ਭਗਵੰਤ ਮਾਨ ਦਾ ਵਿਆਹ ਕੱਲ੍ਹ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵਿਆਹ ਕਰਵਾਉਣ ਜਾ ਰਹੇ ਹਨ। ਮੁੱਖ ਮੰਤਰੀ ਕੱਲ੍ਹ ਵੀਰਵਾਰ ਨੂੰ ਵਿਆਹ ਦੇ ਬੰਧਨ ਵਿਚ ਬੱਝਣਗੇ। ਮਿਲੀ ਜਾਣਕਾਰੀ ਮੁਤਾਬਕ ਡਾ. ਗੁਰਪ੍ਰੀਤ ਕੌਰ ਨਾਲ ਮੁੱਖ ਮੰਤਰੀ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਵਿਆਹ ਦੀਆਂ ਰਸਮਾਂ ਤੋਂ ਮਹਿਜ਼ ਇਕ ਦਿਨ ਪਹਿਲਾਂ ਹੀ ਇਸ ਦਾ ਐਲਾਨ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਗਵੰਤ ਮਾਨ ਦੀ ਮਾਂ ਅਤੇ ਭੈਣ ਨੇ ਹੀ ਉਨ੍ਹਾਂ ਲਈ ਇਹ ਰਿਸ਼ਤਾ ਲੱਭਿਆ ਹੈ, ਜਿਸ ਨੂੰ 7 ਜੁਲਾਈ ਨੂੰ ਵਿਆਹ ਦਾ ਰੂਪ ਦੇ ਦਿੱਤਾ ਜਾਵੇਗਾ। ਇਥੇ ਇਹ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਹ ਦੂਜਾ ਵਿਆਹ ਹੈ। ਉਨ੍ਹਾਂ ਦਾ 6 ਸਾਲ ਪਹਿਲਾਂ 2015 ਵਿਚ ਤਲਾਕ ਹੋ ਗਿਆ ਸੀ। ਪਹਿਲੇ ਵਿਆਹ ਵਿਚ ਮਾਨ ਦੇ ਦੋ ਬੱਚੇ ਹਨ, ਜਿਹੜੇ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿਚ ਵੀ ਸ਼ਾਮਲ ਹੋਏ ਸਨ। ਤਲਾਕ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ ਬੱਚੇ ਅਮਰੀਕਾ ਚਲੇ ਗਏ ਸਨ।

ਦਰਅਸਲ ਪਹਿਲੀ ਪਤਨੀ ਨਾਲ ਭਗਵੰਤ ਮਾਨ ਦਾ 2015 ਵਿਚ ਤਲਾਕ ਹੋ ਗਿਆ ਸੀ। ਜਿਸ ਦੇ ਚੱਲਦੇ ਹੁਣ ਉਹ ਦੂਜਾ ਵਿਆਹ ਕਰਵਾਉਣ ਜਾ ਰਹੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਭਗਵੰਤ ਮਾਨ ਦੇ ਵਿਆਹ ਵਿਚ ਪਹੁੰਚ ਕੇ ਉਨ੍ਹਾਂ ਨੂੰ ਅਸ਼ੀਰਵਾਦ ਦੇਣਗੇ।

ਭਗਵੰਤ ਮਾਨ ਦਾ ਵਿਆਹ ਸਿੱਖ ਰੀਤੀ-ਰਿਵਾਜ਼ਾਂ ਅਨੁਸਾਰ ਹੋਵੇਗਾ, ਜਿਸ ਨੂੰ ਮੁੱਖ ਰੱਖਦਿਆਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਮੁੱਖ ਮੰਤਰੀ ਵਿਆਹ ਦਾ ਖਰਚਾ ਖੁਦ ਚੁੱਕ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਮਾਨ ਦੇ ਵਿਆਹ ਦੀਆਂ ਤਿਆਰੀਆਂ ਦੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਸਿਰ ਹੈ। ਰਾਘਵ ਚੱਢਾ ਖੁਦ ਸਾਰੀਆਂ ਤਿਆਰੀਆਂ ਕਰ ਰਹੇ ਹਨ। ਪਤਾ ਲੱਗਾ ਹੈ ਕਿ ਮਾਨ ਦੇ ਵਿਆਹ ਵਿਚ ਰਿਸ਼ਤੇਦਾਰਾਂ ਤੋਂ ਇਲਾਵਾ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਪਰਿਵਾਰ ਸਮੇਤ ਸ਼ਾਮਲ ਹੋ ਸਕਦੇ ਹਨ। ਇਸ ਤੋਂ ਇਲਾਵਾ ਸਮੁੱਚੀ ਕੈਬਨਿਟ ਅਤੇ ਕਰੀਬੀ ਦੋਸਤ ਵੀ ਇਸ ਵਿਆਹ ਵਿਚ ਸ਼ਿਰਕਤ ਕਰ ਸਕਦੇ ਹਨ।

 

Leave a Reply

Your email address will not be published. Required fields are marked *