ਤੇ ਸਹੀ ਪਾ ਦਿੱਤੀ ਹੈ। ਲੋਕੋ! ਇਹ ਕਮੇਟੀ ਤਾਂ ਹੱਡ ਮਾਸ ਦੇ ਪੁਤਲਿਆਂ ਦੀ ਹੀ ਹੋਵੇਗੀ। ਇਹਦੇ ਦਿਲ ਤੇ ਦਿਮਾਗ ਵੀ ਹੋਊ। ਮੈਂ ਤਾਂ ਸੀਮਿੰਟ ਅਤੇ ਲੋਹੇ ਦਾ ਬਣ ਕੇ ਵੀ ਸੋਚ ਰਿਹਾ ਹਾਂ! ਇਹ ਸਰਕਾਰਾਂ ਬੱਚੇ ਖਾਣੀ ਸੱਪਣੀ ਵਾਂਗ ਆਪਣੇ ਹੀ ਅਸਾਸੇ ਕਿਉਂ ਢਾਹ-ਖਾ ਰਹੀਆਂ ਹਨ। ਸੋਚਦੇ ਤੁਸੀਂ ਵੀ ਹੋਵੋਗੇ ਪਰ ਤੁਸੀਂ ਆਦੀ ਹੋ ਗਏ ਹੋ। ਨਾਲੇ ਤੁਹਾਨੂੰ ਕਾਹਦੀ ਫਿਕਰ, ਤੁਸੀਂ ਅਮਰੀਕਾ-ਕੈਨੇਡਾ ਚਲੇ ਜਾਣਾਂ! ਫਿਰ ਹੁਣ ਮੈਂ ਤਾਂ ਇਸੇ ਮਿੱਟੀ ਵਿਚ ਮਿਲੂੰ ਪਰ ਮੈਨੂੰ ਚੈਨ ਨਾਲ ਮਰਨ ਵੀ ਨਹੀਂ ਦਿੱਤਾ ਜਾ ਰਿਹਾ। ਪਹਿਲਾਂ ਕਹਿੰਦੇ ਸੀ ਮੇਰੀ ਬਿਜਲੀ 13 ਰੁਪਏ ਪੈਂਦੀ ਹੈ। ਕੱਲ੍ਹ ਪਰਸੋਂ ਕਹਿੰਦੇ 7.70 ਰੁਪਏ ਪੈਂਦੀ ਹੈ। ਆਹ ਅੱਜ ਕੱਲ੍ਹ ਹੀ 11 ਰੁਪਏ ਕਹੀ ਜਾਂਦੇ ਆ। ‘ਜਿੰਨੇ ਮੂੰਹ, ਓਨੀਆਂ ਗੱਲਾਂ’ ਵਾਲੀ ਕਹਾਵਤ ਨੂੰ ਵੀ ਮਾਤ ਪਾ ਦਿੱਤਾ।

ਗੱਲ ਭਾਵੇਂ ਲੰਮੀ ਹੋ ਗਈ … ਮੇਰੇ ਵੱਲ ਪਿੱਠ ਨਾ ਕਰੋ, ਮੈਨੂੰ ਕਿਹੜਾ ਕਰੋਨਾ ਹੋਇਆ। ਮੇਰੀ ਪੂਰੀ ਗੱਲ ਸੁਣੋ। ਨਾਲੇ ਮਰਨ ਵੇਲੇ ਬੰਦਾ ਝੂਠ ਨਹੀਂ ਬੋਲਦਾ। ਮੇਰੀ ਬਿਜਲੀ ਨਾ 13, ਨਾ 7.70 ਅਤੇ ਨਾ 11 ਰੁਪਏ ਪੈਂਦੀ ਹੈ। ਜੇ ਮੈਨੂੰ 85% ਲੋਡ ਤੇ ਚਲਾਇਆ ਜਾਵੇ ਤਾਂ ਮੇਰੀ ਬਿਜਲੀ 4.61 ਰੁਪਏ ਪੈਂਦੀ ਹੈ। ਪੰਜਾਬ ਦੀ ਔਸਤ ਖਰੀਦ ਦਰ 4.60 ਰੁਪਏ ਪ੍ਰਤੀ ਯੂਨਿਟ ਹੈ ਜਦੋਂ ਕਿ ਭਾਰਤ ਦੀ ਔਸਤ ਖਰੀਦ ਦਰ 3.68 ਰੁਪਏ ਹੈ। ਹੋਰ ਸੁਣ ਲਓ। ਪੰਜਾਬ ਦੇ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਔਸਤ ਖਰੀਦ ਦਰ ਪੈਂਦੀ ਹੈ 5 ਰੁਪਏ ਤੋਂ ਉੱਪਰ। ਫਿਰ ਮੇਰੀ ਬਿਜਲੀ ਮਹਿੰਗੀ ਕਿਵੇਂ ਹੋ ਗਈ? ਹੋਰ ਸੁਣ ਲਓ। ਜੇ ਮੈਨੂੰ ਪਿਛਵਾੜਾ ਖਾਣ ਦੇ ਵਧੀਆ ਕੋਲੇ ਨਾਲ ਚਲਾਉਦੇ ਤਾਂ ਮੈਂ ਹੋਰ ਵੀ ਸਸਤੀ ਬਿਜਲੀ ਦੇਣੀ ਸੀ। ਗੱਲ ਹੋਰ ਪਾਸੇ ਨਾ ਤੁਰ ਜਾਏ … ਕਹਾਵਤ ਹੈ, ਕੋਲਿਆਂ ਦੀ ਦਲਾਲੀ ਵਿਚ ਮੂੰਹ ਕਾਲਾ। ਇਹ ਖਾਣ ਵੀ ਕਈਆਂ ਦੇ ਮੂੰਹ ਕਾਲੇ ਕਰੀ ਗਈ ਪਰ ਚੱਲੀ ਨਹੀਂ। ਗੱਲ ਮੁਕਾਓ, ਮੇਰੀ ਕਾਰਗੁਜ਼ਾਰੀ ਭੋਰਾ ਭਰ ਵੀ ਮਾੜੀ ਨਹੀਂ ਬਲਕਿ ਮੈਂ ਤਾਂ ਇਨਾਮ ਜਿੱਤਦਾ ਰਿਹਾਂ। ਦਫਤਰ ਜਾ ਕੇ ਦੇਖੋ। ਟਰਾਫੀਆਂ ਤੇ ਸ਼ੀਲਡਾਂ ਨਾਲ ਭਰਿਆ ਪਿਆ। ਯਕੀਨ ਕਰਿਓ ਤੇ ਹੈਰਾਨ ਨਾ ਹੋਇਓ, ਮੈਂ 2017 ਵਿਚ ਊਰਜਾ ਬੱਚਤ ਲਈ ਇਨਾਮ ਦਾ ਹੱਕਦਾਰ ਸੀ!

ਭੋਲੇ ਲੋਕਾਂ ਨੂੰ ਉਦਯੋਗਿਕ ਖੇਤਰ, ਸੋਹਣੇ ਮਾਲ ਅਤੇ ਪਤਾ ਨਹੀਂ ਹੋਰ ਕੀ ਕੀ ਸਬਜ਼ ਬਾਗ ਦਿਖਾਏ ਜਾ ਰਹੇ ਨੇ। ਉਨ੍ਹਾਂ ਨੂੰ ਦਿਸਦਾ ਨਹੀਂ ਸ਼ਾਇਦ, ਉਨ੍ਹਾਂ ਦੇ ਕੱਦ ਛੋਟੇ ਨੇ ਪਰ ਮੇਰੀ ਉੱਚੀ ਚਿਮਨੀ ਸਾਰਾ ਕੁਝ ਦੇਖ ਸਕਦੀ ਹੈ। ਮੇਰੇ ਸੱਜੇ ਪਾਸੇ ਵਾਲਾ ਮਾਲ ਬੰਦ ਹੋ ਗਿਆ ਤੇ ਖੱਬੇ ਪਾਸੇ ਵਾਲੇ ਦੀਆਂ ਦੁਕਾਨਾਂ ਅੱਧੋਂ ਵੱਧ ਖਾਲੀ ਨੇ। ਅਹੁ ਦੂਰ ਖੱਬੇ ਉਦਯੋਗਿਕ ਏਰੀਏ ਵਿਚ ਕਿੰਨੇ ਪਲਾਟ ਖਾਲੀ ਪਏ ਨੇ। ਮੈਨੂੰ ਤਾਂ ਸਾਰਾ ਪੰਜਾਬ ਦੀਹਦਾ, ਉਜੜੇ ਬਾਗਾਂ ਦੇ ਗਾਲ੍ਹੜ ਪਟਵਾਰੀ ਬਣਨਗੇ।

ਮੈਂ ਨਿਰਾ-ਪੁਰਾ ਸੀਮਿੰਟ-ਲੋਹੇ ਦਾ ਪੁਤਲਾ ਨਾ ਹੋ ਕੇ ਤੁਹਾਡੇ ਸਾਹਿਤ ਦਾ ਹਿੱਸਾ ਵੀ ਬਣ ਗਿਆ ਸਾਂ। ਮੇਰੀਆਂ ਝੀਲਾਂ ਦੇ ਆਲੇ ਦੁਆਲੇ ਤਾਂ ਮੁਟਿਆਰਾਂ ਕੋਠੀ ਪਾਉਣ ਲਈ ਆਪਣੇ ਕੰਤਾਂ ਦੀਆਂ ਮਿੰਨਤਾਂ ਕਰਦੀਆਂ ਸਨ। ਤੁਹਾਡੇ ਬਲਵੰਤ ਗਾਰਗੀ ਨੇ ਤਾਂ ਮੈਨੂੰ ‘ਰੱਬ ਦਾ ਘੱਗਰਾ’ ਕਹਿ ਕੇ ਮਾਣ ਬਖਸ਼ਿਆ ਸੀ। ਇਨ੍ਹਾਂ ਨੂੰ ਇਸ ‘ਰੱਬ ਦੇ ਘੱਗਰੇ’ ਨੂੰ ਲਾਹੁਣ ਲੱਗਿਆ ਭੋਰਾ-ਭਰ ਵੀ ਸ਼ਰਮ ਨਹੀਂ ਆਈ। ਆਖਰ ਮੇਰੇ ਹਮਦਰਦੀਆਂ ਨੇ ਇਹ ਵੀ ਵਾਸਤਾ ਪਾਇਆ ਕਿ ਇਹ ਪੰਜਾਬ ਦਾ ਪਲੇਠਾ ਥਰਮਲ ਪਹਿਲੇ ਗੁਰੂ ਨਾਨਕ ਜੀ ਦੇ ਪੰਜ ਸੌ ਸਾਲੇ ਆਗਮਨ ਪੂਰਵ ਤੇ ਉਸਰਿਆ ਸੀ। ਤੁਸੀਂ ਇਸ ਨੂੰ ਢਾਹੁਣ ਦਾ ਜ਼ੁਲਮ ਗੁਰੂ ਦੇ 550ਵੇਂ ਆਗਮਨ ਤੇ ਕਿਉਂ ਕਰ ਰਹੇ ਹੋ? ਨਿਸ਼ਾਨੀ ਰੱਖ ਲਓ ਪਰ ਮੈਂ ਇਨ੍ਹਾਂ ਨੂੰ ਕਿਹਾ- ਭੋਲਿਓ ਜਿਨ੍ਹਾਂ ਨੇ ਗੁਰੂ ਦੀ ਬਾਣੀ ਦੇ ਸਬਕ ਪਾੜਨ ਦੀ ਗੱਲ ਘੱਟੇ ਰੋਲ ਦਿੱਤੀ, ਉਨ੍ਹਾਂ ਵਾਸਤੇ ਮੈਂ ਥਰਮਲ ਕਿਹੜੇ ਬਾਗ ਦੀ ਮੂਲੀ ਆਂ। ਚੰਗਾ ਫਿਰ ਰੱਬ ਰਾਖਾ!

*ਸਾਬਕਾ ਉੱਪ-ਮੁੱਖ ਇੰਜੀਨੀਅਰ, ਪੀਐੱਸਪੀਸੀਐਲ।

ਸੰਪਰਕ: 94174-28643

Leave a Reply

Your email address will not be published. Required fields are marked *